ਖਡੂਰ ਸਾਹਿਬ (ਖਹਿਰਾ,ਗਿੱਲ)-ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਜਿਥੇ ਪ੍ਰਦੂਸ਼ਣ ਅਤੇ ਦੂਸ਼ਿਤ ਪਾਣੀ ਦਾ ਮਸਲਾ ਪ੍ਰਮੁੱਖਤਾ ਨਾਲ ਉਭਰ ਕੇ ਸਾਹਮਣੇ ਆਇਆ ਹੈ, ਉਥੇ ਲੋਕ ਵੀ ਹੁਣ ਇਸ ਪ੍ਰਤੀ ਜਾਗਰੂਕ ਹੁੰਦੇ ਨਜ਼ਰ ਆ ਰਹੇ ਹਨ। ਅੱਜ ਖਡੂਰ ਸਾਹਿਬ ਦੇ ਨਜ਼ਦੀਕ ਟਮਾਟਰਾਂ ਦੀ ਚਟਨੀ ਤਿਆਰ ਕਰਨ ਵਾਲੀ ਇਕ ਫੈਕਟਰੀ ਖਿਲਾਫ ਅੱਜ ਫੈਕਟਰੀ ਦੇ ਆਸ-ਪਾਸ ਦੇ ਘਰਾਂ 'ਚ ਰਹਿੰਦੇ ਲੋਕਾਂ ਨੇ ਲਾਮਬੰਦ ਹੋ ਕੇ ਫੈਕਟਰੀ ਦੇ ਗੇਟ ਅੱਗੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੀ ਟੀਮ ਨੂੰ ਦੱਸਿਆ ਕਿ ਫੈਕਟਰੀ ਦੇ ਪ੍ਰਬੰਧਕ ਫੈਕਟਰੀ 'ਚੋਂ ਬਦਬੂ ਮਾਰਦਾ ਗੰਦਾ ਪਾਣੀ ਫੈਕਟਰੀ ਦੇ ਬਿਲਕੁੱਲ ਸਾਹਮਣੇ ਨਿਕਾਸੀ ਨਾਲੇ 'ਚ ਪਾਇਆ ਜਾ ਰਿਹਾ ਹੈ। ਜਿਸ ਕਾਰਨ ਨਾਲੇ ਦੇ ਪਾਣੀ 'ਚੋਂ ਬਹੁਤ ਗੰਦੀ ਬਦਬੂ ਪੈਦਾ ਹੋ ਰਹੀ ਹੈ ਤੇ ਨਾਲੇ ਦਾ ਪਾਣੀ ਜਹਿਰੀਲਾ ਹੋਣ ਕਾਰਨ ਸਾਰਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਨੇ ਫੈਕਟਰੀ ਵਾਲਿਆਂ ਵਲੋਂ ਸੜਕ ਹੇਠੋਂ ਨਿਕਾਸੀ ਨਾਲੇ 'ਚ ਪਾਏ ਹੋਏ ਪੋਰੇ ਦਿਖਾਉਂਦਿਆਂ ਦੋਸ਼ ਲਗਾਇਆ ਕਿ ਉਕਤ ਫੈਕਟਰੀ ਮਾਲਕ ਗੰਦਾ ਪਾਣੀ ਇਨ੍ਹਾਂ ਪੋਰਿਆਂ ਰਾਹੀਂ ਨਾਲੇ 'ਚ ਲਗਾਤਾਰ ਸੁੱਟ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਫੈਕਟਰੀ ਨੂੰ ਟਮਾਟਰ ਲੈ ਕੇ ਆਉਣ ਵਾਲੀਆਂ ਟਰੈਕਟਰ ਟਰਾਲੀਆਂ ਸੜਕ ਉਪਰ ਖੜੀਆਂ ਰਹਿੰਦੀਆਂ ਹਨ, ਜਿਸ ਕਾਰਣ ਸੜਕ ਬੰਦ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਆਉਣ ਜਾਣ 'ਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ 'ਚੋਂ ਆÀੁਂਦੀ ਟਮਾਟਰਾਂ ਦੀ ਬੇਹੱਦ ਗੰਦੀ ਬਦਬੂ ਕਾਰਨ ਆਪ-ਪਾਸ ਦੇ ਘਰਾਂ ਦੇ ਲੋਕਾਂ ਦਾ ਰਹਿਣਾ ਮੁਹਾਲ ਹੋਇਆ ਪਿਆ ਹੈ। ਉਹ ਬਦਬੂ ਕਾਰਨ ਖਾਣ-ਪੀਣ ਤੋਂ ਵੀ ਅਸਮਰੱਥ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਪਾਸੋਂ ਮੰਗ ਕੀਤੀ ਕਿ ਇਸ ਫੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੇ ਬਦਬੂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ । ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਫੈਕਟਰੀ ਦਾ ਪਾਣੀ ਪੈਣ ਕਾਰਨ ਨਿਕਾਸੀ ਨਾਲੇ ਦੇ ਪਾਣੀ ਦਾ ਪੱਧਰ ਵੀ ਕਾਫੀ ਵੱਧ ਗਿਆ ਹੈ ਤੇ ਪਾਣੀ ਜ਼ਹਿਰੀਲਾ ਹੋ ਗਿਆ ਹੈ । ਇਸ ਮੌਕੇ ਪੁਲਸ ਚੌਕੀ ਖਡੂਰ ਸਾਹਿਬ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਜਾ ਕੇ ਪੜਤਾਲ ਕੀਤੀ ਅਤੇ ਫੈਕਟਰੀ ਪ੍ਰਬੰਧਕਾਂ ਨੂੰ ਲੋਕਾਂ ਨਾਲ ਫੈਸਲਾ ਕਰਨ ਲਈ ਪੁਲਸ ਚੌਕੀ ਆਉਣ ਲਈ ਕਿਹਾ। ਇਸ ਮੌਕੇ ਰਣਜੀਤ ਸਿੰਘ,ਪਾਲ ਸਿੰਘ,ਗੁਰਪ੍ਰੀਤ ਸਿੰਘ,ਸੁਰਜੀਤ ਸਿੰਘ,ਬਹਾਲ ਸਿੰਘ ਸ਼ਾਹ,ਦਲਬੀਰ ਸਿੰਘ,ਪ੍ਰੇਮ ਸਿੰਘ,ਜਿੰਦਰ ਸਿੰਘ ਆਦਿ ਨੇ ਫੌਰੀ ਰਾਹਤ ਦੀ ਮੰਗ ਕਰਦਿਆਂ ਫੈਕਟਰੀ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ, ਜੋ ਖਬਰ ਲਿਖੇ ਜਾਣ ਤੱਕ ਜਾਰੀ ਸੀ।
ਇਸ ਸਬੰਧ 'ਚ ਫੈਕਟਰੀ ਦੇ ਸੀਨੀਅਰ ਅਧਿਕਾਰੀ ਜੇ.ਪੀ. ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੈਕਟਰੀ ਅੰਦਰ ਟਰੀਟਮੈਂਟ ਪਲਾਂਟ ਲੱਗਾ ਹੋਇਆ ਹੈ। ਇਸ 'ਚਂੋ ਸੋਧਿਆ ਹੋਇਆ ਪਾਣੀ ਇਕ ਕਿਲੋਮੀਟਰ ਦੂਰ ਪਾਈਪ ਲਾਇਨ ਰਾਂਹੀ ਉਨ੍ਹਾਂ ਵੱਲੋ ਲਈ ਗਈ ਤਿੰਨ ਏਕੜ ਜ਼ਮੀਨ 'ਚ ਪਾਇਆ ਜਾਂਦਾ ਹੈ, ਜਿੱਥੇ ਪ੍ਰਦੂਸ਼ਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਫੈਦੇ ਦੇ ਰੁੱਖ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਨਿਕਾਸੀ ਨਾਲੇ 'ਚ ਸਿਰਫ ਬਰਸਾਤੀ ਪਾਣੀ ਹੀ ਪਾਇਆ ਜਾਂਦਾ ਹੈ। ਕਿਸਾਨਾਂ ਵਲੋਂ ਟਰਾਲੀਆਂ 'ਚ ਲਿਆਂਦੇ ਜਾਂਦੇ ਟਮਾਟਰਾਂ ਦਾ ਪਾਣੀ ਗਰਮੀ ਕਰਕੇ ਵਗਣ ਕਾਰਨ ਹੀ ਇਹ ਬਦਬੂ ਪੈਦਾ ਹੁੰਦੀ ਹੈ।
ਜ਼ਹਿਰੀਲੀ ਦਵਾਈ ਖਾਣ ਨਾਲ ਨੌਜਵਾਨ ਦੀ ਮੌਤ
NEXT STORY