ਚੰਡੀਗੜ੍ਹ : ਸੂਬੇ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਗਿਣਤੀ 38 ਹੋ ਗਈ ਹੈ, ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦਿਹਾਤੀ, ਬਟਾਲਾ ਅਤੇ ਤਰਨ ਤਾਰਨ ਜ਼ਿਲਿਆਂ ਤੋਂ ਸ਼ਰਾਬ ਦੀ ਤਸਕਰੀ ਕਰਨ ਵਾਲੇ ਸੱਤ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਪੰਜ ਟੀਮਾਂ ਵੱਲੋਂ 40 ਤੋਂ ਵੱਧ ਛਾਪੇ ਮਾਰੇ ਗਏ। ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮੱਦੇਨਜ਼ਰ ਹੁਣ ਤੱਕ ਫੜੇ ਗਏ ਵਿਅਕਤੀਆਂ ਦੀ ਗਿਣਤੀ ਅੱਠ ਹੋ ਗਈ ਹੈ, ਜਿਨ੍ਹਾਂ 'ਚ ਬਲਵਿੰਦਰ ਕੌਰ ਵੀ ਸ਼ਾਮਲ ਹੈ, ਜਿਸ ਨੂੰ ਬੀਤੀ ਰਾਤ ਮੁਛਲ ਪਿੰਡ, ਥਾਣਾ ਤਰਸਿੱਕਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ, ਡਰੱਮ, ਸਟੋਰੇਜ਼ ਕੈਨ ਆਦਿ ਬਰਾਮਦ ਕੀਤੇ ਗਏ ਹਨ ਅਤੇ ਉਕਤ ਸ਼ਰਾਬ ਨੂੰ ਜਾਂਚ ਕਰਨ ਹਿਤ ਰਸਾਇਣਕ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਛਾਪੇਮਾਰੀ ਜਾਰੀ ਹੈ ਅਤੇ ਪੁਲਸ ਟੀਮਾਂ ਇਸ ਖੇਤਰ ਵਿਚ ਸ਼ਰੇਆਮ ਚੱਲ ਰਹੇ ਸ਼ਰਾਬ ਮਾਫੀਆ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਸਬੰਧਤ ਮਾਮਲੇ ਵਿਚ ਸ਼ਾਮਲ ਸਾਰੇ ਵਿਅਕਤੀਆਂ 'ਤੇ ਨਕੇਲ ਕਸੀ ਜਾਵੇਗੀ। ਬਲਵਿੰਦਰ ਕੌਰ ਅਤੇ ਮਿੱਠੂ ਨੂੰ ਅੰਮ੍ਰਿਤਸਰ ਦਿਹਾਤੀ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਗਿਆ, ਜਦਕਿ ਬਟਾਲਾ ਜ਼ਿਲ੍ਹੇ ਤੋਂ ਕਾਬੂ ਕੀਤੇ ਦੋ ਵਿਅਕਤੀਆਂ ਦੀ ਪਛਾਣ ਦਰਸ਼ਨ ਰਾਣੀ ਅਤੇ ਰਾਜਨ ਵਜੋਂ ਕੀਤੀ ਗਈ ਹੈ । ਚਾਰ ਹੋਰ ਵਿਅਕਤੀਆਂ ਕਸ਼ਮੀਰ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਅਤੇ ਬਲਜੀਤ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਡੀ. ਜੀ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰ ਮੁਲਜ਼ਮਾਂ ਖਿਲਾਫ ਥਾਣਾ ਸਦਰ ਤਰਨਤਾਰਨ ਵਿਖੇ ਐਫ.ਆਈ.ਆਰ. ਨੰ. 253, ਮਿਤੀ 31 ਜੁਲਾਈ, 2020 ਤਹਿਤ ਪਰਚਾ ਦਰਜ ਕੀਤਾ ਗਿਆ ਹੈ, ਜਿੰਨ੍ਹਾਂ ਨੇ ਪਿੰਡ ਨੌਰੰਗਾਬਾਦ ਵਿਖੇ ਸ਼ਰਾਬ ਦੀ ਸਪਲਾਈ ਕਰਨ ਬਾਰੇ ਮੰਨਿਆ ਹੈ। ਉਨ੍ਹਾਂ ਕਿਹਾ ਕਿ ਮਿੱਠੂ ਨਾਮ ਦੇ ਜਿਸ ਵਿਅਕਤੀ ਨੂੰ ਅੱਜ ਪਿੰਡ ਜੱਸੋ ਨੰਗਲ, ਥਾਣਾ ਖਿਲਚੀਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਉਸ ਨੇ ਵੀ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਕਰਨ ਬਾਰੇ ਮੰਨਿਆ ਹੈ। ਸ਼ੁੱਕਰਵਾਰ ਸਾਮ ਤੱਕ, ਅੰਮ੍ਰਿਤਸਰ ਦਿਹਾਤੀ 'ਚ ਜ਼ਹਿਰੀਲੀ ਸ਼ਰਾਬ ਪੀਣ ਵਾਲੇ 10 ਵਿਅਕਤੀ, ਬਟਾਲਾ 'ਚ 9 ਅਤੇ ਤਰਨਤਾਰਨ 'ਚ 19 ਵਿਅਕਤੀਆਂ ਦੀ ਮੌਤ ਹੋ ਗਈ ਹੈ। ਡੀ.ਜੀ.ਪੀ. ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਸਪੱਸ਼ਟ ਤੌਰ 'ਤੇ ਕਈ ਇਲਾਕਿਆਂ ਵਿਚ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਦੇ ਨੈਟਵਰਕ ਦਾ ਫੈਲਾਅ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਡਵੀਜ਼ਨਲ ਕਮਿਸ਼ਨਰ ਜਲੰਧਰ ਰਾਹੀਂ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਆਦੇਸ਼ ਦੇ ਚੁੱਕੇ ਹਨ। ਇਸ ਜਾਂਚ ਦੌਰਾਨ ਤੱਥਾਂ ਅਤੇ ਹਾਲਤਾਂ ਦੀ ਘੋਖ ਕੀਤੀ ਜਾਏਗੀ ਅਤੇ ਨਾਲ ਹੀ ਇਸ ਘਟਨਾ ਨਾਲ ਜੁੜੇ ਕਿਸੇ ਵੀ ਹੋਰ ਮੁੱਦੇ ਜਾਂ ਘਟਨਾਵਾਂ ਨਾਲ ਸਬੰਧਤ ਹਾਲਾਤਾਂ ਅਤੇ ਉਸ ਤੋਂ ਬਾਅਦ ਦੇ ਹਾਲਾਤਾਂ ਬਾਰੇ ਵੀ ਘੋਖ ਕੀਤੀ ਜਾਵੇਗੀ। ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਘਟਨਾ ਦੀ ਜਾਂਚ ਵਿੱਚ ਕਮਿਸ਼ਨਰ ਜਲੰਧਰ, ਸਬੰਧਤ ਜੁਆਇੰਟ ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਅਤੇ ਸਬੰਧਿਤ ਜਿਲ੍ਹਿਆਂ ਦੇ ਐਸ.ਪੀ. ਪੜਤਾਲਾਂ ਜਾਂਚ 'ਚ ਸ਼ਾਮਲ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਮਿਸ਼ਨਰ ਜਲੰਧਰ ਡਿਵੀਜ਼ਨ ਨੂੰ ਇਸ ਕੇਸ ਦੀ ਤਫਤੀਸ ਦੇ ਜਲਦੀ ਨਿਪਟਾਰੇ ਲਈ ਕਿਸੇ ਵੀ ਸਿਵਲ/ਪੁਲਸ ਅਧਿਕਾਰੀ ਜਾਂ ਕਿਸੇ ਮਾਹਿਰ ਦਾ ਸਹਿਯੋਗ ਲੈਣ ਦੀ ਖੁੱਲ ਦਿੱਤੀ ਹੈ। ਉਸ ਨੇ ਇਸ ਕੇਸ 'ਚ ਕਿਸੇ ਨੂੰ ਵੀ ਦੋਸ਼ੀ ਪਾਏ ਜਾਣ 'ਤੇ ਉਸ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਪੰਜਾਬ 'ਚ ਨਕਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦਾ ਕਸੂਰਵਾਰ ਮੁੱਖ ਮੰਤਰੀ : ਸੁਖਬੀਰ
NEXT STORY