ਲੁਧਿਆਣਾ-ਗੰਨੇ ਦੇ ਰਸ ਤੋਂ ਵਧੀਆ ਮਿਆਰ ਦਾ ਗੁੜ ਬਣਾਉਣ ਸੰਬੰਧੀ ਇੱਕ ਸਿਖਲਾਈ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ) ਦੇ ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਜੈਕਬ ਹਾਲ 'ਚ ਆਰੰਭ ਹੋਇਆ। ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਵੱਲੋਂ ਲਗਾਏ ਜਾ ਰਹੇ ਇਸ ਸਿਖਲਾਈ ਪ੍ਰੋਗਰਾਮ 'ਚ 125 ਤੋਂ ਵਧੇਰੇ ਕਿਸਾਨਾਂ ਅਤੇ ਪੰਜ ਜ਼ਿਲਿਆਂ ਦੇ ਗੁੜ ਉਤਪਾਦਕਾਂ ਨੇ ਹਿੱਸਾ ਲਿਆ।ਪੀ. ਏ. ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਫੂਡ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਦੀ ਇੱਛਾ ਸੀ ਕਿ ਪੰਜਾਬ ਦੇ ਗੁੜ ਬਣਾਉਣ ਵਾਲੇ ਕਿਸਾਨਾਂ ਨੂੰ ਮਿਲਾਵਟ ਰਹਿਤ ਅਤੇ ਸੁਰੱਖਿਅਤ ਗੁੜ ਬਣਾਉਣ ਦੀ ਸਿਖਲਾਈ ਦਿੱਤੀ ਜਾਵੇ। ਡਾ. ਮਾਹਲ ਨੇ ਇਹ ਵੀ ਕਿਹਾ ਕਿ ਗੁੜ ਬਣਾਉਣ ਨੂੰ ਹੁਣ ਰਵਾਇਤੀ ਪੇਂਡੂ ਤਰੀਕੇ ਦੀ ਥਾਂ ਆਧੁਨਿਕ ਉਦਯੋਗਿਕ ਪ੍ਰਕਿਰਿਆ 'ਚ ਬਦਲਣ ਦੀ ਲੋੜ ਹੈ।
ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਸਿਖਲਾਈ ਪ੍ਰੋਗਰਾਮ 'ਚ ਭਾਗ ਲੈ ਰਹੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ਖੇਤੀ ਪ੍ਰੋਸੈਸਿੰਗ ਗਤੀਵਿਧੀਆਂ ਰਾਹੀਂ ਆਮਦਨ ਵਧਾ ਕੇ ਇਸ ਕਿੱਤੇ ਨੂੰ ਹੋਰ ਲਾਹੇਵੰਦ ਬਣਾਇਆ ਜਾਵੇ। ਵਧੀਕ ਨਿਰਦੇਸ਼ਕ ਖੋਜ ਡਾ. ਕੇ. ਐਸ. ਥਿੰਦ ਨੇ ਯੂਨੀਵਰਸਿਟੀ ਦੇ ਕਪੂਰਥਲਾ ਖੋਜ ਕੇਂਦਰ 'ਚ ਗੰਨਾ ਉਤਪਾਦਨ ਅਤੇ ਗੁੜ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ।
ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨੇ ਗੁੜ ਬਣਾਉਣ ਦੀ ਵਿਧੀ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਅਜੇ ਵੀ ਗੁੜ ਨੂੰ ਰਵਾਇਤੀ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ, ਜੋ ਮਿਆਰ ਪੱਖੋਂ ਅਤੇ ਸਵੱਛਤਾ ਪੱਖੋਂ ਮਾਪਦੰਡਾਂ ਤੇ ਪੂਰਾ ਨਹੀਂ ਉਤਰਦਾ।ਰਵਾਇਤੀ ਤਰੀਕੇ ਨਾਲ ਬਣਾਇਆ ਗੁੜ ਘੱਟ ਕੀਮਤ ਤੇ ਵਿਕਣ ਕਰਕੇ ਬਹੁਤਾ ਮੁਨਾਫ਼ੇ ਦਾ ਕੰਮ ਨਹੀਂ ਹੈ।ਉਹਨਾਂ ਨੇ ਇਸ ਖੇਤਰ 'ਚ ਨਵੇਂ ਤਕਨੀਕੀ ਵਾਧਿਆਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ, ਜਿਸ ਨਾਲ ਬੇਹੱਦ
ਸੁਰੱਖਿਅਤ ਤਰੀਕੇ ਨਾਲ ਵਧੀਆ ਮਿਆਰ ਦਾ ਗੁੜ ਬਣਾਇਆ ਜਾ ਸਕਦਾ ਹੈ।
ਕਪੂਰਥਲਾ ਕੇਂਦਰ ਤੋਂ ਡਾ. ਰਾਜਿੰਦਰਪਾਲ ਨੇ ਗੰਨੇ ਦੀਆਂ ਵਧੀਆਂ ਕਿਸਮਾਂ ਦੀ ਖੇਤੀ ਅਤੇ ਉਹਨਾਂ ਦੇ ਗੁੜ ਬਣਾਉਣ ਲਈ ਮਹੱਤਵ ਬਾਰੇ ਜਾਣਕਾਰੀ ਦਿੱਤੀ।ਬਰਗਾੜੀ ਪਿੰਡ ਤੋਂ ਗੁੜ ਬਨਾਉਣ ਵਾਲੇ ਸਫ਼ਲ ਕਿਸਾਨ ਸੁਖਦੇਵ ਸਿੰਘ ਨੇ ਵਧੀਆ ਕੁਆਲਟੀ ਦੇ ਗੁੜ ਬਣਾਉਣ ਬਾਰੇ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ। ਉਹਨਾਂ ਨੇ ਇਹ ਵੀ ਦੱਸਿਆ ਕਿ ਗੁੜ ਦੀ ਪੈਕਿੰਗ ਲਈ ਨਵੀਆਂ ਤਕਨੀਕਾਂ ਵਿਭਾਗ ਕੋਲ ਮੌਜੂਦ ਹਨ, ਜਿਨਾਂ ਦੀ ਸਹਾਇਤਾ ਨਾਲ ਲੰਬੇ ਸਮੇਂ ਤੱਕ ਗੁੜ ਦੀ ਸੰਭਾਲ ਕੀਤੀ ਜਾ ਸਕਦੀ ਹੈ। ਇਸ ਮੌਕੇ ਗੁੜ ਬਣਾਉਣ ਬਾਰੇ ਲਾਭਕਾਰੀ ਸਾਹਿਤ ਵੀ ਸਿਖਲਾਈ ਲੈਣ ਵਾਲਿਆਂ ਨੂੰ ਵੰਡਿਆ ਗਿਆ ।
ਨਵੇਂ ਡੀ.ਜੀ.ਪੀ. ਦਿਨਕਰ ਗੁਪਤਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ (ਵੀਡੀਓ)
NEXT STORY