ਨਵਾਂਸ਼ਹਿਰ, (ਤ੍ਰਿਪਾਠੀ)- ਉੱਤਰ ਪ੍ਰਦੇਸ਼ ਏ. ਟੀ. ਐੱਸ. ਵੱਲੋਂ ਨਵਾਂਸ਼ਹਿਰ ਪੁਲਸ ਦੀ ਇਨਪੁਟ 'ਤੇ ਗ੍ਰਿਫ਼ਤਾਰ ਕੀਤੇ ਗਏ ਬੱਬਰ ਖਾਲਸਾ ਦੇ 2 ਅੱਤਵਾਦੀਆਂ, ਜਿਨ੍ਹਾਂ ਨੂੰ ਜ਼ਿਲਾ ਪੁਲਸ ਵੱਲੋਂ ਟ੍ਰਾਂਜ਼ਿਟ ਰਿਮਾਂਡ 'ਤੇ ਨਵਾਂਸ਼ਹਿਰ ਲਿਆਇਆ ਗਿਆ ਸੀ, ਨੂੰ ਅੱਜ 6 ਦਿਨਾਂ ਦਾ ਪੁਲਸ ਰਿਮਾਂਡ ਖ਼ਤਮ ਹੋਣ ਮਗਰੋਂ ਅਦਾਲਤ 'ਚ ਪੇਸ਼ ਕੀਤਾ ਗਿਆ।
ਅਦਾਲਤ ਨੇ ਉਕਤ ਅੱਤਵਾਦੀਆਂ ਨੂੰ ਲੁਧਿਆਣਾ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਜ਼ਿਲਾ ਪੁਲਸ ਵੱਲੋਂ ਯੂ.ਪੀ. ਏ. ਟੀ. ਐੱਸ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬੱਬਰ ਖਾਲਸਾ ਦੇ ਅੱਤਵਾਦੀਆਂ ਜਸਵੰਤ ਸਿੰਘ ਉਰਫ ਕਾਲਾ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਮੈਹਨੋਵਾਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੇ ਬਾਬਾ ਬਲਵੰਤ ਸਿੰਘ ਪੁੱਤਰ ਮਿਲਖਾ ਸਿੰਘ ਨਿਵਾਸੀ ਬੜਿੰਗ ਜ਼ਿਲਾ ਤਰਨਤਾਰਨ ਨੂੰ 18 ਅਗਸਤ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਲਿਆ ਕੇ ਅਦਾਲਤ 'ਚ ਪੇਸ਼ ਕਰ ਕੇ ਪਹਿਲਾਂ 8 ਦਿਨਾਂ ਤੇ ਬਾਅਦ 'ਚ 6 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ।
ਹੁਣ ਨਵਾਂਸ਼ਹਿਰ ਦੇ ਸੀ. ਆਈ. ਏ. ਸਟਾਫ ਵੱਲੋਂ ਕੀਤੀ ਗਈ ਪੜਤਾਲ 'ਚ ਪੁਲਸ ਨੇ 1 ਪਿਸਤੌਲ ਤੇ 5 ਕਾਰਤੂਸ ਹੋਰ ਬਰਾਮਦ ਕੀਤੇ। ਇਸ ਤੋਂ ਪਹਿਲਾਂ ਪੁਲਸ ਮੁਲਜ਼ਮਾਂ ਕੋਲੋਂ 5 ਪਿਸਤੌਲ ਬਰਾਮਦ ਕਰ ਚੁੱਕੀ ਹੈ। ਪੁਲਸ ਜਾਂਚ 'ਚ ਅੱਤਵਾਦੀਆਂ ਨੇ ਖੁਲਾਸਾ ਕੀਤਾ ਸੀ ਕਿ ਪੰਜਾਬ ਦਾ ਮਾਹੌਲ ਵਿਗਾੜਨ ਲਈ ਘੱਟ ਕੀਮਤਾਂ 'ਤੇ ਹਥਿਆਰ ਸਪਲਾਈ ਕੀਤੇ ਜਾਂਦੇ ਸਨ ਤੇ ਇਸ ਦੇ ਲਈ ਗਾਹਕਾਂ ਦੀ ਭਾਲ ਵੀ ਕੀਤੀ ਜਾਂਦੀ ਸੀ। ਜਾਂਚ 'ਚ ਇਹ ਵੀ ਖੁਲਾਸਾ ਹੋਇਆ ਕਿ ਘੱਟ ਕੀਮਤਾਂ 'ਤੇ ਹਥਿਆਰ ਸਪਲਾਈ ਕਰਨ ਦਾ ਮੁੱਖ ਮੰਤਵ ਪੰਜਾਬ 'ਚ ਅਸ਼ਾਂਤੀ ਫੈਲਾਉਣਾ ਸੀ।
ਪੁਲਸ ਨਾਲ ਮਾਰਕੁੱਟ ਕਰਨ ਦੇ ਦੋਸ਼ 'ਚ 3 ਬਰੀ
NEXT STORY