ਚੰਡੀਗੜ੍ਹ : ਪੰਜਾਬ ’ਚ ਪੁਰਾਣੇ ਵਾਹਨਾਂ ਦੇ ਫਿਟਨੈੱਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦੇ ਕੰਮ ਦੇ ਦਿਨੋ-ਦਿਨ ਵੱਧ ਰਹੇ ਬੋਝ ਨੂੰ ਘਟਾਉਂਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੀਆਂ ਸਾਰੀਆਂ 11 ਆਸਾਮੀਆਂ 'ਤੇ ਮੋਟਰ ਵਾਹਨ ਇੰਸਪੈਕਟਰਾਂ (ਐੱਮ.ਵੀ.ਆਈ.) ਦੀ ਤੈਨਾਤੀ ਕਰ ਦਿੱਤੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿਚ 11 ਆਰ.ਟੀ.ਏਜ਼. ਅਧੀਨ ਸਿਰਫ਼ 4 ਐੱਮ.ਵੀ.ਆਈ. ਪੁਰਾਣੇ ਵਾਹਨਾਂ ਨੂੰ ਫ਼ਿਟਨੈੱਸ ਸਰਟੀਫ਼ਿਕੇਟ ਜਾਰੀ ਕਰਨ ਅਤੇ ਪਾਸਿੰਗ ਦਾ ਕੰਮ ਸਾਂਭ ਰਹੇ ਸਨ ਜਿਸ ਕਾਰਨ ਆਰ.ਟੀ.ਏ. ਦਫ਼ਤਰਾਂ ਵਿਚ ਕੰਮ ਦੀ ਚਾਲ ਸੁਸਤ ਹੋਣ ਕਰਕੇ ਫ਼ਾਈਲਾਂ ਦੇ ਢੇਰ ਲੱਗੇ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਇਸ ਲਈ ਕੰਮ ਦੇ ਬੋਝ ਨੂੰ ਘਟਾਉਣ ਅਤੇ ਹੋਰ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਵਿਚ ਅੰਦਰੂਨੀ ਪ੍ਰਬੰਧ ਕਰਦਿਆਂ ਪੰਜਾਬ ਰੋਡਵੇਜ਼ ਤੋਂ ਸਟਾਫ਼ ਲੈ ਕੇ ਐੱਮ.ਵੀ.ਆਈ. ਦੀਆਂ ਸਾਰੀਆਂ ਆਸਾਮੀਆਂ ’ਤੇ ਅਧਿਕਾਰੀ ਤੈਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ 11 ਆਰ.ਟੀ.ਏਜ਼. ਦਫ਼ਤਰਾਂ ਅਧੀਨ 11 ਐੱਮ.ਵੀ.ਆਈ. ਕੰਮ ਕਰਨਗੇ ਅਤੇ ਇਨ੍ਹਾਂ ਆਸਾਮੀਆਂ ’ਤੇ ਵਿਭਾਗ ਦੇ ਮਿਹਨਤਕਸ਼ ਅਧਿਕਾਰੀਆਂ ਨੂੰ ਤੈਨਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਵਿਭਾਗ ਦੀਆਂ ਸੇਵਾਵਾਂ ਦੀ ਤੁਰੰਤ ਡਿਲੀਵਰੀ ਮਿਲ ਸਕੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਹਿਲਾਂ ਤੈਨਾਤ ਅਧਿਕਾਰੀਆਂ ਤੋਂ ਇਲਾਵਾ ਹੁਣ ਐੱਮ.ਵੀ.ਆਈ. ਪ੍ਰੀਤਇੰਦਰ ਅਰੋੜਾ ਜ਼ਿਲ੍ਹਾ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ ਅਤੇ ਮਾਨਸਾ ਦਾ ਕੰਮ ਵੇਖਣਗੇ ਜਦਕਿ ਐੱਮ.ਵੀ.ਆਈ. ਸੁਖਵਿੰਦਰ ਸਿੰਘ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ, ਐੱਮ.ਵੀ.ਆਈ. ਮੈਰਿਕ ਗਰਗ ਜ਼ਿਲ੍ਹਾ ਲੁਧਿਆਣਾ, ਐੱਮ.ਵੀ.ਆਈ. ਗੁਰਿੰਦਰ ਸਿੰਘ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ, ਐੱਮ.ਵੀ.ਆਈ. ਲੀਲਾ ਸਿੰਘ ਜ਼ਿਲ੍ਹਾ ਗੁਰਦਾਸਪੁਰ, ਐੱਮ.ਵੀ.ਆਈ. ਮਧੂ ਪੁਸ਼ਪ ਜ਼ਿਲ੍ਹਾ ਪਠਾਨਕੋਟ, ਐੱਮ.ਵੀ.ਆਈ. ਨਵਦੀਪ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨ ਤਾਰਨ ਅਤੇ ਐੱਮ.ਵੀ.ਆਈ. ਜਸਪ੍ਰੀਤ ਸਿੰਘ ਜ਼ਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦਾ ਕੰਮ ਵੇਖਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਸਿਫ਼ਰ ਸਹਿਣਸ਼ੀਲਤਾ ’ਤੇ ਜ਼ੋਰ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਲਿਪਤ ਪਾਏ ਗਏ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਮੁੜ ਸੁਚੇਤ ਕੀਤਾ ਕਿ ਉਹ ਈਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਉਣ।
ਜ਼ਮੀਨਾਂ ਦੀ NOC ਦੀ ਦਿੱਕਤ ਸਬੰਧੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਇਯਾਲੀ ਨੇ CM ਮਾਨ ਨਾਲ ਕੀਤੀ ਮੁਲਾਕਾਤ
NEXT STORY