ਜਲੰਧਰ (ਸੁਧੀਰ)— ਕਮਿਸ਼ਨਰੇਟ ਪੁਲਸ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਟ੍ਰੈਵਲ ਕਾਰੋਬਾਰੀ ਨੂੰ ਲਾਇਸੈਂਸ ਨਹੀਂ ਮਿਲਿਆ, ਸਗੋਂ ਇਕ ਸਾਲ ਪਹਿਲਾਂ ਹੀ ਲਾਇਸੈਂਸ ਅਪਲਾਈ ਕਰਨ ਦੇ ਬਾਵਜੂਦ ਉਸ ਨੂੰ ਲਾਇਸੈਂਸ ਦੀ ਥਾਂ ਐੱਮ. ਏ. ਬ੍ਰਾਂਚ 'ਚ ਗੇੜੇ ਮਾਰ-ਮਾਰ ਕੇ ਧੱਕੇ ਖਾਣੇ ਪਏ ਪਰ ਫਿਰ ਵੀ ਇਕ ਸਾਲ ਤੱਕ ਉਸ ਨੂੰ ਫਾਈਲ ਦਾ ਕੋਈ ਰਿਜ਼ਲਟ ਨਹੀਂ ਮਿਲਿਆ ਪਰ ਹੁਣ ਐੱਮ. ਏ. ਬ੍ਰਾਂਚ ਤੋਂ ਟ੍ਰੈਵਲ ਲਾਇਸੈਂਸ ਦਾ ਕੰਮ ਖਤਮ ਹੋਣ ਤੋਂ ਬਾਅਦ ਡੀ. ਸੀ. ਨੇ ਸਾਰਾ ਕੰਮ ਆਪਣੀ ਨਿਗਰਾਨੀ ਹੇਠ ਲਿਆ ਤਾਂ ਟ੍ਰੈਵਲ ਕਾਰੋਬਾਰ ਦਾ ਨਵਾਂ ਕੰਮ ਸ਼ੁਰੂ ਕਰਨ ਵਾਲੇ ਗੁਰਦਰਸ਼ਨ ਲਾਲ ਨੂੰ ਇਕ ਸਾਲ ਬਾਅਦ ਜਵਾਬ ਮਿਲਿਆ ਕਿ ਸਰ ਤੁਹਾਡੀ ਪੁਲਸ ਇਨਕੁਆਰੀ ਹੀ ਗਲਤ ਹੋਈ ਹੈ। ਤੁਸੀਂ ਦੁਬਾਰਾ ਪੁਲਸ ਇਨਕੁਆਰੀ ਕਰਵਾਓ। ਜਵਾਬ ਸੁਣ ਕੇ ਗੁਰਦਰਸ਼ਨ ਲਾਲ ਹੈਰਾਨ ਰਹਿ ਗਏ। ਗੁਰਦਰਸ਼ਨ ਲਾਲ ਨੇ ਦੱਸਿਆ ਕਿ ਜੀ. ਟੀ. ਰੋਡ 'ਤੇ ਉਨ੍ਹਾਂ ਦਾ ਰੈਡੀਮੇਡ ਗਾਰਮੈਂਟਸ ਦਾ ਕਾਰੋਬਾਰ ਹੈ। ਨਾਲ ਹੀ ਉਨ੍ਹਾਂ ਕਰੀਬ ਇਕ ਸਾਲ ਪਹਿਲਾਂ ਕਾਨੂੰਨੀ ਤੌਰ 'ਤੇ ਆਪਣੀ ਬਿਲਡਿੰਗ 'ਚ ਟ੍ਰੈਵਲ ਕਾਰੋਬਾਰ ਅਤੇ ਟੂਰ ਪੈਕੇਜ ਦਾ ਕੰਮ ਖੋਲ੍ਹਣ ਦਾ ਮਨ ਬਣਾਇਆ। ਉਨ੍ਹਾਂ ਦੱਸਿਆ ਕਿ ਜਿਸ ਕਾਰਨ 1 ਜੂਨ 2017 ਨੂੰ ਉਨ੍ਹਾਂ ਲਾਇਸੈਂਸ ਲੈਣ ਦੀ ਪ੍ਰਕਿਰਿਆ ਪੂਰੀ ਕਰਕੇ ਸਾਰੇ ਦਸਤਾਵੇਜ਼ ਸੁਵਿਧਾ ਸੈਂਟਰ 'ਚ ਜਮ੍ਹਾ ਕਰਵਾ ਦਿੱਤੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਲਾਇਸੈਂਸ ਨਹੀਂ ਮਿਲਿਆ।
ਤੁਹਾਨੂੰ ਚਿੱਠੀ ਆ ਜਾਵੇਗੀ
ਗੁਰਦਰਸ਼ਨ ਲਾਲ ਨੇ ਦੋਸ਼ ਲਾਇਆ ਕਿ ਲਾਇਸੈਂਸ ਅਪਲਾਈ ਕਰਨ ਤੋਂ ਬਾਅਦ ਉਹ ਕਰੀਬ ਇਕ ਸਾਲ ਤੱਕ ਐੱਮ. ਏ. ਬ੍ਰਾਂਚ ਦੇ ਗੇੜੇ ਮਾਰਦੇ ਰਹੇ, ਜਿੱਥੇ ਉਨ੍ਹਾਂ ਨੂੰ ਹਰ ਵਾਰ ਇਹ ਜਵਾਬ ਮਿਲਦਾ ਕਿ ਤੁਹਾਨੂੰ ਚਿੱਠੀ ਆ ਜਾਵੇਗੀ, ਤੁਸੀਂ ਫਿਰ ਆਉਣਾ। ਉਨ੍ਹਾਂ ਕਿਹਾ ਕਿ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਚਿੱਠੀ ਆਈ ਅਤੇ ਨਾ ਹੀ ਲਾਇਸੈਂਸ। ਜਦੋਂਕਿ ਲਾਇਸੈਂਸ ਪ੍ਰਕਿਰਿਆ ਐੱਮ. ਏ. ਬ੍ਰਾਂਚ ਤੋਂ ਡਿਪਟੀ ਕਮਿਸ਼ਨਰ ਕੋਲ ਆਉਣ 'ਤੇ ਉਨ੍ਹਾਂ ਨੂੰ ਅਸਲੀਅਤ ਦਾ ਇਕ ਸਾਲ ਬਾਅਦ ਪਤਾ ਲੱਗਾ।
ਨਵਾਂ ਕਾਰੋਬਾਰ ਖੋਲ੍ਹਣ ਦੀ ਥਾਂ ਪੁਲਸ ਨੇ ਲਿਖ ਦਿੱਤਾ 17 ਸਾਲ ਪੁਰਾਣਾ ਕਾਰੋਬਾਰ
ਗੁਰਦਰਸ਼ਨ ਲਾਲ ਨੇ ਦੱਸਿਆ ਕਿ ਜੀ. ਟੀ. ਰੋਡ 'ਤੇ ਉਨ੍ਹਾਂ ਦੀ ਆਪਣੀ ਬਿਲਡਿੰਗ ਹੈ, ਜਿਸ 'ਚ ਉਨ੍ਹਾਂ ਆਪਣਾ ਨਵਾਂ ਕਾਰੋਬਾਰ ਖੋਲ੍ਹਣ ਦਾ ਮਨ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਸਾਰੇ ਦਸਤਾਵੇਜ਼ ਜਮ੍ਹਾ ਕਰਵਾਉਣ ਤੋਂ ਬਾਅਦ ਪੁਲਸ ਮੁਲਾਜ਼ਮ ਉਨ੍ਹਾਂ ਦੀ ਬਿਲਡਿੰਗ 'ਚ ਇਨਕੁਆਰੀ ਕਰਨ ਆਏ ਹੀ ਨਹੀਂ ਅਤੇ ਨਾ ਹੀ ਆਲੇ-ਦੁਆਲਿਓਂ ਹੀ ਕੋਈ ਪੁੱਛਣ ਲਈ ਆਇਆ। ਪੁਲਸ ਮੁਲਾਜ਼ਮ ਸਿੱਧਾ ਉਨ੍ਹਾਂ ਦੇ ਘਰ ਇਨਕੁਆਰੀ ਕਰਨ ਆਏ ਅਤੇ ਪੁੱਛਿਆ ਕਿ ਤੁਸੀਂ ਇਹ ਕਾਰੋਬਾਰ ਕਿੰਨੀ ਦੇਰ ਤੋਂ ਕਰ ਰਹੇ ਹੋ। ਗੁਰਦਰਸ਼ਨ ਲਾਲ ਨੇ ਜਵਾਬ ਦਿੱਤਾ ਕਿ ਅਜੇ ਨਵਾਂ ਕੰਮ ਸ਼ੁਰੂ ਕਰਨਾ ਹੈ, ਇਸ ਲਈ ਲਾਇਸੈਂਸ ਅਪਲਾਈ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਪੁਲਸ ਮੁਲਾਜ਼ਮ ਨੇ ਪੁੱਛਿਆ ਕਿ ਤੁਹਾਡੀ ਬਿਲਡਿੰਗ ਕਿੰਨੀ ਪੁਰਾਣੀ ਹੈ, ਜਵਾਬ 'ਚ ਉਨ੍ਹਾਂ ਨੇ 17 ਸਾਲ ਪੁਰਾਣੀ ਦੱਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਮੁਲਾਜ਼ਮ ਨੇ ਇਨਕੁਆਰੀ 'ਚ ਲਿਖ ਦਿੱਤਾ ਕਿ ਉਹ 17 ਸਾਲ ਤੋਂ ਕਾਰੋਬਾਰ ਕਰਦੇ ਹਨ। ਪੁਲਸ ਮੁਲਾਜ਼ਮ ਦੀ ਲਾਪਰਵਾਹੀ ਕਾਰਨ ਹੁਣ ਤੱਕ ਲਾਇਸੈਂਸ ਨਹੀਂ ਮਿਲਿਆ, ਜਦੋਂਕਿ ਹੁਣ ਉਨ੍ਹਾਂ ਨੂੰ ਦੁਬਾਰਾ ਇਨਕੁਆਰੀ ਕਰਵਾਉਣ ਲਈ ਕਿਹਾ ਗਿਆ ਹੈ।
ਪੁਲਸ ਤੇ ਪ੍ਰਸ਼ਾਸਨ ਕੋਲੋਂ ਮੰਗਿਆ ਇਨਸਾਫ
ਉਨ੍ਹਾਂ ਪੁਲਸ ਅਤੇ ਪ੍ਰਸ਼ਾਸਨ ਕੋਲੋਂ ਇਨਸਾਫ ਮੰਗਦਿਆਂ ਕਿਹਾ ਕਿ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਪੂਰੇ ਦਸਤਾਵੇਜ਼ ਹੋਣ ਦੇ ਬਾਵਜੂਦ ਪੁਲਸ ਮੁਲਾਜ਼ਮ ਦੀ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਲਾਇਸੈਂਸ ਲੈਣ 'ਚ ਮੁਸ਼ਕਲ ਆਈ। ਉਨ੍ਹਾਂ ਦੀ ਇਨਕੁਆਰੀ ਜਲਦੀ ਕਰਵਾ ਕੇ ਜਲਦੀ ਲਾਇਸੈਂਸ ਇਸ਼ੂ ਕੀਤਾ ਜਾਵੇ।
ਘਰ 'ਚੋਂ 12 ਸਾਲਾ ਬੱਚੇ ਦੀ ਮਿਲੀ ਲਾਸ਼, ਪਰਿਵਾਰ ਨੇ ਹੱਤਿਆ ਦਾ ਸ਼ੱਕ ਪ੍ਰਗਟਾਇਆ
NEXT STORY