ਜਲੰਧਰ, (ਖੁਰਾਣਾ)- ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਅੱਜ ਫਿਰ ਮਕਸੂਦਾਂ ਮੰਡੀ ਦੇ ਬਾਹਰ ਕਾਰਵਾਈ ਕਰਦਿਆਂ ਨਾਜਾਇਜ਼ ਖੋਖਿਆਂ ਨੂੰ ਹਟਾਇਆ। ਇਹ ਕਾਰਵਾਈ ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਦੀ ਅਗਵਾਈ ਵਿਚ ਕੀਤੀ ਗਈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਤਹਿਬਾਜ਼ਾਰੀ ਵਿਭਾਗ ਨੇ ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਗਰੀਨ ਬੈਲਟ ਵਿਚ ਲੱਗੇ ਫਰੂਟ ਤੇ ਸਬਜ਼ੀਆਂ ਦੀਆਂ ਦੁਕਾਨਾਂ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸਰਵਿਸ ਲੇਨ 'ਤੇ ਸ਼ਿਫਟ ਕਰ ਦਿੱਤਾ ਸੀ ਪਰ ਇਸਦੇ ਬਾਵਜੂਦ ਕਈ ਦੁਕਾਨਦਾਰ ਸਰਵਿਸ ਲੇਨ ਵੱਲ ਦੁਕਾਨਾਂ ਦਾ ਮੂੰਹ ਕਰਨ ਲਈ ਤਿਆਰ ਨਹੀਂ ਸਨ। ਇਸ ਲਈ ਕਈ ਦੁਕਾਨਦਾਰਾਂ ਨੇ ਵਿਧਾਇਕ ਬਾਵਾ ਹੈਨਰੀ ਨਾਲ ਸੰਪਰਕ ਵੀ ਕੀਤਾ ਸੀ ਤੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੂੰ ਆਪਣੀ ਸਮੱਸਿਆ ਵੀ ਦੱਸੀ ਸੀ। ਸ਼੍ਰੀ ਬੰਟੀ ਨੇ ਅੱਜ ਇਸ ਮਾਮਲੇ 'ਤੇ ਡੀ. ਐੱਮ. ਓ. ਵਰਿੰਦਰ ਖੇੜਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰੁਪਿੰਦਰ ਮਿਨਹਾਸ ਨਾਲ ਗੱਲਬਾਤ ਕੀਤੀ ਤੇ ਮਾਮਲੇ ਦਾ ਹੱਲ ਕੱਢਣ ਲਈ ਕਿਹਾ। ਡਿਪਟੀ ਮੇਅਰ ਬੰਟੀ ਨੇ ਭਰੋਸਾ ਦਿੱਤਾ ਕਿ ਮੰਡੀ ਦੇ ਬਾਹਰ ਗਰੀਨ ਬੈਲਟ ਨੂੰ ਖੂਬਸੂਰਤ ਬਣਾਇਆ ਜਾਵੇਗਾ।
ਨਸ਼ੇ ਵਾਲੇ ਪਾਊਡਰ ਸਣੇ ਇਕ ਗ੍ਰਿਫਤਾਰ
NEXT STORY