ਲੌਂਗੋਵਾਲ (ਵਿਜੇ)- ਨੇੜਲੇ ਪਿੰਡ ਬਹਾਦਰਪੁਰ ਵਿਖੇਂ ਵਾਪਰੇ ਇਕ ਸੜਕ ਹਾਦਸੇ 'ਚ ਲੌਂਗੋਵਾਲ ਨਿਵਾਸੀ 2 ਸਕੇ ਭਰਾਵਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ. ਵਿਜੇ ਕੁਮਾਰ ਅਤੇ ਬਡਰੁੱਖਾ ਪੁਲਸ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਲੌਂਗੋਵਾਲ ਨਿਵਾਸੀ ਦੋ ਸਕੇ ਭਰਾ ਜਗਤਾਰ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪੱਤੀ ਗਾਹੂ ਮੋਟਰਸਾਇਕਲ ਤੇ ਸਵਾਰ ਹੋ ਕੇ ਲੌਂਗੋਵਾਲ ਤੋਂ ਸੰਗਰੂਰ ਸਰਕਾਰੀ ਹਸਪਾਤਲ ਵਿਖੇਂ ਜਾ ਰਹੇ ਸਨ, ਜਿੱਥੇ ਮ੍ਰਿਤਕ ਹਰਵਿੰਦਰ ਸਿੰਘ ਦੀ ਪਤਨੀ ਦਾਖਲ ਸੀ। ਇਸ ਦੇ ਚੱਲਦਿਆ ਜਿਵੇ ਹੀ ਉਹ ਪਿੰਡ ਬਹਾਦਰਪੁਰ ਦੇ ਬੱਸ ਅੱਡੇ 'ਤੇ (ਸੰਗਰੂਰ-ਬਰਨਾਲਾ) ਮੁੱਖ ਮਾਰਗ ਤੇ ਬਣੇ ਕੱਟ ਤੋਂ ਅਪਣੀ ਸਾਇਡ ਤੇ ਜਾਣ ਲੱਗੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ਵਿਚ ਦੋਵੇਂ ਭਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀ ਭਰਾਵਾਂ ਨੂੰ ਰਾਹਗੀਰਾਂ ਅਤੇ ਪੁਲਸ ਦੀ ਮੱਦਦ ਨਾਲ ਐਂਬੂਲੈਂਸ ਰਾਹੀ ਇਲਾਜ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇਂ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਜਗਤਾਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦੋ ਕਿ ਹਰਵਿੰਦਰ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ। ਇਸ ਦੌਰਾਨ ਸੰਗਰੂਰ ਤੋਂ ਪਟਿਆਲਾ ਜਾਂਦੇ ਸਮੇਂ ਰਸਤੇ ਵਿਚ ਹੀ ਹਰਵਿੰਦਰ ਸਿੰਘ ਦੀ ਵੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਜਿਵੇਂ ਹੀ ਲੌਂਗੋਵਾਲ ਪੁੱਜੀ ਤਾਂ ਸਮੁੱਚੇ ਕਸਬੇ ਵਿਚ ਮਾਤਮ ਛਾ ਗਿਆ। ਥਾਣਾ ਮੁੱਖੀ ਵਿਜੇ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਮ੍ਰਿਤਕਾ ਦੇ ਪਿਤਾ ਕਰਨੈਲ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਬਿਆਨਾ ਤੇ ਆਧਾਰਤ ਥਾਣਾ ਲੌਂਗੋਵਾਲ ਵਿਖੇਂ ਅਣਪਛਾਤੇ ਵਾਹਨ ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾ ਦੇ ਹਵਾਲੇ ਕਰ ਦਿੱਤੀਆਂ ਹਨ।
ਘਰ 'ਚ ਧੀਆਂ ਦਾ ਸਤਿਕਾਰ ਹੋਣ 'ਤੇ ਦੁੱਖ ਕਸ਼ਟ ਨਹੀ ਆਉਂਦੇ : ਮਹੰਤ ਸਾਂਤਾ ਨੰਦ ਜੀ, ਮਹੰਤ ਬਾਲਕ ਰਾਮ ਜੀ
NEXT STORY