ਰੂਪਨਗਰ, (ਕੈਲਾਸ਼)- ਨਹਿਰੀ ਵਿਭਾਗ ਦੀ ਸਾਲਾਂ ਪੁਰਾਣੀ ਕਾਲੋਨੀ ਵਿਚ ਸਡ਼ਕਾਂ, ਸੀਵਰੇਜ ਤੇ ਸਟ੍ਰੀਟ ਲਾਈਟਾਂ ਦੀ ਕੋਈ ਵਿਵਸਥਾ ਨਾ ਹੋਣ ਦੇ ਬਾਵਜੂਦ ਦਰਜਨਾਂ ਪਰਿਵਾਰ ਗੈਰ-ਕਾਨੂੰਨੀ ਢੰਗ ਨਾਲ ਕਾਲੋਨੀ ਵਿਚ ਰਹਿ ਰਹੇ ਹਨ।
ਜਾਣਕਾਰੀ ਅਨੁਸਾਰ ਸਥਾਨਕ ਬੱਚਤ ਚੌਕ ਦੇ ਨਾਲ ਬਣੀ ਨਹਿਰੀ ਵਿਭਾਗ ਦੀ ਕਾਲੋਨੀ ਜੋ ਕਰੀਬ ਦੋ ਏਕਡ਼ ਰਕਬੇ ਵਿਚ ਫੈਲੀ ਹੋਈ ਹੈ ਅਤੇ ਇਸ ਵਿਚ ਅਧਿਕਾਰੀਆਂ, ਕਰਮਚਾਰੀਆਂ ਤੇ ਸੇਵਾਦਾਰਾਂ ਲਈ ਲੱਗਭਗ 54 ਰਿਹਾਇਸ਼ੀ ਮਕਾਨ ਬਣੇ ਹੋਏ ਹਨ, ਵਿਚ ਨਾ ਤਾਂ ਕੋਈ ਸਡ਼ਕ ਹੈ, ਨਾ ਸੀਵਰੇਜ ਹੈ ਤੇ ਨਾ ਹੀ ਸਟ੍ਰੀਟ ਲਾਈਟਾਂ ਦੀ ਵਿਵਸਥਾ ਹੈ। ਮੀਂਹ ਦੇ ਦਿਨਾਂ ਵਿਚ ਇਥੋਂ ਦੇ ਕੱਚੇ ਰਸਤੇ ਜਿੱਥੇ ਦਲ-ਦਲ ਵਿਚ ਬਦਲ ਜਾਂਦੇ ਹਨ, ਉਥੇ ਹੀ ਸੀਵਰੇਜ ਦਾ ਪਾਣੀ ਕਾਲੋਨੀ ਦੇ ਖੁੱਲ੍ਹੇ ਨਾਲਿਆਂ ਵਿਚ ਘੁੰਮਦਾ ਰਹਿੰਦਾ ਹੈ।

ਕਾਲੋਨੀ ਵਿਚ ਸਿਰਫ ਕੁਝ ਅਧਿਕਾਰੀਆਂ ਨੂੰ ਅਲਾਟ ਹਨ ਮਕਾਨ
ਪਤਾ ਲੱਗਾ ਹੈ ਕਿ ਉਕਤ ਕਾਲੋਨੀ ਜਿਸ ਵਿਚ 54 ਛੋਟੇ-ਵੱਡੇ ਸਰਕਾਰੀ ਮਕਾਨ ਹਨ, ਵਿਚੋਂ ਕੁਝ ਅਧਿਕਾਰੀਆਂ ਨੂੰ ਮਕਾਨ ਅਲਾਟ ਹਨ ਅਤੇ ਸਬੰਧਤ ਵਿਭਾਗ ਦੇ ਕੋਲ ਕੋਈ ਬਜਟ ਨਾ ਹੋਣ ਕਾਰਨ ਕਾਲੋਨੀ ਵਿਚ ਰਹਿਣ ਵਾਲੇ ਅਧਿਕਾਰੀ ਆਪਣੇ ਹੀ ਨਿੱਜੀ ਖਰਚ ’ਤੇ ਮੁਰੰਮਤ ਕਰਵਾਉਂਦੇ ਹਨ ਅਤੇ ਕੁਆਰਟਰ ਨੂੰ ਰਹਿਣਯੋਗ ਬਣਾਉਂਦੇ ਹਨ। ਇਸ ਤੋਂ ਇਲਾਵਾ ਕਾਲੋਨੀ ਵਿਚ ਸਫਾਈ ਸੇਵਕਾਂ, ਦਰਜਾਚਾਰ ਕਰਮਚਾਰੀਆਂ ਅਤੇ ਸੇਵਾਦਾਰਾਂ ਲਈ ਜੋ ਛੋਟੇ ਮਕਾਨ ਬਣੇ ਹੋਏ ਹਨ, ਉਨ੍ਹਾਂ ਵਿਚ ਜ਼ਿਆਦਾਤਰ ਲੋਕ ਬਿਨਾਂ ਅਲਾਟਮੈਂਟ ਦੇ ਨਾਜਾਇਜ਼ ਢੰਗ ਨਾਲ ਕਬਜ਼ੇ ਕਰ ਕੇ ਰਹਿ ਰਹੇ ਹਨ। ਇਥੋਂ ਤੱਕ ਕਿ ਉਕਤ ਲੋਕ ਨਾ ਤਾਂ ਕਿਸੇ ਵਿਭਾਗ ਦੇ ਕਰਮਚਾਰੀ ਹਨ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਵਿਭਾਗ ਨਾਲ ਕੋਈ ਲੈਣਾ-ਦੇਣਾ ਹੈ।

10 ਸਾਲਾਂ ਤੋਂ ਨਹੀਂ ਹੋਈ ਮੁਰੰਮਤ
ਸੂਤਰ ਦੱਸਦੇ ਹਨ ਕਿ ਉਕਤ ਨਹਿਰੀ ਵਿਭਾਗ ਦੀ ਕਾਲੋਨੀ ਜੋ ਪੀ. ਡਬਲਯੂ. ਡੀ. ਵਿਭਾਗ ਦੇ ਅਧੀਨ ਹੈ, ਦੀ ਮੁਰੰਮਤ ਪਿਛਲੇ 10 ਸਾਲਾਂ ਵਿਚ ਨਹੀਂ ਹੋਈ। ਕਾਲੋਨੀ ਵਿਚ ਰਹਿਣ ਵਾਲੇ ਲੋਕ ਜਿੱਥੇ ਨਿੱਜੀ ਖਰਚੇ ’ਤੇ ਰੰਗ-ਰੋਗਨ ਕਰਵਾਉਂਦੇ ਹਨ, ਉਥੇ ਪੀ. ਡਬਲਯੂ. ਡੀ. ਵਿਭਾਗ ਦੁਆਰਾ ਕਾਲੋਨੀ ਦੀ ਹੋਈ ਦੁਰਦਸ਼ਾ ਕਾਰਨ ਉਸ ਨੂੰ ਕਰੀਬ 6 ਸਾਲ ਪਹਿਲਾਂ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਿਸੇ ਨੂੰ ਵੀ ਮਕਾਨਾਂ ਦੀ ਅਲਾਟਮੈਂਟ ਨਹੀਂ ਕੀਤੀ ਜਾ ਰਹੀ ਪਰ ਇਸਦੇ ਬਾਵਜੂਦ ਜੋ ਲੋਕ ਗੈਰ-ਕਾਨੂੰਨੀ ਕਬਜ਼ਾ ਕਰ ਕੇ ਘਰਾਂ ਵਿਚ ਰਹਿ ਰਹੇ ਹਨ, ਉਨ੍ਹਾਂ ਦੀ ਸੁਰੱਖਿਆ ਵੀ ਖਤਰੇ ਵਿਚ ਬਣੀ ਹੋਈ ਹੈ।
ਕਾਲੋਨੀ ਵਿਚ ਚੱਲ ਰਿਹਾ ਹੈ ਸਰਕਾਰੀ ਦਫ਼ਤਰ
ਜਾਣਕਾਰੀ ਅਨੁਸਾਰ ਉਕਤ ਨਹਿਰੀ ਕਾਲੋਨੀ ਵਿਚ ਇਕ ਸਰਕਾਰੀ ਦਫ਼ਤਰ ਵੀ ਚੱਲ ਰਿਹਾ ਹੈ। ਇਸ ਸਬੰਧ ਵਿਚ ਲੋਕਾਂ ਨੇ ਦੱਸਿਆ ਕਿ ਇਕ ਪਾਸੇ ਤਾਂ ਕਾਲੋਨੀ ਦੀ ਖਸਤਾ ਹਾਲਤ ਹੈ ਅਤੇ ਇਸ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਜਾ ਚੁੱਕਾ ਹੈ ਪਰ ਦੂਜੇ ਪਾਸੇ ਕਾਲੋਨੀ ਵਿਚ ਜਲ ਪ੍ਰਬੰਧ, ਖੋਜ ਉਪ ਮੰਡਲ ਦਾ ਦਫ਼ਤਰ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਦੇ ਕਰਮਚਾਰੀ ਅਤੇ ਉਥੇ ਆਉਣ ਵਾਲੇ ਲੋਕ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
ਕਾਲੋਨੀ ਦੇ ਵਿਚਕਾਰ ਹੈ ਸਦੀਆਂ ਪੁਰਾਣਾ ਕਬਰਿਸਤਾਨ
ਕਾਲੋਨੀ ਵਿਚ ਰਹਿ ਚੁੱਕੇ ਅਤੇ ਸੇਵਾਮੁਕਤ ਹੋ ਚੁੱਕੇ ਲੋਕ ਦੱਸਦੇ ਹਨ ਕਿ ਕਾਲੋਨੀ ਦੇ ਵਿਚਕਾਰ ਛੋਟੇ ਕੁਆਰਟਰਾਂ ਦੇ ਅੱਗੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਕਬਰਿਸਤਾਨ ਬਣਾਇਆ ਗਿਆ ਸੀ, ਜਿਸ ਦੇ ਚਾਰੇ ਪਾਸੇ ਚਾਰਦੀਵਾਰੀ ਕੀਤੀ ਗਈ ਹੈ ਪਰ ਹੁਣ ਉਕਤ ਕਬਰਿਸਤਾਨ ਵਿਚ ਵੱਡੀ-ਵੱਡੀ ਜੰਗਲੀ ਘਾਹ-ਬੂਟੀ ਦਾ ਸਾਮਰਾਜ ਹੈ। ਲੋਕ ਉਸ ਨੂੰ ਸਾਫ-ਸਫਾਈ ਦੀ ਬਜਾਏ ਹੁਣ ਗੰਦਗੀ ਦਾ ਡੰਪ ਬਣਾ ਚੁੱਕੇ ਹਨ ਪਰ ਇਸ ’ਤੇ ਕਿਸੇ ਦਾ ਕੋਈ ਧਿਆਨ ਨਹੀਂ ਹੈ। ਭਲੇ ਹੀ ਕਾਲੋਨੀ ਦੇ ਇਕ ਪਾਸੇ ਸਟੇਟ ਬੈਂਕ ਆਫ ਇੰਡੀਆ ਦੇ ਭਵਨ ਦੇ ਨਾਲ ਇਕ ਦੂਜਾ ਕਬਰਿਸਤਾਨ ਮੌਜੂਦ ਹੈ, ਜਿੱਥੇ ਵੀ ਲਾਸ਼ਾਂ ਨੂੰ ਦਫਨਾਇਆ ਗਿਆ ਹੈ।
ਚੋਰੀ ਦੇ ਮੋਟਰਸਾਈਕਲ ਸਮੇਤ 3 ਅੜਿੱਕੇ
NEXT STORY