ਜਲੰਧਰ (ਨਰੇਸ਼ ਕੁਮਾਰ)-ਸਵਦੇਸ਼ੀ ਜਾਗਰਣ ਮੰਚ ਦੇ ਆਲ ਇੰਡੀਆ ਕੋਆਰਡੀਨੇਟਰ ਸਤੀਸ਼ ਕੁਮਾਰ ਨੇ ਕਿਹਾ ਹੈ ਕਿ ਸਵਦੇਸ਼ੀ ਜਾਗਰਣ ਮੰਚ ਵੱਲੋਂ 30 ਹੋਰ ਸਮਾਜਿਕ ਵਿੱਦਿਅਕ ਅਤੇ ਆਰਥਿਕ ਸੰਗਠਨਾਂ ਦੇ ਸਹਿਯੋਗ ਨਾਲ ਮਿਲ ਕੇ ਚਲਾਏ ਜਾ ਰਹੇ 'ਸਵਾਵਲੰਬੀ ਭਾਰਤ ਅਭਿਆਨ' ਦੇ ਤਹਿਤ ਆਉਣ ਵਾਲੇ 2 ਸਾਲਾਂ ’ਚ 8 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲਾ ਇੰਟਰਪ੍ਰਿਨਿਓਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਸੰਗਠਨ ਇਸ ਨੂੰ 2 ਸਾਲਾਂ ’ਚ ਜ਼ਰੂਰ ਹੀ ਹਾਸਲ ਕਰ ਲਵੇਗਾ।
'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ’ਚ ਕੋਰੋਨਾ ਮਹਾਮਾਰੀ ਤੋਂ ਬਾਅਦ ਪੈਦਾ ਹੋਈ ਬੇਰੋਜ਼ਗਾਰੀ ਦੀ ਸਥਿਤੀ ਨਾਲ ਨਜਿੱਠਣ ਲਈ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਹ ਅਭਿਆਨ ਹੁਣ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਨ ਦੇਸ਼ ਦੇ 600 ਜ਼ਿਲਿਆਂ ’ਚ ਚਲਾਇਆ ਜਾ ਰਿਹਾ ਹੈ ਅਤੇ ਇਸ ਨਾਲ ਕਾਲਜ, ਯੂਨੀਵਰਸਿਟੀਆਂ, ਆਈ. ਆਈ. ਟੀ. ਅਤੇ ਪੋਲੀਟੈਕਨੀਕਲ ਕਾਲਜਾਂ ਨੂੰ ਜੋੜਿਆ ਗਿਆ ਹੈ ਅਤੇ ਇਸ ਦੇ ਰਾਹੀਂ ਦੇਸ਼ ’ਚ ਉੱਦਮਤਾ ਨੂੰ ਵਧਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਪਿਛੋਕੜ ਮੋਟੇ ਤੌਰ ’ਤੇ ਕਾਰੋਬਾਰੀ ਰਿਹਾ ਹੈ ਅਤੇ ਅੰਗਰੇਜ਼ਾਂ ਦੇ ਰਾਜ ਦੌਰਾਨ ਭਾਰਤ ’ਚ ਨੌਕਰੀਆਂ ਦਾ ਰੁਝਾਣ ਵਧਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ’ਚ ਬੇਰੋਜ਼ਗਾਰੀ ਇਕ ਵੱਡਾ ਮੁੱਦਾ ਹੈ ਅਤੇ ਕੋਰੋਨਾ ਤੋਂ ਬਾਅਦ ਇਹ ਸਮੱਸਿਆ ਹੋਰ ਵੀ ਵਧ ਗਈ ਸੀ, ਲਿਹਾਜ਼ਾ ਇਸ ਮੁੱਦੇ ਦੇ ਹੱਲ ਲਈ ਸ਼ੁਰੂਆਤ ’ਚ 8 ਸੰਗਠਨਾਂ ਨੂੰ ਨਾਲ ਲੈ ਕੇ ਰਿਸਰਚ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਇਸ ਕੰਮ ’ਚ ਭਾਰਤੀ ਮਜ਼ਦੂਰ ਸੰਘ, ਭਾਰਤੀ ਕਿਸਾਨ ਸੰਘ, ਵਿਦਿਆਰਥੀ ਪ੍ਰੀਸ਼ਦ ਅਤੇ ਲਘੂ ਉਦਯੋਗ ਭਾਰਤੀ ਵਰਗੇ ਸੰਗਠਨਾਂ ਦਾ ਸਹਿਯੋਗ ਲੈ ਕੇ ਦੇਸ਼ ਦੀ ਆਰਥਿਕ ਹਾਲਤ ਅਤੇ ਬੇਰੋਜ਼ਗਾਰੀ ’ਤੇ ਰਿਸਰਚ ਕੀਤੀ ਗਈ। ਰਿਸਰਚ ਤੋਂ ਬਾਅਦ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਹੋਈ।
ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਰੇਲਵੇ ਟਰੈਕ ਨੇੜਿਓਂ ਮਿਲੀ ਲਾਸ਼
ਅੱਜ ਵੀ ਦੇਸ਼ ਦੇ ਕੁੱਲ੍ਹ ਰੋਜ਼ਗਾਰ ’ਚ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਿਰਫ਼ 2.5 ਫ਼ੀਸਦੀ ਹੀ ਰੋਜ਼ਗਾਰ ਹੈ। ਜਦਕਿ ਪ੍ਰਾਈਵੇਟ ਸੈਕਟਰ ਅਤੇ ਕਾਰਪੋਰੇਟ ਜਗਤ ਕੁੱਲ੍ਹ ਮਿਲਾ ਕੇ ਲਗਭਗ ਸਵਾ 6 ਫ਼ੀਸਦੀ ਰੋਜ਼ਗਾਰ ਪੈਦਾ ਕਰਦਾ ਹੈ। ਦੇਸ਼ ਦੇ 75 ਤੋਂ ਲੈ ਕੇ 80 ਫ਼ੀਸਦੀ ਤੱਕ ਲੋਕ ਅਜੇ ਵੀ ਖੇਤੀਬਾੜੀ, ਸਵੈਰੋਜ਼ਗਾਰ ਅਤੇ ਛੋਟੀ ਦੁਕਾਨਦਾਰੀ ਤੋਂ ਇਲਾਵਾ ਉੱਦਮਤਾ ਕਰਦੇ ਹਨ ਪਰ ਦੇਸ਼ ’ਚ ਇਕ ਵੱਖਰੀ ਤਰ੍ਹਾਂ ਦਾ ਨੈਰੇਟਿਵ ਚਲਾਇਆ ਜਾ ਰਿਹਾ ਹੈ ਕਿ ਨੌਕਰੀ ਹੀ ਰੋਜ਼ਗਾਰ ਹੈ। ਇਸ ਨੈਰੇਟਿਵ ਦੀ ਧਾਰ ਘੱਟ ਕਰਨ ਅਤੇ ਲੋਕਾਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨ ਲਈ 'ਸਵਾਵਲੰਬੀ ਭਾਰਤ ਅਭਿਆਨ' ਦੇ ਤਹਿਤ ਸਫ਼ਲ ਕਾਰੋਬਾਰੀਆਂ ਦੀਆਂ ਕਹਾਣੀਆਂ ਸੁਣਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਅਭਿਆਨ ’ਚ ਅਜਿਹੇ ਅਜਿਹੇ ਲੋਕ ਸਾਹਮਣੇ ਆਏ ਹਨ, ਜਿਨ੍ਹਾਂ ਨੇ 1200 ਰੁਪਏ ਤੋਂ ਆਪਣਾ ਕੰਮ ਸ਼ੁਰੂ ਕਰ ਕੇ 800 ਕਰੋਡ਼ ਰੁਪਏ ਤੱਕ ਦੀ ਟਰਨਓਵਰ ਵਾਲੀਆਂ ਕੰਪਨੀ ਖੜ੍ਹੀਆਂ ਕੀਤੀਆਂ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਅਭਿਆਨ ਦਾ ਟੀਚਾ ਪੂਰਨ ਰੋਜ਼ਗਾਰ ਪ੍ਰਾਪਤ ਭਾਰਤ, ਗਰੀਬੀ ਮੁਕਤ ਭਾਰਤ ਅਤੇ ਖ਼ੁਸ਼ਹਾਲ ਭਾਰਤ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਨ ਦੇ ਸ਼ੁਰੂ ਹੋਣ ਤੋਂ ਬਾਅਦ ਹੈਦਰਾਬਾਦ ’ਚ ਲਗਾਏ ਗਏ ਇਕ ਹੀ ਮੇਲੇ ’ਚ 4000 ਲੋਕਾਂ ਨੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੰਕਲਪ ਲਿਆ ਅਤੇ ਇਸ ਤੋਂ ਬਾਅਦ ਬਾਲਾਘਾਟ ਦੇ ਮੇਲੇ ’ਚ ਵੀ 3000 ਲੋਕ ਸਵੈਰੋਜ਼ਗਾਰ ਦੇ ਨਾਲ ਜੁਡ਼ਣ ਦਾ ਸੰਕਲਪ ਲੈ ਕੇ ਗਏ। ਹੁਣ ਤੱਕ ਦੇਸ਼ ’ਚ 4000 ਯੂਨੀਵਰਸਿਟੀਆਂ ’ਚ 8 ਲੱਖ ਲੋਕਾਂ ਨੂੰ ਅਜਿਹੇ ਪ੍ਰੋਗਰਾਮਾਂ ਰਾਹੀਂ ਆਪਣਾ ਰੋਜ਼ਗਾਰ ਸ਼ੁਰੂ ਕਰਨ ਦਾ ਸੰਕਲਪ ਲੈ ਚੁੱਕੇ ਹਨ ਅਤੇ ਇਨ੍ਹਾਂ ’ਚੋਂ ਆਉਣ ਵਾਲੇ ਦੋ ਸਾਲਾਂ ’ਚ 8 ਲੱਖ ਨਵੇਂ ਕਾਰੋਬਾਰੀ ਜ਼ਰੂਰ ਨਿਕਲਣਗੇ। ਉਨ੍ਹਾਂ ਕਿਹਾ ਕਿ ਰੋਜ਼ਗਾਰ ਦੇ ਮਾਮਲੇ ’ਤੇ ਸਰਕਾਰ ਤੋਂ ਜ਼ਿਆਦਾ ਉਮੀਦ ਨਹੀਂ ਕਰਨੀ ਚਾਹੀਦੀ ਹੈ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਇਸ ਨਾਲ ਜੁੜ ਕੇ ਅਭਿਆਨ ਨੂੰ ਜ਼ਿਆਦਾ ਪ੍ਰਭਾਵੀ ਬਣਾਉਣਾ ਚਾਹੀਦਾ ਹੈ, ਕਿਉਂਕਿ ਜੋ ਅਭਿਆਨ ‘ਅ-ਸਰਕਾਰੀ’ ਹੁੰਦਾ ਹੈ, ਉਹ ਅਭਿਆਨ ਹੀ ‘ਅਸਰਕਾਰੀ’ ਹੁੰਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ, ਜਾਣੋ ਅਗਲੇ ਦਿਨਾਂ ਦਾ ਹਾਲ
ਸੂਬਿਆਂ ’ਚ ਪਰਵਾਰ ਨਿਯੋਜਨ ਦੀਆਂ ਮੁਹਿੰਮਾਂ ਬੰਦ ਹੋਣ, ਦੇਸ਼ ’ਚ ਆਬਾਦੀ ਵਧਾਉਣ ਦੀ ਜ਼ਰੂਰਤ
ਸਤੀਸ਼ ਕੁਮਾਰ ਨੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੱਲੋਂ ਦੇਸ਼ ’ਚ ਘੱਟ ਹੋ ਰਹੀ ਆਬਾਦੀ ਨੂੰ ਲੈ ਕੇ ਪ੍ਰਗਟਾਈ ਗਈ ਚਿੰਤਾ ਨੂੰ ਉਚਿਤ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੁੱਲ ਜਣੇਪਾ ਦਰ 2.1 ਫ਼ੀਸਦੀ ਤੋਂ ਹੇਠਾਂ ਜਾ ਰਹੀ ਹੈ ਅਤੇ ਇਹ ਯਕੀਨੀ ਤੌਰ ’ਤੇ ਦੇਸ਼ ਲਈ ਚਿੰਤਾ ਦੀ ਗੱਲ ਹੈ। ਇਸ ਕਾਰਨ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਆਬਾਦ ਵਧਾਉਣ ਨੂੰ ਲੈ ਕੇ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟਾਏ ਹਨ। ਉਨ੍ਹਾਂ ਕਿਹਾ ਕਿ 4 ਸਾਲਾਂ ਤੋਂ ਇਸ ਗੱਲ ਦੇ ਸੰਕੇਤ ਮਿਲ ਰਹੇ ਸਨ ਕਿ ਦੇਸ਼ ਦੀ ਆਬਾਦੀ ’ਚ ਕਮੀ ਆ ਰਹੀ ਹੈ ਪਰ ਨਵੇਂ ਅੰਕੜਿਆਂ ਮੁਤਾਬਕ ਸਾਹਮਣੇ ਆ ਰਿਹਾ ਹੈ ਕਿ ਪੰਜਾਬ ’ਚ ਕੁੱਲ ਜਣੇਪਾ ਦਰ ਘੱਟ ਹੋ ਕੇ 1.6 ਫ਼ੀਸਦੀ ਰਹਿ ਗਈ ਹੈ, ਜਦਕਿ ਮਹਾਰਾਸ਼ਟਰ ’ਚ ਇਹ ਡਿੱਗ ਕੇ 1.5 ਫ਼ੀਸਦੀ ਰਹਿ ਗਈ ਹੈ। ਇਹ ਯਕੀਨੀ ਤੌਰ ’ਤੇ ਚਿੰਤਾ ਵਾਲੀ ਗੱਲ ਹੈ , ਕਿਉਂਕਿ ਆਬਾਦੀ ਵਧਣ ਦੀ ਇਹ ਦਰ 2.1 ਫ਼ੀਸਦੀ ਤੋਂ ਵੱਧ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਉਨ੍ਹਾਂ ਕਿਹਾ ਕਿ ਹਾਲਾਂਕਿ ਸਰਕਾਰ ਵੱਲੋਂ ਹੀ ਦੇਸ਼ ’ਚ ਵਧਦੀ ਆਬਾਦੀ ਨੂੰ ਧਿਆਨ ’ਚ ਰੱਖਦੇ ਹੋਏ ਪਰਿਵਾਰ ਨਿਯੋਜਨ ਦੀ ਮੁਹਿੰਮ ਚਲਾਈ ਗਈ ਸੀ ਅਤੇ ਇਸ ’ਚ ਸਫਲਤਾ ਵੀ ਮਿਲੀ ਪਰ ਹੁਣ ਇਹ ਮੁਹਿੰਮ ਚਿੰਤਾ ਦਾ ਵਿਸ਼ਾ ਬਣ ਗਈ ਹੈ। ਕਿਉਂਕਿ ਅਜੇ ਵੀ ਕਈ ਸੂਬਿਆਂ ’ਚ ਸਰਕਾਰਾਂ ਇਹ ਮੁਹਿੰਮ ਚਲਾ ਰਹੀਆਂ ਹਨ, ਜਿਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2 ਜਾਂ 3 ਬੱਚੇ ਘਰ ਅਤੇ ਦੇਸ਼ ਨੂੰ ਚੰਗਾ ਰੱਖ ਸਕਦੇ ਹਨ। ਲਿਹਾਜ਼ਾ ਹੁਣ ਦੇਸ਼ ਦੇ ਨੌਜਵਾਨਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਦੇਸ਼ ਦੀ ਆਰਥਿਕ ਤਰੱਕੀ ਲਈ ਆਬਾਦੀ ਦਾ ਵਧਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਭਾਰਤ ’ਚ ਹੀ ਨਹੀਂ ਹੈ, ਸਗੋਂ ਕੌਮਾਂਤਰੀ ਪੱਧਰ ’ਤੇ ਹੁਣ ਇਹ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਦੱਖਣੀ ਕੋਰੀਆ ’ਚ ਆਬਾਦੀ ’ਚ ਵਾਧਾ ਦੀ ਦਰ 0.7 ਫ਼ੀਸਦੀ ਰਹਿ ਗਈ ਹੈ, ਜਦੋਂ ਕਿ ਜਾਪਾਨ ’ਚ 1.2 ਅਤੇ ਚੀਨ ’ਚ 1 ਫ਼ੀਸਦੀ ਰਹਿ ਗਈ ਹੈ। ਇਨ੍ਹਾਂ ਦੇਸ਼ਾਂ ’ਚ ਆਬਾਦੀ ਵਧਾਉਣ ਦੀਆਂ ਸਮੁੱਚੀਆਂ ਕੋਸ਼ਿਸ਼ਾਂ ਹੁਣ ਨਾਕਾਫੀ ਸਾਬਤ ਹੋ ਰਹੀਆਂ ਹਨ। ਦੁਨੀਆ ਦੇ 131 ਦੇਸ਼ਾਂ ’ਚ ਕੁੱਲ ਜਣੇਪਾ ਦਰ 2.1 ਫ਼ੀਸਦੀ ਤੋਂ ਹੇਠਾਂ ਚਲੀ ਗਈ ਹੈ, ਜਦੋਂ ਕਿ 53 ਦੇਸ਼ਾਂ ’ਚ ਇਹ ਦਰ 1.5 ਫ਼ੀਸਦੀ ਰਹਿ ਗਿਆ ਹੈ, ਜੋ ਯਕੀਨੀ ਤੌਰ ’ਤੇ ਚਿੰਤਾ ਦੀ ਗੱਲ ਹੈ। ਇਸ ਨਾਲ ਦੁਨੀਆ ਭਰ ਦੀ ਆਰਥਿਕ ਤਰੱਕੀ ’ਤੇ ਅਸਰ ਪਵੇਗਾ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਦੀ ਆਉਣ ਵਾਲੇ ਸਾਲਾਂ ’ਚ ਹੋਂਦ ਵੀ ਖਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਹੁਣ ਧਾਰਮਿਕ ਸੰਸਥਾਵਾਂ ਦੇ ਮੁਖੀਆਂ, ਸਾਧੂ-ਸੰਤਾਂ, ਸਮਾਜਕ ਸੰਗਠਨਾਂ ਅਤੇ ਮੀਡੀਆ ਨੂੰ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਹੀ ਤੱਥ ਸਾਹਮਣੇ ਰੱਖੇ ਜਾਣ, ਤਾਂ ਜੋ ਸਮਾਜ ਨਾਲ ਜੁੜੇ ਲੋਕ ਇਸ ਮਾਮਲੇ ’ਚ ਸਹੀ ਅਤੇ ਸਮਝਦਾਰੀ ਭਰਿਆ ਫ਼ੈਸਲਾ ਲੈ ਸਕਣ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮੁੜ ਵਾਪਸ ਪਰਤਿਆ ਕਿਸਾਨਾਂ ਦਾ ਜੱਥਾ, ਪੰਧੇਰ ਨੇ ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਾ ਵੇਚਣ ਤੋਂ ਰੋਕਣ ’ਤੇ ਚੱਲੀ ਗੋਲੀ ’ਚ ਇਕ ਜ਼ਖਮੀ, 3 ਖ਼ਿਲਾਫ਼ ਮਾਮਲਾ ਦਰਜ
NEXT STORY