ਲੁਧਿਆਣਾ, (ਹਿਤੇਸ਼)- ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵਲੋਂ ਬੀਤੇ ਦਿਨ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਲਿਸਟ ’ਚ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂ ਸ਼ਾਮਲ ਨਾ ਕਰਨ ਦਾ ਮੁੱਦਾ ਇਸ ਸਮੇਂ ਸਿਆਸੀ ਗਲਿਆਰਿਆਂ ’ਚ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਤੋਂ ਇਲਾਵਾ ਕਈ ਮੌਜੂਦਾ ਮੰਤਰੀਆਂ ਤੇ ਐੱਮ. ਪੀਜ਼ ਨੂੰ ਵੀ ਇਸ ਲਿਸਟ ’ਚ ਜਗ੍ਹਾ ਨਹੀਂ ਦਿੱਤੀ ਗਈ, ਜਿਸ ਵਿਚ ਪੰਜਾਬ ਦੇ ਭਾਜਪਾ ਦੇ ਇਕਲੌਤੇ ਐੱਮ. ਪੀ. ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਨਾਂ ਵੀ ਸ਼ਾਮਲ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਭਾਜਪਾ ਦੇ ਅੰਦਰ ਤੇ ਬਾਹਰ ਚਰਚਾ ਛਿੜ ਗਈ ਹੈ ਕਿ ਕਿਤੇ ਪੰਜਾਬ ਦੀ ਪ੍ਰਧਾਨਗੀ ਤੋਂ ਬਾਅਦ ਸਾਂਪਲਾ ਦੀ ਟਿਕਟ ’ਤੇ ਵੀ ਖਤਰਾ ਤਾਂ ਨਹੀਂ ਮੰਡਰਾ ਰਿਹਾ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਸਾਂਪਲਾ ਪਹਿਲੀ ਵਾਰ 2014 ’ਚ ਹੁਸ਼ਿਆਰਪੁਰ ਸੀਟ ਤੋਂ ਐੱਮ. ਪੀ. ਚੁਣੇ ਗਏ ਸਨ। ਉਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਦਲਿਤ ਚਿਹਰੇ ਦੇ ਰੂਪ ’ਚ ਪਹਿਲਾਂ ਪੰਜਾਬ ਦਾ ਪ੍ਰਧਾਨ ਤੇ ਫਿਰ ਕੇਂਦਰ ਸਰਕਾਰ ’ਚ ਮੰਤਰੀ ਬਣਾ ਦਿੱਤਾ ਪਰ ਕੁਝ ਦੇਰ ਬਾਅਦ ਹੀ ਪਾਰਟੀ ਹਾਈਕਮਾਨ ਦਾ ਮਨ ਸਾਂਪਲਾ ਤੋਂ ਅੱਕ ਗਿਆ ਤੇ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਉਨ੍ਹਾਂ ਤੋਂ ਪੰਜਾਬ ਪ੍ਰਧਾਨ ਦੀ ਕੁਰਸੀ ਖੁੱਸ ਗਈ। ਹੁਣ ਲੋਕ ਸਭਾ ਚੋਣਾਂ ’ਚ ਵੀ ਪਹਿਲੀ ਲਿਸਟ ’ਚ ਸਾਂਪਲਾ ਦੀ ਟਿਕਟ ਕਲੀਅਰ ਨਹੀਂ ਕੀਤੀ ਗਈ, ਜਿਸ ਕਾਰਨ ਹੁਸ਼ਿਆਰਪੁਰ ਦੇ ਲੋਕਾਂ ’ਚ ਉਨ੍ਹਾਂ ਦੇ ਕੰਮ ਨੂੰ ਲੈ ਕੇ ਹਾਈਕਮਾਨ ਤੱਕ ਪੰਹੁਚ ਰਹੀਆਂ ਰਿਪੋਰਟਾਂ ਨੂੰ ਵੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਤੇ ਰਾਜੇਸ਼ ਬਾਘਾ ਵਲੋਂ ਸਾਂਪਲਾ ਨੂੰ ਚੁਣੌਤੀ ਦਿੰਦੇ ਹੋਏ ਹੁਸ਼ਿਆਰਪੁਰ ਤੋਂ ਭਾਜਪਾ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ।
ਗੁਰਦਾਸਪੁਰ ਦੀ ਸੀਟ ’ਤੇ ਵੀ ਫਸਿਆ ਹੋਇਆ ਹੈ ਪੇਚ-
ਗੁਰਦਾਸਪੁਰ ’ਚ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਸਵਰਨ ਸਲਾਰੀਆ ਨੂੰ ਉਮੀਦਵਾਰ ਬਣਾਇਆ ਗਿਆ ਸੀ ਪਰ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਹਾਰ ਗਏ ਸਨ। ਹੁਣ ਕਾਂਗਰਸ ਤਾਂ ਜਾਖੜ ਨੂੰ ਮੁੜ ਉਮੀਦਵਾਰ ਬਣਾਉਣ ਜਾ ਰਹੀ ਹੈ ਪਰ ਭਾਜਪਾ ਵਲੋਂ ਸਲਾਰੀਆ ਤੋਂ ਇਲਾਵਾ ਵਿਨੋਦ ਖੰਨਾ ਦੀ ਪਤਨੀ ਤੇ ਬੇਟੇ ਤੋਂ ਇਲਾਵਾ ਮਾਸਟਰ ਮੋਹਨ ਲਾਲ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਦੇ ਨਾਵਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਪਿਛਲੇ ਦਿਨੀਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਭਾਜਪਾ ਦੀ ਟਿਕਟ ’ਤੇ ਗੁਰਦਾਸਪੁਰ ਤੋਂ ਚੋਣ ਲਡ਼ਨ ਦੀ ਖਬਰ ਆਈ ਸੀ ਪਰ ਬਾਜਵਾ ਨੇ ਉਸ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ।
ਕਰਾਸ ਫਾਇਰਿੰਗ ’ਚ ਗੈਂਗਸਟਰ ਲਾਲੀ ਚੀਮਾ ਜ਼ਖ਼ਮੀ
NEXT STORY