ਝਬਾਲ (ਹਰਬੰਸ ਲਾਲੂਘੁੰਮਣ) - ਅਮਰੀਕਾ ਦੇ ਲਾਸ ਏਂਜਲਸ ਵਿਸ਼ਵ ਪੁਲਸ ਖੇਡਾਂ 'ਚ ਸੋਨ, ਸਿਲਵਰ ਅਤੇ ਕਾਂਸੀ ਦੇ ਤਗਮੇ ਪ੍ਰਾਪਤ ਕਰਕੇ ਪੂਰੀ ਦੁਨੀਆਂ 'ਚ ਪੰਜਾਬ ਪੁਲਸ ਅਤੇ ਜ਼ਿਲਾ ਤਰਨਤਾਰਨ ਦੇ ਪਿੰਡ ਐਮਾਂ ਕਲਾਂ ਦਾ ਨਾਮ ਰੌਸ਼ਨ ਕਰਨ ਵਾਲੀ ਸਾਬਕਾ ਸਰਪੰਚ ਹਰਜੀਤ ਸਿੰਘ ਦੀ ਧੀ ਨੂੰ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਗੰਡੀਵਿੰਡ ਨੇ ਸਨਮਾਨਿਤ ਕੀਤਾ। ਰਣਜੀਤ ਸਿੰਘ ਰਾਣਾ ਗੰਡੀਵਿੰਡ ਨੇ ਕਿਹਾ ਕਿ ਧੀ ਜਸਪ੍ਰੀਤ ਕੌਰ 'ਤੇ ਪੂਰੇ ਪੰਜਾਬ ਵਾਸੀਆਂ ਨੂੰ ਮਾਣ ਹੈ ਅਤੇ ਜਸਪ੍ਰੀਤ ਕੌਰ ਉਨ੍ਹਾਂ ਸਵਾਰਥੀ ਲੋਕਾਂ ਲਈ ਪ੍ਰੇਰਣਾ ਸਰੋਤ ਵੀ ਹੈ ਜੋ ਲੋਕ ਧੀਆਂ ਨੂੰ ਬੋਝ ਸਮਝਦੇ ਹਨ ਅਤੇ ਧੀ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਸਦੇ ਮਾਤਾ ਦੇ ਗਰਭ 'ਚ ਕਤਲ ਕਰਵਾ ਦਿੰਦੇ ਹਨ। ਇਸ ਮੌਕੇ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਨਿੱਜੀ ਸਕੱਤਰ ਰਣਜੀਤ ਸਿੰਘ ਰਾਣਾ ਡਿਆਲ ਅਤੇ ਸਬ ਡਵੀਜ਼ਨ ਤਰਨਤਾਰਨ ਪੁਲਸ ਦੇ ਉਪ ਕਪਤਾਨ ਪਿਆਰਾ ਸਿੰਘ, ਐੱਸ. ਐੱਚ. ਓ. ਹਰਿਤ ਸ਼ਰਮਾ, ਹਰਿਆਵਲ ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ, ਐੱਨ. ਆਰ. ਆਈ. ਕੰਵਲਜੀਤ ਸਿੰਘ ਗੋਗੀ ਵਲੋਂ ਵੀ ਸਨਮਾਨਿਤ ਕੀਤਾ ਗਿਆ। ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਅਗਨੀਹੋਤਰੀ ਦੇ ਪੀ.ਏ. ਰਣਜੀਤ ਸਿੰਘ ਰਾਣਾ ਡਿਆਲ ਨੇ ਇਸ ਮੌਕੇ ਲੜਕੀ ਜਸਪ੍ਰੀਤ ਕੌਰ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਸਪ੍ਰੀਤ ਕੌਰ ਨੇ ਜ਼ਿਲਾ ਤਰਨਤਾਰਨ ਦਾ ਨਾਂ ਪੂਰੀ ਦੁਨੀਆਂ 'ਚ ਰੋਸ਼ਨ ਕੀਤਾ ਹੈ ਜਿਸ ਲਈ ਉਸ 'ਤੇ ਅੱਜ ਸਭ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਡਾ. ਅਗਨੀਹੋਤਰੀ ਵਲੋਂ ਜਲਦ ਹੀ ਜਸਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਪੰਜਾਬ ਪੁਲਸ 'ਚ ਉੱਚੀ ਪੱਦਵੀ ਦਿਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੋਲ ਸਿਫ਼ਾਰਸ ਵੀ ਕੀਤੀ ਜਾਵੇਗੀ।
ਲੜਕੀ ਹੋਣ 'ਤੇ ਹੋ ਰਿਹਾ ਹੈ ਮਾਣ ਮਹਿਸੂਸ - ਜਸਪ੍ਰੀਤ ਕੌਰ
ਜਸਪ੍ਰੀਤ ਕੌਰ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਸਨੂੰ ਲੜਕੀ ਹੋਣ 'ਤੇ ਅੱਜ ਮਾਣ ਮਹਿਸੂਸ ਹੋ ਰਿਹਾ ਹੈ। ਉਸ ਨੇ ਕਿਹਾ ਕਿ ਲੜਕੀਆਂ ਅੱਜ ਦੇ ਯੁੱਗ 'ਚ ਕਿਸੇ ਖੇਤਰ 'ਚ ਲੜਕਿਆਂ ਨਾਲੋਂ ਘੱਟ ਨਹੀਂ ਹਨ, ਪਰ ਸਮਾਜ ਨੂੰ ਉਨ੍ਹਾਂ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ। ਉਸ ਨੇ ਕਿਹਾ ਕਿ ਮਾਪੇ ਧੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜਾਉਣ ਅਤੇ ਪੁੱਤਾਂ ਦੇ ਬਰਾਬਰ ਸਨਮਾਣ ਦੇਣ ਤਾਂ ਜੋ ਧੀਆਂ ਆਪਣੇ ਆਪ ਨੂੰ ਨੀਵਾਂ ਮਹਿਸੂਸ ਨਾ ਕਰਨ। ਉਸ ਨੇ ਲੜਕੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਮਾਪਿਆਂ ਦੀ ਕਹਿਣੀ 'ਚ ਰਹਿੰਦਿਆਂ ਉਨ੍ਹਾਂ ਦੀ ਆਨ, ਸ਼ਾਨ ਅਤੇ ਮਾਣ ਕਾਇਮ ਰੱਖਣ ਅਤੇ ਜ਼ਿੰਦਗੀ 'ਚ ਚੰਗੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਫੈਸਲੇ ਲੈਣ।
ਜਸਪ੍ਰੀਤ ਨੇ ਖੱਟਿਆ ਪੂਰੀ ਦੁਨੀਆਂ 'ਚ 'ਜੱਸ'- ਚੇਅਰਮੈਨ ਢਿੱਲੋਂ
ਪਿੰਡ ਐਮਾਂ ਕਲਾਂ ਵਿਖੇ ਰੱਖੇ ਸਵਾਗਤੀ ਸਮਾਗਮ ਮੌਕੇ ਬੋਲਦਿਆਂ ਹਰਿਆਵਲ ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜਸਪ੍ਰੀਤ ਕੌਰ ਨੇ ਪੂਰੀ ਦੁਨੀਆਂ ਅੰਦਰ ਜੱਸ ਖੱਟਿਆ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਕੌਰ 'ਤੇ ਪੂਰੇ ਪੰਜਾਬ ਨੂੰ ਮਾਣ ਹੈ ਅਤੇ ਜਲਦ ਹੀ ਹਰਿਆਵਲ ਫਾਊਂਡਸ਼ਨ ਵੱਲੋਂ ਇਸ ਧੀ ਨੂੰ 'ਪੰਜਾਬ ਦੀ ਮਾਣ ਧੀ' ਨਾਲ ਸਨਮਾਨਿਤ ਕੀਤਾ ਜਾਵੇਗਾ।
ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰੇ ਪਰਿਵਾਰ ਨੇ ਕੀਤੀ ਨਵਵਿਆਹਤਾ ਦੀ ਹੱਤਿਆ
NEXT STORY