ਅੰਮ੍ਰਿਤਸਰ, (ਮਹਿੰਦਰ, ਕਮਲ)— 'ਭਾਰਤ ਰਤਨ' ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਨੂੰ ਰਾਜ ਸਭਾ ਦੇ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਬੁੱਧਵਾਰ ਬਿਆਸ ਦਰਿਆ ਵਿਚ ਜਲ ਪ੍ਰਵਾਹ ਕੀਤਾ। ਇਸ ਮੌਕੇ 'ਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਵੀ ਮੌਜੂਦ ਸਨ।
ਮਲਿਕ ਨੇ ਕਿਹਾ ਕਿ ਅਟਲ ਜੀ ਭਾਵੇਂ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਹਨ ਪਰ ਪ੍ਰੇਰਣਾ ਦੇ ਸੋਮੇ ਵਜੋਂ ਉਹ ਸਾਰੇ ਭਾਰਤ ਵਾਸੀਆਂ ਦੇ ਦਿਲਾਂ 'ਚ ਅੱਜ ਵੀ ਵਸੇ ਹੋਏ ਹਨ। ਸਭ ਦੇਸ਼ ਵਾਸੀ ਅਟਲ ਜੀ ਨੂੰ ਇੰਨਾ ਚਾਹੁੰਦੇ ਹਨ ਕਿ ਅੱਜ ਉਨ੍ਹਾਂ ਦੀਆਂ ਅਸਥੀਆਂ ਦੀ ਇਕ ਝਲਕ ਵੇਖਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਹਜ਼ਾਰਾਂ ਲੋਕਾਂ ਅਤੇ ਪਾਰਟੀ ਵਰਕਰਾਂ ਦੀ ਭੀੜ ਲੱਗੀ ਰਹੀ। ਅਟਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਜਿਥੇ ਦੇਸ਼ ਦੀ ਭਲਾਈ ਲਈ ਲਾਈ, ਉਥੇ ਪ੍ਰਮਾਣੂ ਪ੍ਰੀਖਣ, ਚੰਦਰਯਾਨ ਤੇ ਕਾਰਗਿਲ ਦੀ ਜਿੱਤ ਉਨ੍ਹਾਂ ਦੀਆਂ ਪ੍ਰਮੁੱਖ ਪ੍ਰਾਪਤੀਆਂ ਸਨ। ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਭ ਨੂੰ ਅੱਗੇ ਵਧਣਾ ਚਾਹੀਦਾ ਹੈ। ਅਟਲ ਜੀ ਸੱਚਮੁੱਚ ਅਟਲ ਸਨ। ਉਹ ਹਮੇਸ਼ਾ ਅਮਰ ਰਹਿਣਗੇ। ਅਟਲ ਜੀ ਦੀ ਜ਼ਿੰਦਗੀ ਤੋਂ ਰਾਧਾ ਸੁਆਮੀ ਸ਼ਰਧਾਲੂ ਵੀ ਬਹੁਤ ਪ੍ਰਭਾਵਿਤ ਸਨ। ਇਹੀ ਕਾਰਨ ਹੈ ਕਿ ਅਟਲ ਜੀ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੇ ਪ੍ਰੋਗਰਾਮ ਵਿਚ ਡੇਰਾ ਰਾਧਾ ਸੁਆਮੀ ਦੇ ਸ਼ਰਧਾਲੂਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ।
ਪਹਿਲਾਂ ਸ਼ਵੇਤ ਮਲਿਕ ਵਾਜਪਾਈ ਜੀ ਦੀਆਂ ਅਸਥੀਆਂ ਨੂੰ ਦਿੱਲੀ ਤੋਂ ਇਕ ਹਵਾਈ ਜਹਾਜ਼ ਰਾਹੀਂ ਲੈ ਕੇ ਸਥਾਨਕ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਵਿਖੇ ਪੁੱਜੇ। ਇਸ ਮੌਕੇ 'ਤੇ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਕੌਮੀ ਸਕੱਤਰ ਤਰੁਣ ਚੁੱਘ ਵੀ ਮੌਜੂਦ ਸਨ। ਵੱਡੀ ਗਿਣਤੀ ਵਿਚ ਲੋਕ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਹਵਾਈ ਅੱਡੇ ਵਿਖੇ ਪੁੱਜੇ। ਪਾਰਟੀ ਦੇ ਹਜ਼ਾਰਾਂ ਵਰਕਰਾਂ ਅਤੇ ਸ਼ਹਿਰ ਵਾਸੀਆਂ ਦਾ ਵੱਡਾ ਕਾਫਿਲਾ ਬਿਆਸ ਦਰਿਆ ਤੱਕ ਪੁੱਜਾ।
ਅਸਥੀਆਂ ਦੇ ਕਲਸ਼ ਨੂੰ ਕੁਝ ਸਮੇਂ ਲਈ ਸਥਾਨਕ ਹਵਾਈ ਅੱਡੇ ਵਿਖੇ ਰੱਖਿਆ ਗਿਆ। ਉਸ ਤੋਂ ਬਾਅਦ ਉਥੋਂ ਇਕ ਵੱਡਾ ਕਾਫਿਲਾ ਰਵਾਨਾ ਹੋਇਆ ਜੋ ਮੀਰਾਕੋਟ, ਕਚਹਿਰੀ ਚੌਕ, ਕੋਰਟ ਰੋਡ ਅਤੇ ਐਲੀਵੇਟਡ ਰੋਡ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਨਿਊ ਅੰਮ੍ਰਿਤਸਰ, ਮਾਨਾਵਾਲਾ, ਜੰਡਿਆਲਾ ਗੁਰੂ, ਖਲਚੀਆਂ ਅਤੇ ਰਈਆਂ ਤੋਂ ਹੁੰਦਾ ਹੋਇਆ ਬਿਆਸ ਪੁੱਜਾ। ਰਾਹ ਵਿਚ ਥਾਂ-ਥਾਂ ਲੋਕਾਂ ਨੇ ਕਾਫਿਲੇ ਨੂੰ ਰੋਕ ਕੇ ਅਟਲ ਜੀ ਨੂੰ ਸ਼ਰਧਾਂਜਲੀ ਦਿੰਦਿਆਂ 'ਅਟਲ ਜੀ ਅਮਰ' ਰਹੇ ਦੇ ਨਾਅਰੇ ਲਾਏ।
ਇਹ ਵਿਅਕਤੀ ਵੀ ਸਨ ਮੌਜੂਦ : ਇਸ ਮੌਕੇ 'ਤੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਕੇਸ਼ ਰਾਠੌਰ, ਸੰਗਠਨ ਸਕੱਤਰ ਦਿਨੇਸ਼ ਕੁਮਾਰ, ਦਿਆਲ ਸਿੰਘ ਸੋਢੀ, ਸੂਬਾਈ ਭਾਜਪਾ ਪ੍ਰਧਾਨ ਕਮਲ ਸ਼ਰਮਾ, ਅਸ਼ਵਨੀ ਸ਼ਰਮਾ, ਰਾਜਿੰਦਰ ਭੰਡਾਰੀ, ਤੀਕਸ਼ਣ ਸੂਦ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਰਾਕੇਸ਼ ਗਿੱਲ, ਕੇਵਲ ਕੁਮਾਰ, ਸੁਰੇਸ਼ ਮਹਾਜਨ, ਡਾ. ਬਲਦੇਵ ਰਾਜ ਚਾਵਲਾ, ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਰੀਨਾ ਜੇਤਲੀ, ਸੂਬਾਈ ਸਕੱਤਰ ਉਮੇਸ਼ ਸ਼ਾਰਦਾ, ਉਮੇਸ਼ ਸ਼ਾਕਰ, ਨਰਿੰਦਰ ਪਰਮਾਰ, ਅੰਮ੍ਰਿਤਸਰ ਭਾਜਪਾ ਦੇ ਜ਼ਿਲਾ ਪ੍ਰਧਾਨ ਆਨੰਦ ਸ਼ਰਮਾ, ਜਲੰਧਰ ਦੇ ਜ਼ਿਲਾ ਪ੍ਰਧਾਨ ਰਮਨ ਪੱਬੀ, ਸੁਬੋਧ ਵਰਮਾ ਫਾਜ਼ਿਲਕਾ, ਸੰਜੇ ਸਿੰਗਲਾ ਸੰਗਰੂਰ, ਰਾਕੇਸ਼ ਭਾਟੀਆ ਬਟਾਲਾ, ਰਾਜਿੰਦਰ ਮੋਹਨ ਸਿੰਘ ਛੀਨਾ, ਬਖਸ਼ੀ ਰਾਮ ਅਰੋੜਾ, ਰਾਜਿੰਦਰ ਮਹਾਜਨ, ਗੌਤਮ ਅਰੋੜਾ, ਮੇਜਰ ਗਿੱਲ, ਵਰੁਣ ਪੁਰੀ, ਡਾ. ਹਰਵਿੰਦਰ ਸੰਧੂ, ਜਨਾਰਦਨ ਸ਼ਰਮਾ, ਡਾ. ਰਾਮ ਚਾਵਲਾ, ਸਲੀਲ ਕਪੂਰ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।
ਵੋਲਵੋ ਬੱਸ ਦੀ ਮਹਿੰਦਰਾ ਪਿੱਕਅਪ ਜੀਪ ਨਾਲ ਟੱਕਰ, 6 ਜ਼ਖ਼ਮੀ
NEXT STORY