ਚੰਡੀਗੜ੍ਹ (ਹਰੀਸ਼ਚੰਦਰ) : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਪੰਜਾਬ ਵਿਚ ਵਿਜੀਲੈਂਸ ਬਿਊਰੋ ਇਕ ਵਾਰ ਫਿਰ ਤੋਂ ਸਰਗਰਮ ਹੋ ਚੁੱਕਿਆ ਹੈ। ਭ੍ਰਿਸ਼ਟਾਚਾਰ, ਘੋਟਾਲਿਆਂ ਅਤੇ ਕਮਾਈ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਕਿੰਨੇ ਹੀ ਮਾਮਲਿਆਂ ਵਿਚ ਨੇਤਾਵਾਂ-ਅਫ਼ਸਰਾਂ ਖਿਲਾਫ਼ ਉਸ ਦੀ ਜਾਂਚ ਮੁਹਿੰਮ ਜਾਰੀ ਹੈ। ਉਂਝ ਤਾਂ ਪਹਿਲਾਂ ਵੀ ਵਿਜੀਲੈਂਸ ਬਿਊਰੋ ਖੂਬ ਸਰਗਰਮ ਰਿਹਾ ਹੈ ਪਰ ਪਿਛਲੀਆਂ ਸਰਕਾਰਾਂ ਵਿਚ ਸੱਤਾਧਿਰ ਵਲੋਂ ਸ਼ਾਇਦ ਹੀ ਕਿਸੇ ’ਤੇ ਵਿਜੀਲੈਂਸ ਦੀ ਟੇਢੀ ਨਜ਼ਰ ਪਈ ਹੋਵੇ। ਇਸ ਵਾਰ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੋਈ ਭੇਦਭਾਵ ਨਹੀਂ ਕਰ ਰਹੀ। 1972 ਵਿਚ ਵਿਸ਼ੇਸ਼ ਜਾਂਚ ਏਜੰਸੀ ਦਾ ਨਾਮ ਬਦਲ ਕੇ ਵਿਜੀਲੈਂਸ ਬਿਊਰੋ ਕੀਤਾ। ਪੰਜਾਬ ਵਿਚ ਪਹਿਲੀ ਵਾਰ 1955 ਵਿਚ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਅਤੇ ਵਿਸ਼ੇਸ਼ ਜਾਂਚ ਏਜੰਸੀ ਗਠਿਤ ਕੀਤੀ ਗਈ ਸੀ। 14 ਜੁਲਾਈ, 1967 ਨੂੰ ਵਿਜੀਲੈਂਸ ਕਮਿਸ਼ਨ ਭੰਗ ਕਰ ਕੇ ਇਸ ਦੀ ਜਗ੍ਹਾ 15 ਜੁਲਾਈ, 1967 ਨੂੰ ਵਿਜੀਲੈਂਸ ਵਿਭਾਗ ਬਣਾਇਆ ਗਿਆ। ਇਸ ਦੇ ਸਿੱਧੇ ਕੰਟਰੋਲ ਵਿਚ ਹੀ ਵਿਸ਼ੇਸ਼ ਜਾਂਚ ਏਜੰਸੀ ਵੀ ਸੀ। 23 ਅਗਸਤ, 1972 ਨੂੰ ਵਿਸ਼ੇਸ਼ ਜਾਂਚ ਏਜੰਸੀ ਦਾ ਨਾਮ ਬਦਲ ਕੇ ਵਿਜੀਲੈਂਸ ਬਿਊਰੋ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਦੀ ਵੱਡੀ ਕਾਰਵਾਈ, ਕੰਡਕਟਰ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੇ ਆਦੇਸ਼, ਜਾਣੋ ਪੂਰਾ ਮਾਮਲਾ
ਕੈਪਟਨ ਦੇ ਸਮੇਂ ਸੁਰਖੀਆਂ ’ਚ ਆਇਆ ਸੀ ਵਿਜੀਲੈਂਸ ਬਿਊਰੋ
ਵਿਜੀਲੈਂਸ ਬਿਊਰੋ ਪਹਿਲੀ ਵਾਰ ਸੁਰਖੀਆਂ ਵਿਚ ਸਾਲ 2002 ਵਿਚ ਆਇਆ ਸੀ, ਜਦੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਉਦੋਂ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਸੱਤਾ ਵਿਚ ਆਏ ਕੈ. ਅਮਰਿੰਦਰ ਸਿੰਘ ਦੀ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਨੂੰ ਜਨਤਾ ਗੰਭੀਰਤਾ ਨਾਲ ਲੈਣ ਲੱਗੀ ਸੀ। ਬਾਅਦ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ ਸਮੇਤ ਅਕਾਲੀ ਦਲ ਦੇ ਲਗਭਗ ਦਰਜਨ ਭਰ ਸਾਬਕਾ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਮਾਮਲਿਆਂ ਵਿਚ ਕੈਪਟਨ ਸਰਕਾਰ ਨੇ ਜੇਲ ਭਿਜਵਾ ਦਿੱਤਾ ਸੀ। ਏ. ਪੀ. ਪੰਡਿਤ ਉਦੋਂ ਚੀਫ਼ ਵਿਜੀਲੈਂਸ ਡਾਇਰੈਕਟਰ ਹੋਇਆ ਕਰਦੇ ਸਨ। ਅਕਾਲੀ ਦਲ ਉਦੋਂ ਇਸ ਨੂੰ ਬਦਲੇ ਦੀ ਰਾਜਨੀਤੀ ਦੱਸਦਾ ਰਿਹਾ ਸੀ।ਫਿਰ ਸਿਆਸੀ ਮੰਚਾਂ ’ਤੇ ਹੀ ਬਿਆਨਬਾਜ਼ੀਆਂ ਹੁੰਦੀਆਂ ਰਹੀਆਂ
2007 ਵਿਚ ਪੰਜਾਬ ਵਿਚ ਨਿਜ਼ਾਮ ਬਦਲਿਆ ਅਤੇ ਅਕਾਲੀ ਦਲ ਤੋਂ ਪ੍ਰਕਾਸ਼ ਸਿੰਘ ਬਾਦਲ ਇਕ ਵਾਰ ਫਿਰ ਮੁੱਖ ਮੰਤਰੀ ਬਣੇ। ਇਸ ਦੇ ਨਾਲ ਹੀ ਵਿਜੀਲੈਂਸ ਬਿਊਰੋ ਦੀ ਕਮਾਨ ਆਈ ਸੁਮੇਧ ਸਿੰਘ ਸੈਣੀ ਦੇ ਹੱਥ ਵਿਚ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕਰੀਬੀ ਰਹੇ ਕਈ ਸਾਬਕਾ ਪੁਲਸ ਅਧਿਕਾਰੀਆਂ ਖਿਲਾਫ਼ ਜਾਂਚ ਖੋਲ੍ਹ ਦਿੱਤੀ। ਖੈਰ, ਕੁੱਝ ਸਮਾਂ ਬੀਤਣ ਤੋਂ ਬਾਅਦ ਇਹ ਕੇਸ ਫਿੱਕੇ ਪੈਣ ਲੱਗੇ ਅਤੇ ਆਖਿਰਕਾਰ, ਜ਼ਿਆਦਾਤਰ ਨੇਤਾਵਾਂ ਖਿਲਾਫ਼ ਮਾਮਲੇ ਖਤਮ ਹੀ ਹੋ ਗਏ ਸਨ। ਇਸ ਦੇ ਬਾਅਦ ਬਾਦਲ ਅਤੇ ਕੈਪਟਨ ਨੇ ਰਾਜਨੀਤਕ ਮੰਚਾਂ ਤੋਂ ਚਾਹੇ ਇਕ-ਦੂਜੇ ’ਤੇ ਹਮਲੇ ਬੋਲੇ ਹੋਣ ਪਰ ਕਦੇ ਵੀ ਕਿਸੇ ਨੇ ਵੀ ਦੂਜੇ ਖਿਲਾਫ਼ ਕੇਸ ਦਰਜ ਨਹੀਂ ਕਰਵਾਏ।
ਅਫ਼ਸਰਸ਼ਾਹੀ ਵੀ ਵਿਜੀਲੈਂਸ ਦੀ ‘ਨਜ਼ਰ’ ਤੋਂ ਨਹੀਂ ਬਚੀ
ਮੋਹਾਲੀ ਵਿਚ ਇਕ ਇੰਡਸਟ੍ਰੀਅਲ ਪਲਾਟ ਦੇ ਮਾਮਲੇ ਵਿਚ ਆਈ. ਏ. ਐੱਸ. ਨੀਲਿਮਾ ਅਤੇ 10 ਅਫ਼ਸਰਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਨੀਲਿਮਾ ਦੇ ਹੱਕ ਵਿਚ ਆਈ.ਏ.ਐੱਸ. ਲੌਬੀ ਨੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਮਾਮਲੇ ਵਿਚ ਅਸਟੇਟ ਅਫ਼ਸਰ ਅੰਕੁਰ ਚੌਧਰੀ, ਜਨਰਲ ਮੈਨੇਜਰ ਦਵਿੰਦਰ ਪਾਲ, ਸੀ.ਜੀ.ਐੱਮ. ਜੇ.ਐੱਸ. ਭਾਟੀਆ, ਏ.ਟੀ.ਪੀ. ਆਸ਼ਿਮਾ ਅਗਰਵਾਲ, ਐਗਜ਼ੀਕਿਊਟਿਵ ਇੰਜੀਨੀਅਰ ਪਰਮਿੰਦਰ ਸਿੰਘ, ਡੀ.ਏ. ਰਜਤ ਕੁਮਾਰ ਅਤੇ ਸਬ ਡਵੀਜ਼ਨਲ ਇੰਜੀਨੀਅਰ ਸੰਦੀਪ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ। ਬਾਅਦ ਵਿਚ ਪੀ.ਐੱਸ.ਆਈ.ਡੀ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਰਹੇ ਐੱਸ.ਪੀ. ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਹਨ ਰਾਡਾਰ ’ਤੇ
ਸਾਬਕਾ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ, ਵਿਜੇਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਗੁਰਪ੍ਰੀਤ ਕਾਂਗੜ ਆਦਿ ਵੀ ਵਿਜੀਲੈਂਸ ਬਿਊਰੋ ਦੇ ਰਾਡਾਰ ’ਤੇ ਚੱਲ ਰਹੇ ਹਨ, ਜਿਨ੍ਹਾਂ ਨੂੰ ਪੁਛਗਿਛ ਲਈ ਬੁਲਾਇਆ ਜਾ ਰਿਹਾ ਹੈ। ਸਾਬਕਾ ਵਣ ਮੰਤਰੀ ਸੰਗਤ ਸਿੰਘ ਗਿਲਜੀਆਂ ਖਿਲਾਫ਼ ਵੀ ਜੰਗਲਾਤ ਘੋਟਾਲੇ ਵਿਚ ਕੇਸ ਦਰਜ ਕੀਤਾ ਜਾ ਚੁੱਕਿਆ ਹੈ। ਬਿਊਰੋ ਦੀ ਟੀਮ ਉਸ ਦੀ ਭਾਲ ਕਰ ਰਹੀ ਹੈ ਪਰ ਉਹ ਫਰਾਰ ਹੈ। ਕੈਪਟਨ ਅਮਰਿੰਦਰ ਦੇ ਰਾਜਨੀਤਕ ਸਲਾਹਕਾਰ ਰਹੇ ਅਤੇ ਬਾਅਦ ਵਿਚ ਪਾਲਾ ਬਦਲ ਕੇ ਨਵਜੋਤ ਸਿੱਧੂ ਦੇ ਖੇਮੇ ਵਿਚ ਜਾਣ ਵਾਲੇ ਕੈਪਟਨ ਸੰਦੀਪ ਸੰਧੂ ’ਤੇ ਵੀ ਸੋਲਰ ਲਾਈਟ ਘੋਟਾਲੇ ਵਿਚ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਗੈਸ ਪਾਈਪ ਹੋਈ ਲੀਕ, ਕੰਪਨੀ ਨੇ ਤੁਰੰਤ ਕਾਰਵਾਈ ਕਰਦਿਆਂ ਵੱਡਾ ਹਾਦਸਾ ਟਾਲਿਆ
ਭ੍ਰਿਸ਼ਟ ਲੋਕ ਚਾਹੇ ਜਿੰਨੇ ਹੀ ਵੱਡੇ ਅਹੁਦੇ ’ਤੇ ਹੋਣ, ਸਲਾਖਾਂ ਦੇ ਪਿੱਛੇ ਸੁੱਟਾਂਗੇ
ਮੇਰੀ ਸਰਕਾਰ ਬਦਲੇ ਦੀ ਰਾਜਨੀਤੀ ਨਹੀਂ ਕਰ ਰਹੀ ਸਗੋਂ ਉਨ੍ਹਾਂ ਭ੍ਰਿਸ਼ਟਾਚਾਰੀਆਂ ’ਤੇ ਨਕੇਲ ਪਾ ਰਹੀ ਹੈ, ਜਿਨ੍ਹਾਂ ਨੇ ਸਾਡੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਅਤੇ ਬੇਸ਼ਰਮੀ ਨਾਲ ਲੁੱਟਿਆ। ਅਸੀ ਭ੍ਰਿਸ਼ਟ ਲੋਕਾਂ, ਚਾਹੇ ਉਹ ਕਿੰਨੇ ਵੀ ਉੱਚੇ ਅਹੁਦਿਆਂ ’ਤੇ ਰਹੇ ਹੋਣ ਜਾਂ ਅਜੇ ਵੀ ਹੋਣ, ਨੂੰ ਸਲਾਖਾਂ ਪਿੱਛੇ ਪਾਉਣ ਨੂੰ ਯਕੀਨੀ ਬਣਾ ਕੇ ਸਿਸਟਮ ਦੀ ਸਫ਼ਾਈ ਕਰ ਰਹੇ ਹਾਂ। ਇਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਆਪਣੇ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਹੀ ਪਵੇਗੀ।
-ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ।
ਇਕ ਤੋਂ ਬਾਅਦ ਇਕ ਕਾਰਵਾਈ, ਕੋਈ ਆਪਣਾ-ਪਰਾਇਆ ਨਹੀਂ, ਜੋ ਗਲਤ ਕਰੇਗਾ ਅੰਜਾਮ ਭਗੁਤੇਗਾ
‘ਆਪ’ ਵਿਧਾਇਕ ’ਤੇ ਵੀ ਕਾਰਵਾਈ
ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਣ ਦੇ ਮੂਡ ਵਿਚ ਨਹੀਂ ਹਨ, ਚਾਹੇ ਉਹ ਉਨ੍ਹਾਂ ਦੀ ਹੀ ਪਾਰਟੀ ਦਾ ਹੀ ਕਿਉਂ ਨਾ ਹੋਵੇ। ਵਿਜੀਲੈਂਸ ਬਿਊਰੋ ਨੇ 23 ਫਰਵਰੀ ਨੂੰ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਇਕ ਸਾਥੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਿਸ਼ਵਤ ਮਾਮਲੇ ਵਿਚ ਕੋਟਫੱਤਾ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ।
ਅਨਾਜ ਢੁਆਈ ਘਪਲੇ ਵਿਚ ਆਸ਼ੂ ਦੀ ਗ੍ਰਿਫ਼ਤਾਰੀ
ਬੀਤੇ ਸਾਲ ਅਨਾਜ ਢੁਆਈ ਟੈਂਡਰ ਮਾਮਲੇ ਵਿਚ ਗੋਲਮਾਲ ਲਈ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬਿਊਰੋ ਨੇ ਕਾਬੂ ਕੀਤਾ ਸੀ। ਇਸ ਮਾਮਲੇ ਵਿਚ 16 ਅਗਸਤ ਨੂੰ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਆਸ਼ੂ ਨੂੰ 19 ਨੂੰ ਵਿਜੀਲੈਂਸ ਨੇ ਨਾਮਜ਼ਦ ਕੀਤਾ ਸੀ। ਉਸ ਨੂੰ 22 ਅਗਸਤ ਨੂੰ ਫ਼ਿਲਮੀ ਅੰਦਾਜ਼ ਵਿਚ ਲੁਧਿਆਣਾ ਦੇ ਇਕ ਸੈਲੂਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਹਿਲਾਂ ਕਮਾਈ ਤੋਂ ਜ਼ਿਆਦਾ ਜਾਇਦਾਦ ਮਾਮਲੇ, ਫਿਰ ਪਲਾਟ ਘਪਲੇ ਵਿਚ ਅਰੋੜਾ ਦੀ ਗ੍ਰਿਫ਼ਤਾਰੀ
ਕੈਪਟਨ ਸਰਕਾਰ ਵਿਚ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਨੂੰ ਵੀ ਪਿਛਲੇ ਸਾਲ ਵਿਜੀਲੈਂਸ ਬਿਊਰੋ ਨੇ ਬੜੇ ਨਾਟਕੀ ਢੰਗ ਨਾਲ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਕਮਾਈ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਉਸ ਖਿਲਾਫ਼ ਵਿਜੀਲੈਂਸ ਦੀ ਜਾਂਚ ਚੱਲ ਰਹੀ ਸੀ। ਉਹ 14 ਅਕਤੂਬਰ ਨੂੰ ਵਿਜੀਲੈਂਸ ਏ.ਆਈ.ਜੀ. ਮਨਮੋਹਨ ਕੁਮਾਰ ਨੂੰ ਮਿਲੇ ਅਤੇ ਜਾਂਚ ਵਿਚ ਉਨ੍ਹਾਂ ਦਾ ਨਾਮ ਕਲੀਅਰ ਕਰਨ ਦੇ ਬਦਲੇ ਵਿਚ 1 ਕਰੋੜ ਰੁਪਏ ਦੀ ਆਫ਼ਰ ਉਨ੍ਹਾਂ ਨੂੰ ਦਿੱਤੀ। ਏ.ਆਈ.ਜੀ. ਨੇ ਆਪਣੇ ਸੀਨੀਅਰ ਅਫ਼ਸਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਜਦੋਂ ਸੁੰਦਰ ਸ਼ਾਮ ਅਰੋੜਾ 16 ਅਕਤੂਬਰ ਨੂੰ 50 ਲੱਖ ਰੁਪਏ ਲੈ ਕੇ ਪਹੁੰਚਿਆ ਤਾਂ ਉਸ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ। ਇੰਨਾ ਹੀ ਨਹੀਂ, ਜਦੋਂ ਉਹ ਕਾਨੂੰਨੀ ਹਿਰਾਸਤ ਵਿਚ ਚੱਲ ਰਿਹਾ ਸੀ ਉਦੋਂ ਪੀ.ਐੱਸ.ਆਈ.ਈ.ਸੀ. ਦੇ ਪਲਾਟ ਘਪਲੇ ਵਿਚ 12 ਜਨਵਰੀ ਨੂੰ ਉਸਨੂੰ ਇਕ ਵਾਰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ।
ਸਿੰਗਲਾ ਨੂੰ ਪਹਿਲਾਂ ਕੈਬਨਿਟ ਤੋਂ ਬਾਹਰ ਕੀਤਾ, ਫਿਰ ਗ੍ਰਿਫ਼ਤਾਰ
ਪਿਛਲੇ ਸਾਲ 24 ਮਈ ਨੂੰ ਭਗਵੰਤ ਮਾਨ ਨੇ ਪਹਿਲਾਂ ਆਪਣੇ ਸਿਹਤ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਵਿਖਾਇਆ ਅਤੇ ਫਿਰ ਉਸ ਨੂੰ ਗ੍ਰਿਫ਼ਤਾਰ ਕਰਵਾਇਆ। ਦਰਅਸਲ ਉਨ੍ਹਾਂ ਨੂੰ ਅਜਿਹੀ ਸੂਚਨਾ ਮਿਲੀ ਸੀ ਕਿ ਸਿੰਗਲਾ ਟੈਂਡਰਾਂ ਵਿਚ 1 ਫੀਸਦੀ ਕਮਿਸ਼ਨ ਦੀ ਮੰਗ ਕਰਦਾ ਹੈ। ਉਨ੍ਹਾਂ ਨੇ ਅੰਦਰਖਾਤੇ ਜਾਂਚ ਕਰਵਾਈ ਤਾਂ ਸੂਚਨਾ ਪੁਖਤਾ ਸਾਬਿਤ ਹੋਈ। ਸਿੰਗਲਾ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਸਨ।
ਢਿੱਲੋਂ ਵੀ ਧਰੇ ਗਏ
ਹਾਲ ਹੀ ਵਿਚ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਰਫ਼ ਕਿੱਕੀ ਢਿੱਲੋਂ ਦੀ ਵਿਜੀਲੈਂਸ ਵਲੋਂ ਗ੍ਰਿਫ਼ਤਾਰੀ ਨਾਲ ਕਾਂਗਰਸੀ ਨੇਤਾਵਾਂ ਵਿਚ ਖਲਬਲੀ ਮਚੀ ਹੋਈ ਹੈ। ਵਿਜੀਲੈਂਸ ਬਿਊਰੋ ਨੇ ਪਹਿਲੀ ਅਪ੍ਰੈਲ, 2017 ਤੋਂ 31 ਮਾਰਚ, 2022 ਦੌਰਾਨ ਕਿੱਕੀ ਢਿੱਲੋਂ ਦੀ ਆਮਦਨ ਅਤੇ ਖਰਚ ਦਾ ਬਿਓਰਾ ਜੁਟਾਇਆ ਸੀ, ਜਿਸ ਵਿਚ ਵੱਡੇ ਪੈਮਾਨੇ ’ਤੇ ਅੰਤਰ ਸਾਹਮਣੇ ਆਇਆ। ਉਸ ਨੂੰ ਫਰੀਦਕੋਟ ਵਿਚ ਵਿਜੀਲੈਂਸ ਦਫ਼ਤਰ ਵਿਚ ਪੁੱਛਗਿਛ ਲਈ ਬੁਲਾਇਆ ਗਿਆ ਸੀ, ਜਿੱਥੇ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਕਰ ਰਹੇ ਵਿਜੀਲੈਂਸ ਜਾਂਚ ਦਾ ਸਾਹਮਣਾ
2012-17 ਦੇ ਅਕਾਲੀ ਸ਼ਾਸਨ ਦੌਰਾਨ ਹੋਈ ਕਰੀਬ 1200 ਕਰੋੜ ਦੀ ਟੈਂਡਰ ਧਾਂਦਲੀ ਵਿਚ ਦੋ ਸਾਬਕਾ ਸਿੰਚਾਈ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਦੇ ਨਾਲ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐੱਸ. ਸਿੱਧੂ ਅਤੇ ਸਿੰਚਾਈ ਦੇ ਸਕੱਤਰ ਰਹੇ ਕੇ.ਐੱਸ. ਪੰਨੂ ਨੂੰ ਵੀ ਵਿਜੀਲੈਂਸ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੰਜੇ ਪੋਪਲੀ ਨੂੰ ਬਿਊਰੋ ਨੇ ਕੀਤਾ ਸੀ ਗ੍ਰਿਫ਼ਤਾਰ
ਬੀਤੇ ਸਾਲ ਆਈ.ਏ.ਐੱਸ. ਸੰਜੇ ਪੋਪਲੀ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਨਵਾਂਸ਼ਹਿਰ ਵਿਚ ਇਕ ਸੀਵਰੇਜ ਪ੍ਰ੍ਰੋਜੈਕਟ ਵਿਚ ਕਮਿਸ਼ਨ ਮੰਗਣ ਦਾ ਦੋਸ਼ ਸੀ। ਐੱਸ.ਐੱਸ.ਪੀ. ਰੈਂਕ ਦੇ ਪੀ.ਪੀ.ਐੱਸ. ਅਧਿਕਾਰੀ ਰਾਜਜੀਤ ਸਿੰਘ ਹੁੰਦਲ ਖਿਲਾਫ਼ ਵੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਹੋਈ ਹੈ। ਉਹ ਫਰਾਰ ਚੱਲ ਰਿਹਾ ਹੈ। ਉਸ ’ਤੇ ਡਰੱਗ ਮਾਫੀਆ ਨਾਲ ਮਿਲੀਭੁਗਤ ਕਰ ਕੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦਾ ਦੋਸ਼ ਹੈ।
ਇਹ ਵੀ ਪੜ੍ਹੋ : ਨਹਿਰਾਂ ਦੀਆਂ ਟੇਲਾਂ ਤੱਕ ਪਹੁੰਚਿਆ ਪਾਣੀ ਬਦਲ ਰਿਹੈ ਨਰਮਾ ਉਤਪਾਦਕ ਕਿਸਾਨਾਂ ਦੀ ਕਿਸਮਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਕਾਰ ਅੱਗੇ ਅਚਾਨਕ ਆਇਆ ਪਸ਼ੂ, ਇਕ ਤੋਂ ਬਾਅਦ ਇਕ ਟਕਰਾਈਆਂ 3 ਕਾਰਾਂ
NEXT STORY