ਸ੍ਰੀ ਮੁਕਤਸਰ ਸਾਹਿਬ (ਰਿਣੀ) - ਮੁਕਤਸਰ ਜ਼ਿਲੇ ਦੇ ਪਿੰਡ ਦੋਦਾ ’ਚ ਰਹਿਣ ਵਾਲੇ ਫੌਜ਼ੀ ਨੇ ਇਕ ਅਜਿਹਾ ਰੋਬੋਟ ਬਣਾਇਆ ਹੈ, ਜੋ ਨਾ ਸਿਰਫ਼ ਫੌਜ ਦੇ ਆਰਥਿਕ ਬੋਝ ਨੂੰ ਘਟਾਏਗਾ ਸਗੋਂ ਜਵਾਨਾਂ ਦੀਆਂ ਕੀਮਤੀ ਜਾਨਾਂ ਵੀ ਬਚਾਏਗਾ। ਜਾਣਕਾਰੀ ਅਨੁਸਾਰ ਦੋਦਾ ਪਿੰਡ ਦਾ ਧਰਮਜੀਤ ਇਸ ਸਮੇਂ ਦਿੱਲੀ ਵਿਖੇ ਆਰਮੀ ਇੰਜੀਨੀਅਰ ਕੋਡ ਦੇ ਬੰਬ ਸੈਕੁਅਡ ਦਸਤੇ ’ਚ ਕੰਮ ਕਰ ਰਿਹਾ ਹੈ। 10ਵੀਂ ਪਾਸ ਧਰਮਜੀਤ 2004 ’ਚ ਫੌਜ ’ਚ ਭਰਤੀ ਹੋਇਆ ਸੀ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਧਰਮਜੀਤ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਖਿਡੌਣੇ ਆਦਿ ਬਣਾਉਣ ਦਾ ਸ਼ੌਕ ਸੀ। ਉਸ ਨੇ ਦੇਖਿਆ ਕਿ ਫੌਜ ’ਚ ਬੰਬ ਨੂੰ ਖਤਮ ਕਰਨ ਵਾਲੇ ਰੋਬੋਟ ਨੂੰ ਵਿਅਕਤੀ ਨੂੰ ਆਪ ਬੰਬ ਦੇ ਨੇੜੇ ਲੈ ਕੇ ਜਾਣਾ ਪੈਂਦਾ ਹੈ। ਅਜਿਹੀ ਹਾਲਤ ’ਚ ਜੇਕਰ ਬੰਬ ਫੱਟ ਜਾਵੇ ਤਾਂ ਫੌਜ ਦੇ ਜਵਾਨ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਜੋ ਆਟੋਮੈਸਿਟਕ ਉਪਕਰਨ ਫੌਜ ਬੰਬ ਨੂੰ ਖਤਮ ਕਰਨ ਲਈ ਵਰਤ ਰਹੀ ਸੀ, ਉਸਦੀ ਕੀਮਤ 1 ਕਰੋੜ 75 ਲੱਖ ਰੁਪਏ ਹੈ। ਇਸ ਉਪਕਰਨ ’ਚ ਜੇਕਰ ਕੋਈ ਖਰਾਬੀ ਆ ਜਾਵੇ ਤਾਂ ਉਸ ਨੂੰ ਠੀਕ ਕਰਨ ’ਤੇ 3-4 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਇਸ ਦਰਮਿਆਨ ਉਸ ਨੇ ਆਪ ਰੋਬੋਟ ਬਣਾਉਣ ਦੀ ਸੋਚੀ, ਜਿਸ ਨੂੰ ਬਣਾਉਣ ’ਚ ਉਸ ਨੇ ਦਿਨ ਰਾਤ ਇਕ ਕਰ ਦਿੱਤੀ। ਧਰਮਜੀਤ ਅਨੁਸਾਰ ਸ਼ੁਰੂ ’ਚ ਉਸਦੇ ਸੀਨੀਅਰਾਂ ਨੇ ਉਸਨੂੰ ਕਿਹਾ ਕਿ ਇਹ ਔਖਾ ਕੰਮ ਹੈ ਪਰ ਜਿਵੇਂ ਉਹ ਕਾਮਯਾਬ ਹੋਇਆ, ਉਸਦੀ ਹਰੇਕ ਨੇ ਸਹਾਰਨਾ ਕੀਤੀ। ਮਹਿਜ 1 ਲੱਖ ਰੁਪਏ ਦੇ ਕਰੀਬ ਤਿਆਰ ਕੀਤੇ ਰੋਬੋਟ ਨੂੰ ਫੌਜ ਵਲੋਂ ਮਾਨਤਾ ਦੇ ਦਿੱਤੀ ਗਈ ਹੈ। ਰੋਬੋਟ ਬਣਾਉਣ ’ਤੇ ਜਿੱਥੇ ਉੱਚ ਅਧਿਕਾਰੀਆਂ ਵਲੋਂ ਧਰਮਜੀਤ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਸਨੂੰ ਸਨਮਾਨਿਤ ਕੀਤਾ।
ਧਰਮਜੀਤ ਅਨੁਸਾਰ ਉਹ ਦਿੱਲੀ ਵਿਖੇ ਆਪਣੇ ਸੁਕੈਅਡ ਦੀਆਂ 4 ਟੀਮਾਂ ਲਈ ਪਹਿਲਾਂ ਇਹ ਤਿਆਰ ਕਰ ਰਿਹਾ ਹੈ ਅਤੇ ਫਿਰ ਉਹ ਫੌਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਰ ਤਿਆਰ ਕਰੇਗਾ। ਧਰਮਜੀਤ ਦੀ ਮੰਨੀਏ ਤਾਂ ਲੋੜ ਕਾਂਢ ਦੀ ਮਾਂ ਹੈ। ਉਸ ਨੇ ਕਿਹਾ ਕਿ ਪਹਿਲਾ ਬੰਬ ਕੋਲ ਜਾਣ ’ਤੇ ਜੇਕਰ ਵਿਦੇਸ਼ੀ ਰੋਬੋਟ ਬੰਬ ਫੱਟਣ ਕਾਰਨ ਨਸ਼ਟ ਹੋ ਜਾਂਦਾ ਸੀ ਤਾਂ 1 ਕਰੋੜ 75 ਲੱਖ ਦਾ ਨੁਕਸਾਨ ਹੁੰਦਾ ਸੀ ਪਰ ਜੇ ਇਹ ਯੰਤਰ ਨਸ਼ਟ ਹੋ ਗਿਆ ਤਾਂ ਮਹਿਜ 1 ਲੱਖ ਦਾ ਨੁਕਸਾਨ ਹੋਵੇਗਾ। ਦੱਸ ਦੇਈਏ ਕਿ ਧਰਮਜੀਤ ਨੇ ਇਹ ਪਹਿਲਾਂ ਰੋਬੋਟ ਆਪਣੇ ਪੈਸੇ ਨਾਲ ਤਿਆਰ ਕੀਤਾ ਹੈ, ਜਿਸ ਨੂੰ ਮਾਨਤਾ ਮਿਲ ਗਈ ਹੈ ਅਤੇ ਹੁਣ ਉਹ ਫੌਜ ਲਈ ਅਜਿਹਾ ਯੰਤਰ ਤਿਆਰ ਕਰੇਗਾ।
ਪੰਜਾਬ 'ਚ ਹੋਣ ਵਾਲੇ ਸੜਕ ਹਾਦਸਿਆਂ 'ਚ ਆਈ ਗਿਰਾਵਟ
NEXT STORY