ਗੁਰਦਾਸਪੁਰ (ਦੀਪਕ) - ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਹਲਕਾ ਦੀਨਾਨਗਰ ਦੇ ਪਿੰਡ ਤਾਲਿਬਪੁਰ ਪੰਡੋਰੀ ਨੂੰ 2014 'ਚ ਭਾਜਪਾ ਦੇ ਸੰਸਦ ਮੈਂਬਰ ਸਵ. ਵਿਨੋਦ ਖੰਨਾ ਵਲੋਂ ਗੋਦ ਲਿਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਉਸ ਸਮੇਂ ਇਕ ਮਾਡਲ ਪਿੰਡ ਬਣਾਉਣ ਦੀ ਗੱਲ ਕਹੀ ਸੀ। ਦੱਸ ਦੇਈਏ ਕਿ ਪਿੰਡ ਦੇ ਵਿਕਾਸ ਲਈ ਵਿਨੋਦ ਖੰਨਾ ਵਲੋਂ 33 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਸੀ ਪਰ ਉਨ੍ਹਾਂ ਦੇ ਦੇਹਾਂਤ ਮਗਰੋਂ ਕਿਸੇ ਵੀ ਸੰਸਦ ਮੈਂਬਰ ਜਾਂ ਵਿਧਾਇਕਾਂ ਵਲੋਂ ਪਿੰਡ ਦੇ ਅਧੂਰੇ ਪਏ ਕੰਮਾਂ ਨੂੰ ਅਗਾਂਹ ਤੋਰਨ ਲਈ ਪਹਿਲਕਦਮੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਚੋਣ ਜਿੱਤਣ ਮਗਰੋਂ ਕੋਈ ਵੀ ਪਿੰਡ ਗੋਦ ਨਹੀਂ ਲਿਆ ਅਤੇ ਨਾ ਹੀ ਉਨ੍ਹਾਂ ਵਿਨੋਦ ਖੰਨਾ ਦੇ ਇਸ ਗੋਦ ਲਏ ਪਿੰਡ ਵੱਲ ਕੋਈ ਧਿਆਨ ਦਿੱਤਾ।
ਗੁਰਦਾਸਪੁਰ ਜ਼ਿਲਾ ਸਦਰ ਮੁਕਾਮ ਤੋਂ ਕਰੀਬ 12 ਕਿਲੋਮੀਟਰ ਦੂਰ ਪਿੰਡ ਤਾਲਿਬਪੁਰ ਪੰਡੋਰੀ ਦੀ ਹੱਦ ਪ੍ਰਸਿੱਧ ਧਾਰਮਿਕ ਸਥਾਨ ਦਰਬਾਰ ਪੰਡੋਰੀ ਨਾਲ ਲਗਦੀ ਹੈ। ਕਰੀਬ ਤਿੰਨ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਨੂੰ ਗੋਦ ਲੈਣ 'ਤੇ ਤਿੰਨ ਸਾਲ ਬਾਅਦ ਹੀ ਸ੍ਰੀ ਖੰਨਾ ਬਿਮਾਰ ਹੋ ਗਏ ਸਨ ਅਤੇ ਲੰਬੀ ਬਿਮਾਰੀ ਮਗਰੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਪਿੰਡ ਦੀ ਪੰਚਾਇਤ ਘਰ ਅਤੇ ਸ਼ਮਸ਼ਾਨਘਾਟ ਦੇ ਨਿਰਮਾਣ ਲਈ 10-10 ਲੱਖ ਰੁਪਏ, ਸੋਲਰ ਸਿਸਟਮ ਨਾਲ ਚੱਲਣ ਵਾਲੀਆਂ ਸਟਰੀਟ ਲਾਈਟਾਂ ਲਈ 3 ਲੱਖ ਰੁਪਏ ਅਤੇ ਪਾਰਕ ਦੀ ਮੁਰੰਮਤ ਲਈ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਬੇਸ਼ੱਕ ਵਿਨੋਦ ਖੰਨਾ ਵਲੋਂ ਇਸ ਪਿੰਡ ਦੇ ਵਿਕਾਸ ਲਈ 33 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ ਪਰ ਉਨ੍ਹਾਂ ਦੇ ਦੇਹਾਂਤ ਮਗਰੋਂ ਦੇਖ-ਰੇਖ ਦੀ ਕਮੀ ਸਾਫ਼ ਝਲਕਦੀ ਨਜ਼ਰ ਆ ਰਹੀ ਹੈ।
ਜਾਰੀ ਕੀਤੀ ਗਰਾਂਟ 'ਚੋਂ ਬਣਾਏ ਗਏ ਪੰਚਾਇਤ ਘਰ ਦੀ ਥਾਂ 'ਚੋਂ ਸੁਵਿਧਾ ਸੈਂਟਰ ਨੂੰ ਬਾਹਰ ਕਰ ਦਿੱਤਾ ਗਿਆ। ਲੜਕੀਆਂ ਦੇ ਸਿਲਾਈ-ਕਢਾਈ ਦੇ ਕੋਰਸ ਲਈ ਕਲਾਸਾਂ ਲਗਾਈਆਂ ਗਈਆਂ ਸਨ, ਜਿਨਾਂ ਨੂੰ ਬਾਅਦ 'ਚ ਬੰਦ ਕਰਵਾ ਦਿੱਤਾ। ਪਿੰਡ ਦੇ ਪੰਚਾਇਤ ਹਾਲ ਦੇ ਆਲੇ-ਦੁਆਲੇ ਵੱਡੀ ਮਾਤਰਾ 'ਚ ਕੂੜਾ ਕਰਕਟ ਪਿਆ ਹੋਇਆ ਹੈ ਅਤੇ ਪਾਰਕ ਦੀ ਹਾਲਤ ਤਰਸਯੋਗ ਹੈ। ਪਿੰਡ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਜ਼ਰੂਰ ਕੀਤੀ ਗਈ ਹੈ ਪਰ ਇਥੇ ਪਾਣੀ ਦੀ ਕਮੀ ਅੱਜ ਵੀ ਹੈ। ਪਿੰਡ 'ਚ ਲਾਈਆਂ 9 ਸੋਲਰ ਲਾਈਟਾਂ ਦੀ ਮੁਰੰਮਤ ਕਿਸੇ ਨੇ ਲੰਬੇ ਸਮੇਂ ਤੋਂ ਨਹੀਂ ਕਰਵਾਈ । ਪਿੰਡ 'ਚ ਸਭ ਤੋਂ ਵੱਡੀ ਸਮੱਸਿਆ ਕੂੜੇ ਦੀ ਹੈ, ਜਿਸ ਦੇ ਲਈ ਕੋਈ ਜਗ੍ਹਾ ਨਿਰਧਾਰਤ ਨਹੀਂ ਕੀਤੀ। ਪਿੰਡ 'ਚ ਆਯੁਰਵੈਦਿਕ ਡਿਸਪੈਂਸਰੀ ਹੈ, ਜਿਸ ਦੇ ਬਾਵਜੂਦ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਸ਼ਹਿਰ ਜਾਣਾ ਪੈ ਰਿਹਾ ਹੈ।
ਜਦੋਂ 'ਕੈਪਟਨ' ਵੀ ਚੋਣ ਜ਼ਾਬਤੇ 'ਚ ਫਸ ਗਏ...
NEXT STORY