ਬੋਹਾ, (ਜ.ਬ.)- ਪੰਜਾਬ ਨੂੰ ਗੁਆਂਢੀ ਸੂਬੇ ਹਰਿਆਣਾ ਨਾਲ ਮਿਲਾਉਣ ਵਾਲੀ ਬੁਢਲਾਡਾ- ਬੋਹਾ-ਰਤੀਆ ਸੜਕ ਦੀ ਹਾਲਤ ਪਿਛਲੇ ਦੋ ਸਾਲਾਂ ਤੋਂ ਇੰਨੀ ਖਸਤਾਹਾਲ ਤੇ ਬਦਤਰ ਚੱਲ ਰਹੀ ਹੈ ਕਿ ਬੋਹਾ ਤੋਂ ਬੁਢਲਾਡਾ ਤੱਕ 11 ਕਿਲੋਮੀਟਰ ਦਾ ਸਫ਼ਰ ਕਰਨ ਵਿਚ ਵੀ ਵਾਹਨਾਂ ਨੂੰ ਅੱਧੇ ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਸੜਕ ’ਤੇ ਪਏ ਵੱਡੇ-ਵੱਡੇ ਖੱਡੇ ਜਿੱਥੇ ਇੱਥੋਂ ਮਜਬੂਰੀ ਵੱਸ ਲੰਘਣ ਵਾਲੇ ਵਾਹਨਾਂ ਦੀ ਮਸ਼ੀਨਰੀ ਦਾ ਨੁਕਸਾਨ ਕਰ ਰਹੇ ਹਨ, ਉੱਥੇ ਹਰ ਸਮੇਂ ਕੋਈ ਹਾਦਸਾ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ ਤੇ ਇੰਨ੍ਹਾਂ ਪਾਣੀ ਭਰੇ ਖੱਡਿਆਂ ਵਿਚ ਇਸ਼ਨਾਨ ਕਰਨ ਵਾਲੇ ਸੂਰ ਅਵਾਜਾਈ ਵਿਚ ਵਿਘਨ ਪਾਉਂਦੇ ਹਨ। ਸਮਾਜ ਸੇਵੀ ਨਿਰੰਜਣ ਬੋਹਾ ਨੇ ਦੱਸਿਆ ਕਿ ਹਰਿਆਣਾ ਰਾਜ ਨੇ ਆਪਣੀ ਹੱਦ ਤੱਕ ਪੈਂਦੇ ਬਾਹਮਣਵਾਲਾ ਪਿੰਡ ਤੱਕ ਸੜਕ ਦਾ ਨਿਰਮਾਣ ਕਰ ਦਿੱਤਾ ਹੈ ਪਰ ਪੰਜਾਬ ਵਾਲੇ ਪਾਸੇ ਇਹ ਸੜਕ ਏਨੀ ਖਸਤਾਹਾਲ ਹੋ ਚੁੱਕੀ ਹੈ ਕਿ ਇਸ ਨਾਲੋਂ ਪੁਰਾਣੇ ਵੇਲਿਆਂ ਦੇ ਕੱਚੇ ਰਾਹ ਹੀ ਠੀਕ ਜਾਪਦੇ ਹਨ। ਉਨ੍ਹਾਂ ਕਿਹਾ ਕਿ ਸੜਕ ਦੀ ਹਲਾਤ ਵਿਚਕਾਰੋਂ ਬੱਦਤਰ ਹੋਣ ਕਾਰਨ ਵਾਹਨ ਚਾਲਕ ਹੁਣ ਵੀ ਸੜਕ ਦੇ ਦੋਹਾਂ ਪਾਸਿਆਂ ਦੀ ਕੱਚੀ ਪਗਡੰਡੀ ’ਤੇ ਚਲੱਣ ਵਿਚ ਆਪਣੀ ਬਿਹਤਰੀ ਸਮਝਦੇ ਹਨ। ਅਕਾਲੀ ਦਲ ਬੋਹਾ ਦੇ ਸ਼ਹਿਰੀ ਪ੍ਰਧਾਨ ਪਵਨ ਕੁਮਾਰ ਬੁਗਨ ਨੇ ਕਿਹਾ ਕਿ ਥੋੜ੍ਹੀ ਜਿਹੀ ਬਰਸਾਤ ਹੋਣ ਦੀ ਹਲਾਤ ਵਿਚ ਸੜਕ ’ਤੇ ਪਏ ਖੱਡਿਅਾਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਇੱਥੋਂ ਲੰਘਣ ਵਾਲੇ ਵਾਹਨਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਖੱਡਿਆਂ ਵਿਚ ਖੜ੍ਹੇ ਪਾਣੀ ਵਿਚੋਂ ਵਾਹਨਾਂ ਨੂੰ ਲੰਘਣਾ ਪੈਂਦਾ ਹੈ ਤਾਂ ਗੰਦਾ ਪਾਣੀ ਉੱਛਲ ਕੇ ਪੈਦਲ ਤੁਰਣ ਵਾਲੇ ਜਾਂ ਦੋ ਪਹੀਆ ਵਾਹਨ ਸਵਾਰਾਂ ਦੇ ਕੱਪੜੇ ਖਰਾਬ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬੋਹਾ ਖੇਤਰ ਦੇ ਮਰੀਜ਼ਾਂ ਨੂੰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਬੁਢਲਾਡਾ ਜਾਂ ਮਾਨਸਾ ਜਾਣਾ ਪੈਂਦਾ ਹੈ ਤਾਂ ਸੜਕ ’ਤੇ ਪਏ ਡੂੰਘੇ ਖੱਡਿਆਂ ਕਾਰਨ ਉਨ੍ਹਾਂ ਦੀ ਹਾਲਤ ਹੋਰ ਵੀ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਮਹਿਕਮਾ ਲੋਕ ਨਿਰਮਾਣ ਤੋਂ ਮੰਗ ਕੀਤੀ ਹੈ ਕਿ ਜੇ ਸੜਕ ਦੁਬਾਰਾ ਨਹੀਂ ਬਣਾਈ ਜਾ ਸਕਦੀ ਤਾਂ ਘੱਟੋ-ਘੱਟ ਇਸ ’ਤੇ ਪੈਚ ਵਰਕ ਕਰ ਕੇ ਲੋਕਾਂ ਨੂੰ ਕੁੱਝ ਰਾਹਤ ਦੇ ਦਿੱਤੀ ਜਾਵੇ।
2 ਕਾਰ ਸਵਾਰ ਰਾਜਸਥਾਨੀ 1150 ਨਸ਼ੇ ਵਾਲੀਅਾਂ ਸ਼ੀਸ਼ੀਆਂ ਸਮੇਤ ਕਾਬੂ, 1 ਫਰਾਰ
NEXT STORY