ਅੰਮ੍ਰਿਤਸਰ - ਪਾਣੀ ਦੀ ਇਕ-ਇਕ ਬੂੰਦ ਨੂੰ ਬਚਾਉਣਾ ਸਮੇਂ ਦੀ ਜ਼ਰੂਰਤ ਹੈ, ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਦਿਨੋ-ਦਿਨ ਰੁੱਖਾਂ ਦੇ ਕੱਟਣ ਤੇ ਪਾਣੀ ਦੇ ਦੁਰਉਪਯੋਗ ਨਾਲ ਜ਼ਮੀਨ ਹੇਠੋਂ ਪਾਣੀ ਸੁੱਕ ਰਿਹਾ ਹੈ। ਕਰੀਬ 20 ਸਾਲ ਪਹਿਲਾਂ 40 ਫੁੱਟ ਤੋਂ ਹੈਂਡਪੰਪ ਨਾਲ ਆਉਣ ਵਾਲਾ ਪਾਣੀ 90 ਤੋਂ 100 ਫੁੱਟ ਤੱਕ ਡੂੰਘਾ ਜਾ ਚੁੱਕਾ ਹੈ। ਪਿੰਗਲਵਾੜਾ ਸੰਸਥਾਪਕ ਸਵ. ਭਗਤ ਪੂਰਨ ਸਿੰਘ ਸਮੇਤ ਹੋਰ ਵਾਤਾਵਰਣ ਪ੍ਰੇਮੀਆਂ ਨੇ 20 ਸਾਲ ਪਹਿਲਾਂ ਹੀ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਪਾਣੀ ਦੀਆਂ ਮੁਸ਼ਕਿਲਾਂ ਸਬੰਧੀ ਜਾਗਰੂਕ ਕਰਦਿਆਂ 'ਪਾਣੀ ਬਚਾਓ ਤੇ ਰੁੱਖਾਂ ਦੀ ਸੰਭਾਲ' ਲਈ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਅਨੇਕਾਂ ਲੋਕਾਂ ਦੀ ਲਾਪ੍ਰਵਾਹੀ ਕਰ ਕੇ ਹਜ਼ਾਰਾਂ ਲਿਟਰ ਪਾਣੀ ਦੀ ਸੰਭਾਲ ਨਾ ਕਰ ਕੇ ਸੀਵਰੇਜਾਂ 'ਚ ਸੁੱਟਿਆ ਜਾ ਰਿਹਾ ਹੈ। ਨਗਰ ਨਿਗਮ ਵੀ ਘਰਾਂ 'ਚ ਸਾਫ ਪਾਣੀ ਪਹੁੰਚਾਉਣ 'ਚ ਫੇਲ ਹੋ ਰਿਹਾ ਹੈ, ਹਾਲਾਂਕਿ ਆਰਥਿਕ ਪੱਖੋਂ ਦੀਵਾਲੀਆ ਨਗਰ ਨਿਗਮ ਵੱਲੋਂ ਸਾਫ ਪਾਣੀ ਲਈ ਇਸ ਸਾਲ 28 ਕਰੋੜ ਦਾ ਬਜਟ ਰੱਖਿਆ ਗਿਆ ਹੈ। ਅੰਕੜਿਆਂ ਮੁਤਾਬਕ ਸ਼ਹਿਰੀ ਇਲਾਕਿਆਂ 'ਚ ਪਾਣੀ ਜ਼ਮੀਨੀ ਪੱਧਰ ਤੋਂ 90 ਫੁੱਟ ਤੇ ਪੇਂਡੂ ਇਲਾਕਿਆਂ 'ਚ 75 ਤੋਂ 80 ਫੁੱਟ ਤੱਕ ਡੂੰਘਾ ਜਾ ਚੁੱਕਾ ਹੈ।
ਸਫੈਦ ਹਾਥੀ ਬਣੀਆਂ ਪਾਣੀ ਦੀਆਂ ਟੈਂਕੀਆਂ
ਸ਼ਹਿਰ 'ਚ ਸਰਕਾਰ ਵੱਲੋਂ ਬਣਾਈਆਂ ਪਾਣੀ ਦੀਆਂ ਟੈਂਕੀਆਂ ਸਫੈਦ ਹਾਥੀ ਬਣ ਚੁੱਕੀਆਂ ਹਨ। ਮੁਹੱਲਿਆਂ 'ਚ ਪਾਣੀ ਪਹੁੰਚਾਉਣ ਲਈ ਪਹਿਲਾਂ ਸ਼ਹਿਰ 'ਚ ਪਾਣੀ ਦੀਆਂ 28 ਟੈਂਕੀਆਂ ਸਨ, ਉਸ ਤੋਂ ਬਾਅਦ ਪਾਣੀ ਦੀਆਂ ਮੁਸ਼ਕਿਲਾਂ ਦੇ ਹੱਲ ਲਈ 14 ਨਵੀਆਂ ਟੈਂਕੀਆਂ ਬਣਵਾਈਆਂ ਗਈਆਂ, ਜਿਨ੍ਹਾਂ 'ਚੋਂ ਸਿਰਫ 7 ਟੈਂਕੀਆਂ ਹੀ ਚਾਲੂ ਹਨ, ਹਾਲਾਂਕਿ ਅਧਿਕਾਰੀ 21 ਟੈਂਕੀਆਂ ਚੱਲਣ ਦਾ ਦਾਅਵਾ ਕਰ ਰਹੇ ਹਨ। ਕਈ ਟੈਂਕੀਆਂ ਦੀ ਹਾਲਤ ਖਸਤਾ ਹੋ ਚੁੱਕੀ ਹੈ।
ਬੈਠ ਰਹੇ ਨੇ ਟਿਊਬਵੈੱਲਾਂ ਦੇ ਬੋਰ
ਨਿਗਮ ਦੇ 8 ਜ਼ੋਨਾਂ 'ਚ ਵਾਟਰ ਸਪਲਾਈ ਸਕੀਮ ਤਹਿਤ 366 ਟਿਊਬਵੈੱਲ ਚਲਾਏ ਜਾ ਰਹੇ ਹਨ। ਵਾਰਡਾਂ ਦੇ ਕੌਂਸਲਰਾਂ ਤੇ ਲੋਕਾਂ ਦੀ ਮੰਨੀਏ ਤਾਂ ਸ਼ਹਿਰ 'ਚ ਕਰੀਬ 50 ਟਿਊਬਵੈੱਲਾਂ ਦੇ ਬੋਰ ਬੈਠ ਚੁੱਕੇ ਹਨ। ਦਰਜਨਾਂ ਅਜਿਹੇ ਟਿਊਬਵੈੱਲ ਹਨ ਜਿਨ੍ਹਾਂ ਦੇ ਬੋਰ ਕਰ ਦਿੱਤੇ ਗਏ ਹਨ ਪਰ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ ਜਾ ਸਕਿਆ। ਸ਼ਹਿਰ ਦੇ ਅੰਦਰੂਨੀ ਛੋਟੇ ਰਸਤਿਆਂ ਕਰ ਕੇ ਰਹੇ ਬੋਰ ਟਿਊਬਵੈੱਲਾਂ ਦੀ ਜਗ੍ਹਾ ਕਈ ਹੈਂਡ ਬੋਰ ਕਰ ਕੇ ਟਿਊਬਵੈੱਲ ਲਾਏ ਗਏ ਹਨ। ਮਾਹਿਰਾਂ ਵੱਲੋਂ ਅਜਿਹੇ ਟਿਊਬਵੈੱਲਾਂ ਦੇ ਪਾਣੀ ਨੂੰ ਸਾਫ ਨਹੀਂ ਦੱਸਿਆ ਗਿਆ। ਸਾਫ ਪਾਣੀ ਲਈ ਟਿਊਬਵੈੱਲ ਲਈ 550 ਤੋਂ 600 ਫੁੱਟ ਡੂੰਘਾ ਬੋਰ ਕਰਨ ਦੀ ਜ਼ਰੂਰਤ ਹੈ। ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਸਪੇਅਰ ਮੋਟਰਾਂ ਰਖਵਾਈਆਂ ਜਾਣ।
ਕੈਨਾਲ ਬੇਸਡ ਵਾਟਰ ਪ੍ਰਾਜੈਕਟ ਹਵਾ-ਹਵਾਈ
ਨਹਿਰ ਦਾ ਪਾਣੀ ਸਾਫ ਕਰ ਕੇ ਸ਼ਹਿਰ ਦੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਵਰਲਡ ਬੈਂਕ ਨਿਊਰਮ ਦਾ ਆਉਣ ਵਾਲਾ ਕੈਨਾਲ ਬੇਸਡ ਵਾਟਰ ਪ੍ਰਾਜੈਕਟ ਹਵਾ-ਹਵਾਈ ਹੋ ਗਿਆ ਹੈ। ਰਿਕਾਰਡ ਮੁਤਾਬਕ ਪ੍ਰਾਜੈਕਟ ਦੀ ਪ੍ਰਪੋਜ਼ਲ ਜਾ ਚੁੱਕੀ ਹੈ। ਪਾਣੀ ਸਾਫ ਕਰਨ ਲਈ 40 ਖੂਹਾਂ ਦੀ ਜਗ੍ਹਾ ਦੀ ਚੋਣ ਵੀ ਕੀਤੀ ਜਾ ਚੁੱਕੀ ਹੈ। ਮੇਅਰ, ਕਮਿਸ਼ਨਰ ਤੇ ਉੱਚ ਅਧਿਕਾਰੀਆਂ ਦੀ ਹਾਜ਼ਰੀ 'ਚ ਕਈ ਬੈਠਕਾਂ ਹੋਈਆਂ ਪਰ ਪ੍ਰਾਜੈਕਟ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਿਹਾ, ਜੇਕਰ ਇਹ ਪ੍ਰਾਜੈਕਟ ਗੁਰੂ ਨਗਰੀ 'ਚ ਆਉਂਦਾ ਹੈ ਤਾਂ ਟਿਊਬਵੈੱਲਾਂ ਦੀਆਂ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ। ਚੰਡੀਗੜ੍ਹ ਨੂੰ ਭਾਖੜਾ ਤੇ ਦਿੱਲੀ ਨੂੰ ਯਮੁਨਾ ਦਾ ਪਾਣੀ ਸਾਫ ਕਰ ਕੇ ਪਹੁੰਚਾਇਆ ਜਾ ਰਿਹਾ ਹੈ।
ਕਿਵੇਂ ਪੂਰਾ ਹੋਵੇਗਾ 234 ਐੱਮ. ਐੱਲ. ਡੀ. ਪਾਣੀ
ਅੱਜ ਦੇ ਸਮੇਂ ਦੌਰਾਨ ਸ਼ਹਿਰਵਾਸੀਆਂ ਦੀ ਜ਼ਰੂਰਤ ਅਨੁਸਾਰ 234 ਐੱਮ. ਐੱਲ. ਡੀ. (ਮਿਲੀਅਨ ਲਿਟਰ ਪਰ ਡੇ) ਪਾਣੀ ਦੀ ਜ਼ਰੂਰਤ ਹੈ ਪਰ ਜ਼ਮੀਨੀ ਸਤਹ ਤੋਂ ਹੇਠਾਂ ਘੱਟ ਹੁੰਦੇ ਪਾਣੀ, ਵੱਧਦੀ ਜਨਸੰਖਿਆ ਤੇ ਸਰਕਾਰਾਂ ਦੀ ਨਾਲਾਇਕੀ ਕਾਰਨ ਲੋਕਾਂ ਦੀ ਪੂਰਤੀ ਲਈ ਪਾਣੀ ਕਿਵੇਂ ਪੂਰਾ ਹੋਵੇਗਾ। ਅੰਮ੍ਰਿਤ ਪ੍ਰਾਜੈਕਟ ਤਹਿਤ 320 ਕਿਲੋਮੀਟਰ ਪਾਣੀ ਦੀਆਂ ਪਾਈਪਾਂ ਪਾਉਣ ਦਾ ਅਨੁਮਾਨ ਹੈ ਪਰ ਇਹ ਪ੍ਰਾਜੈਕਟ ਫਿਲਹਾਲ ਕਾਗਜ਼ਾਂ 'ਚ ਦਫਨ ਹੈ।
ਮੁਸ਼ਕਿਲਾਂ 'ਚ ਘਿਰੇ ਲੋਕ
ਮਹਾਨਗਰ ਦੇ ਲੋਕ ਪੀਣ ਵਾਲੇ ਪਾਣੀ ਦੀਆਂ ਮੁਸ਼ਕਿਲਾਂ ਤੋਂ ਦੁਖੀ ਹਨ, ਖਾਸ ਕਰ ਕੇ ਗੇਟਾਂ ਦੇ ਅੰਦਰੂਨੀ ਇਲਾਕਿਆਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਨਸੀਬ ਨਹੀਂ ਹੋ ਰਿਹਾ। ਸੀਵਰੇਜ ਬੰਦ ਦੀਆਂ ਮੁਸ਼ਕਿਲਾਂ ਕਾਰਨ ਗੰਦਾ ਪਾਣੀ ਵਾਟਰ ਸਪਲਾਈ ਦੀਆਂ ਪਾਈਪਾਂ 'ਚ ਮਿਲ ਕੇ ਘਰਾਂ ਤੱਕ ਪਹੁੰਚ ਰਿਹਾ ਹੈ। ਲੋਕਾਂ ਤੱਕ ਸਾਫ ਪਾਣੀ ਪਹੁੰਚਾਉਣ 'ਚ ਨਿਗਮ ਪਾਸ ਨਹੀਂ ਹੋ ਸਕਿਆ। ਸ਼ਹਿਰ ਵਿਚ ਟਿਊਬਵੈੱਲ ਚਲਾਉਣ ਲਈ ਪਾਰਕਾਂ ਤੋਂ ਇਲਾਵਾ ਖਾਸ ਜਗ੍ਹਾ ਨਹੀਂ ਹੈ।
ਗਲੀਆਂ 'ਚ ਟਿਊਬਵੈੱਲਾਂ ਦੇ ਬੋਰ ਝਗੜਿਆਂ ਦਾ ਕਾਰਨ ਬਣ ਰਹੇ ਹਨ। ਪੀਣ ਵਾਲੇ ਪਾਣੀ ਲਈ ਜ਼ਿਆਦਾਤਰ ਲੋਕ ਆਰ. ਓ. ਦੇ ਪਾਣੀ ਦਾ ਇਸਤੇਮਾਲ ਕਰਦੇ ਹਨ, ਜਦਕਿ ਆਮ ਲੋਕ ਦੂਸ਼ਿਤ ਪਾਣੀ ਪੀ ਕੇ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹਨ।
ਪਾਣੀ ਬਚਾਉਣਾ ਹੈ ਤਾਂ ਜਾਗਰੂਕ ਹੋਣ ਲੋਕ
ਪਾਣੀ ਦੀ ਬੂੰਦ-ਬੂੰਦ ਬਚਾਉਣ ਲਈ ਸਰਕਾਰ, ਸਰਕਾਰੀ ਵਿਭਾਗਾਂ ਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ, ਇਸ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਹਿਮ ਯੋਗਦਾਨ ਵੀ ਅਦਾ ਕਰ ਰਹੀਆਂ ਹਨ। ਘਰਾਂ 'ਚ ਟੁਥਬਰੱਸ਼ ਕਰਦੇ, ਕੱਪੜੇ ਧੋਣ ਸਮੇਂ, ਨਹਾਉਣ ਸਮੇਂ ਆਪਣੀ ਸਮਝ ਨਾਲ ਕਈ ਮਿਲੀਅਨ ਲਿਟਰ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਸੜਕਾਂ, ਬਾਜ਼ਾਰਾਂ 'ਚ ਖੁੱਲ੍ਹੀਆਂ ਟੂਟੀਆਂ 'ਚ ਵਗਦੇ ਪਾਣੀ ਨੂੰ ਬਚਾਇਆ ਜਾਵੇ। ਵਾਹਨਾਂ ਨੂੰ ਧੋਣ, ਫੁਲਵਾੜੀਆਂ, ਬਾਗ-ਬਗੀਚਿਆਂ 'ਚ ਹੱਦ ਤੋਂ ਵੱਧ ਬੇਕਾਰ ਹੋ ਰਹੇ ਪਾਣੀ ਦਾ ਬਚਾਅ ਕਰਨਾ ਜ਼ਰੂਰੀ ਹੈ। ਬਰਸਾਤੀ ਪਾਣੀ ਨੂੰ ਜ਼ਮੀਨ ਅੰਦਰ ਪਹੁੰਚਾਉਣ ਲਈ ਵਾਰਡ-50 ਦੀ ਤਰ੍ਹਾਂ ਬੋਰ ਕਰਵਾਉਣ ਨਾਲ ਪਾਣੀ ਦੀ ਸੰਭਾਲ ਕੀਤੀ ਜਾ ਸਕਦੀ ਹੈ।
ਬਿਜਲੀ ਗੁਲ ਤਾਂ ਪਾਣੀ ਵੀ ਗੁਲ
ਬਿਜਲੀ ਬੰਦ ਹੋ ਜਾਣ ਦੀ ਸੂਰਤ 'ਚ ਲੋਕਾਂ ਤੱਕ ਪਾਣੀ ਪਹੁੰਚਾਉਣ ਲਈ ਨਗਰ ਨਿਗਮ ਕੋਲ ਕੋਈ ਖਾਸ ਪ੍ਰਬੰਧ ਨਹੀਂ ਹੈ। ਸ਼ਹਿਰ ਦੇ 366 ਟਿਊਬਵੈੱਲਾਂ 'ਚੋਂ ਸਿਰਫ 3 ਟਿਊਬਵੈੱਲ ਅਜਿਹੇ ਹਨ ਜਿਥੇ ਜਨਰੇਟਰ ਦਾ ਪ੍ਰਬੰਧ ਹੈ। ਜੇਕਰ ਜਨਰੇਟਰ ਖਰਾਬ ਹੈ ਜਾਂ ਤੇਲ ਨਹੀਂ ਹੈ ਤਾਂ ਉਹ ਟਿਊਬਵੈੱਲ ਵੀ ਬੰਦ ਰਹਿ ਸਕਦੇ ਹਨ। ਸ਼ਹਿਰ 'ਚ ਕੱਟੜਾ ਮੋਤੀ ਰਾਮ, ਪਿੰਕ ਪਲਾਜ਼ਾ ਤੇ ਕੰਪਨੀ ਬਾਗ ਦੇ 3 ਟਿਊਬਵੈੱਲਾਂ 'ਤੇ ਜਨਰੇਟਰ ਦਾ ਪ੍ਰਬੰਧ ਹੈ।
ਤਸਵੀਰਾਂ 'ਚ ਦੇਖੋ, ਟੀ. ਵੀ 'ਤੇ ਹੀ ਜੁੱਤੀਆਂ ਮਾਰ ਕੇ ਕ੍ਰਿਕਟ ਪ੍ਰੇਮੀਆਂ ਨੇ ਕੁਝ ਇਸ ਤਰ੍ਹਾਂ ਕੱਢੀ ਭੜਾਸ
NEXT STORY