ਮੋਹਾਲੀ (ਰਾਣਾ) - ਗਰਮੀ ਸ਼ੁਰੂ ਹੁੰਦਿਆਂ ਹੀ ਮੋਹਾਲੀ 'ਚ ਫਿਰ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ । ਗਰਮੀ ਸ਼ੁਰੂ ਹੁੰਦਿਆਂ ਹੀ ਸ਼ਹਿਰ ਦੇ ਲੋਕਾਂ ਨੂੰ ਹਰ ਵਾਰ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਪਰ ਫਿਰ ਵੀ ਸਬੰਧਤ ਅਧਿਕਾਰੀ ਲੋਕਾਂ ਨੂੰ ਇਸ ਸੰਕਟ 'ਚੋਂ ਕੱਢਣ ਲਈ ਕੋਈ ਮਦਦ ਨਹੀਂ ਕਰਦੇ । ਮੋਹਾਲੀ ਵਿਚ ਜਿਥੇ ਘੱਟ ਪ੍ਰੈਸ਼ਰ ਨਾਲ ਪਾਣੀ ਆਉਂਦਾ ਹੈ, ਉਥੇ ਹੀ ਨਵਾਂ ਗਰਾਓਂ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ । ਲੋਕਾਂ ਦੇ ਘਰਾਂ ਵਿਚ ਪਾਣੀ ਆਇਆਂ ਨੂੰ ਕਈ ਦਿਨ ਬੀਤ ਚੁੱਕੇ ਹਨ ਤੇ ਲੋਕ ਟੈਂਕਰਾਂ ਰਾਹੀਂ ਪਾਣੀ ਮੰਗਵਾ ਕੇ ਕੰਮ ਚਲਾ ਰਹੇ ਹਨ । ਇਸ ਲਈ ਲੋਕਾਂ ਨੂੰ ਹਰ ਮਹੀਨੇ 5 ਤੋਂ 7 ਹਜ਼ਾਰ ਖਰਚ ਕਰਨੇ ਪੈਂਦੇ ਹਨ। ਦੂਜੇ ਪਾਸੇ ਨਗਰ ਨਿਗਮ ਲੋਕਾਂ ਨੂੰ ਪਾਣੀ ਬਰਬਾਦ ਕਰਨ 'ਤੇ ਨੋਟਿਸਾਂ ਤੋਂ ਲੈ ਕੇ ਚਲਾਨ ਤਕ ਕਰ ਰਿਹਾ ਹੈ । ਉਥੇ ਹੀ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਰਾਊਂਡ ਅਬਾਉੂਟ ਵਿਚ ਪਾਈਪ ਲਾ ਕੇ ਬੂਟਿਆਂ ਨੂੰ ਸਿੰਚਾਈ ਕੀਤੀ ਜਾ ਰਹੀ ਹੈ । ਅਜਿਹੀ ਹੀ ਹਾਲਤ ਵੀਰਵਾਰ ਨੂੰ ਫੇਜ਼-8 ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਵੀ ਬਣੀ ਪਰ ਇਸ 'ਤੇ ਅਧਿਕਾਰੀਆਂ ਦੀ ਕੋਈ ਨਜ਼ਰ ਨਹੀਂ ਹੈ ।
ਜਾਣਕਾਰੀ ਮੁਤਾਬਕ ਮੋਹਾਲੀ ਸ਼ਹਿਰ ਵਿਚ ਫੇਜ਼-1, 2, 4, 5, 9, 11 ਤੇ ਨਗਰ ਨਿਗਮ ਦੇ ਪਿੰਡਾਂ ਵਿਚ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੈ । ਸਵੇਰੇ 7 ਵਜੇ ਜਿਵੇਂ ਹੀ ਲੋਕ ਉੱਠਣਾ ਸ਼ੁਰੂ ਹੁੰਦੇ ਹਨ, ਪਾਣੀ ਦੀ ਸਪਲਾਈ ਦਮ ਤੋੜ ਜਾਂਦੀ ਹੈ । ਅਜਿਹੇ ਵਿਚ ਉਪਰੀਆਂ ਮੰਜ਼ਿਲਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਗਰਾਊਂਡ ਫਲੋਰ ਤੋਂ ਪਾਣੀ ਲੈ ਕੇ ਜਾਣਾ ਪੈਂਦਾ ਹੈ । ਉਥੇ ਹੀ ਪਾਣੀ ਦੀ ਬਾਲਟੀ ਭਰਨ ਲਈ 5 ਤੋਂ 10 ਮਿੰਟ ਦਾ ਸਮਾਂ ਲਗਦਾ ਹੈ ਤੇ 8 ਵਜੇ ਤੋਂ ਬਾਅਦ ਪਾਣੀ ਪੂਰੀ ਤਰ੍ਹਾਂ ਚਲਾ ਹੀ ਜਾਂਦਾ ਹੈ । ਲੋਕਾਂ ਦਾ ਕਹਿਣਾ ਹੈ ਕਿ ਅਜੇ ਗਰਮੀ ਸ਼ੁਰੂ ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਵਿਚ ਹਾਲਤ ਹੋਰ ਖਰਾਬ ਹੋਵੇਗੀ । ਅਜਿਹੇ ਵਿਚ ਨਗਰ ਨਿਗਮ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ਹਿਰ 'ਚ ਪੁੱਜੇ ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਤੇ ਅਧਿਕਾਰੀਆਂ ਨੇ ਬਿਜਲੀ ਤੇ ਪਾਣੀ ਦੀ ਹਾਲਤ ਦਾ ਜਾਇਜ਼ਾ ਲਿਆ ਸੀ ਤੇ ਹਾਲਤ ਸੁਧਾਰਨ ਦੇ ਹੁਕਮ ਦਿੱਤੇ ਸਨ । ਫੇਜ਼-2 ਨਿਵਾਸੀ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਪਾਣੀ ਦਾ ਸੰਕਟ ਆਇਆ ਹੋਇਆ ਹੈ । ਇਸ ਤੋਂ ਇਲਾਵਾ ਸਵੇਰੇ-ਸਵੇਰੇ ਲੋਕਾਂ ਵਲੋਂ ਜੰਮ ਕੇ ਪਾਣੀ ਬਰਬਾਦ ਕੀਤਾ ਜਾਂਦਾ ਹੈ । ਬਾਕਾਇਦਾ ਪਾਈਪ ਲਾ ਕੇ ਗੱਡੀਆਂ ਧੋਤੀਆਂ ਜਾਂਦੀਆਂ ਹਨ। ਵਾਟਰ ਸਪਲਾਈ ਵਾਲੇ ਚੈਕਿੰਗ ਲਈ 8 ਵਜੇ ਤਕ ਪੁੱਜਦੇ ਹਨ ਪਰ ਉਦੋਂ ਤਕ ਪਾਣੀ ਦੀ ਬਰਬਾਦੀ ਹੋ ਚੁੱਕੀ ਹੁੰਦੀ ਹੈ ।
ਨਵਾਂ ਗਰਾਓਂ ਵਿਚ ਪਾਣੀ ਦੀ ਸਪਲਾਈ ਦਾ ਬਹੁਤ ਹੀ ਬੁਰਾ ਹਾਲ ਹੈ । ਰੋਜ਼ਾਨਾ ਲੋਕ ਪਾਣੀ ਲਈ ਧੱਕੇ ਖਾ ਰਹੇ ਹਨ ਪਰ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਲੋਕਾਂ ਨੇ ਡੀ. ਸੀ. ਤੇ ਮੁੱਖ ਮੰਤਰੀ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਸਾਰ ਲਈ ਜਾਵੇ, ਤਾਂ ਕਿ ਪਾਣੀ ਲਈ ਪ੍ਰੇਸ਼ਾਨ ਨਾ ਹੋਣਾ ਪਵੇ ।
ਜਾਣਕਾਰੀ ਮੁਤਾਬਕ ਗਰਮੀਆਂ ਵਿਚ 25 ਤੋਂ 27 ਐੱਮ. ਜੀ. ਡੀ. ਪਾਣੀ ਦੀ ਜ਼ਰੂਰਤ ਹੁੰਦੀ ਹੈ । ਕਜੌਲੀ ਵਾਟਰ ਵਰਕਸ ਤੋਂ ਮੋਹਾਲੀ ਨੂੰ 10 ਐੱਮ. ਜੀ. ਡੀ. ਪਾਣੀ ਮਿਲਦਾ ਹੈ, ਜਦੋਂਕਿ ਤਿੰਨ ਐੱਮ. ਜੀ. ਡੀ. ਪਾਣੀ ਦੀ ਸਪਲਾਈ ਟਿਊਬਵੈੱਲ ਤੋਂ ਹੁੰਦੀ ਹੈ। ਉਥੇ ਹੀ ਇਸ ਤੋਂ ਫੇਜ਼-1 ਤੋਂ 11, ਇੰਡਸਟਰੀਅਲ ਫੇਜ਼-1 ਤੋਂ 5, 7 ਅਤੇ ਸੈਕਟਰ-70 ਤੇ 71 ਨੂੰ ਪਾਣੀ ਜਾਂਦਾ ਹੈ । ਇਸ ਤੋਂ ਇਲਾਵਾ 66 ਤੋਂ 69 ਤੇ 76 ਤੋਂ 80 ਅਤੇ ਐਰੋਸਿਟੀ ਵਿਚ ਟਿਊਬਵੈੱਲਾਂ ਤੋਂ ਪਾਣੀ ਦੀ ਸਪਲਾਈ ਹੋ ਰਹੀ ਹੈ । ਇਸ ਤੋਂ ਇਲਾਵਾ ਸੈਕਟਰ-48 ਤੇ 49 ਦਾ ਏਰੀਆ ਸ਼ਾਮਲ ਹੈ ।
ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਮਾਰਨ ਵਾਲੇ 2 ਏਜੰਟ ਗ੍ਰਿਫਤਾਰ
NEXT STORY