ਜਲੰਧਰ, (ਵਿਸ਼ੇਸ਼)- ਦੱਖਣੀ ਅਫਰੀਕਾ ਦੀ ਰਾਜਧਾਨੀ ਕੇਪਟਾਊਨ ਬੰਦਰਗਾਹ, ਬਾਗ ਬਗੀਚਿਆਂ ਅਤੇ ਪਰਬਲ ਲੜੀਆਂ ਲਈ ਮਸ਼ਹੂਰ ਹੈ। ਸੈਲਾਨੀਆਂ ਦਾ ਇਹ ਪਸੰਦੀਦਾ ਖੂਬਸੂਰਤ ਟੂਰਿਸਟ ਸਪਾਟ ਇਨ੍ਹੀਂ ਦਿਨੀਂ ਭਿਆਨਕ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ। 'ਜ਼ੀਰੋ ਡੇ' ਵਰਗੇ ਹਾਲਾਤ ਪੈਦਾ ਹੋ ਗਏ ਹਨ। 'ਜ਼ੀਰੋ ਡੇ' ਦਾ ਅਰਥ ਹੈ ਕਿ ਜੁਲਾਈ ਦੇ ਮੱਧ 'ਚ ਜੇਕਰ ਕਾਫੀ ਮੀਂਹ ਨਾ ਪਿਆ ਤਾਂ ਸ਼ਹਿਰ ਦੇ ਲੋਕਾਂ ਲਈ ਰੋਜ਼ਾਨਾ ਪ੍ਰਤੀ ਜੀਅ ਮਿਲਣ ਵਾਲੇ 25 ਲਿਟਰ ਪਾਣੀ ਨੂੰ ਹਾਸਲ ਕਰਨ ਲਈ ਸ਼ਹਿਰ ਵਿਚ ਨਿਰਧਾਰਿਤ 200 ਜਲ ਸੋਮਿਆਂ 'ਤੇ ਜਾਣਾ ਪਵੇਗਾ। ਕੇਪਟਾਊਨ ਦਾ ਪਾਣੀ ਦਾ ਸੰਕਟ ਪੰਜਾਬ ਲਈ ਇਕ ਵੱਡਾ ਸਬਕ ਹੈ। ਜਿਸ ਤਰ੍ਹਾਂ ਪੰਜਾਬ ਵਿਚ ਪਾਣੀ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ, ਕਈ ਸਾਲ ਪਹਿਲਾਂ ਇਸੇ ਤਰ੍ਹਾਂ ਕੇਪਟਾਊਨ ਵਿਚ ਵੀ ਪਾਣੀ ਦੀ ਬਰਬਾਦੀ ਹੋਈ ਸੀ। ਜੋ ਕੇਪਟਾਊਨ ਸੈਲਾਨੀਆਂ ਦਾ ਖੂਬਸੂਰਤ ਸ਼ਹਿਰ ਹੈ, ਅੱਜ ਉਥੇ ਰਹਿਣ ਵਾਲੇ ਲੋਕ ਹਿਜਰਤ ਲਈ ਮਜਬੂਰ ਹਨ। ਓਧਰ ਪੰਜਾਬ ਵਿਚ ਜਿਸ ਤਰ੍ਹਾਂ ਵਾਟਰ ਬਲਾਕ ਸੁੱਕ ਰਹੇ ਹਨ ਉਸ ਤੋਂ ਹੁਣ ਤਾਂ ਚਿੰਤਾ ਹੋਣ ਲੱਗੀ ਹੈ ਕਿ ਪੰਜਾਬ 'ਬੇਆਬ' (ਬਿਨਾਂ ਪਾਣੀ ਦੇ) ਨਾ ਹੋ ਜਾਵੇ।
ਅਜੇ ਹਦਾਇਤਾਂ ਨਾਲ ਹੋ ਰਹੀ ਹੈ ਪਾਣੀ ਦੀ ਸਪਲਾਈ
ਜਗ ਬਾਣੀ ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਫਿਲਹਾਲ ਕੇਪਟਾਊਨ ਦਾ ਸਥਾਨਕ ਪ੍ਰਸ਼ਾਸਨ ਹਦਾਇਤਾਂ ਨਾਲ ਪ੍ਰਤੀ ਵਿਅਕਤੀ ਰੋਜ਼ 50 ਲਿਟਰ ਪਾਣੀ ਮੁਹੱਈਆ ਕਰਵਾ ਰਿਹਾ ਹੈ। ਜੇਕਰ ਹਾਲਾਤ ਨਹੀਂ ਸੁਧਰੇ ਤਾਂ ਕੇਪਟਾਊਨ ਵਿਚ ਬਣਾਏ ਜਾ ਰਹੇ ਤਲਾਬਾਂ 'ਤੇ ਸੁਰੱਖਿਆ ਗਾਰਡ ਦੀ ਨਿਗਰਾਨੀ ਵਿਚ ਪਾਣੀ ਦੀ ਸਪਲਾਈ ਹੋਵੇਗੀ। ਪ੍ਰਸ਼ਾਸਨ ਵਲੋਂ ਜਾਰੀ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ 50 ਲਿਟਰ ਪਾਣੀ ਵਿਚੋਂ 10 ਲਿਟਰ ਕੱਪੜੇ ਧੋਣ ਲਈ, 10 ਲਿਟਰ ਪਾਣੀ ਨਹਾਉਣ ਲਈ, 9 ਲਿਟਰ ਬਾਥਰੂਮ ਵਿਚ ਪਾਉਣ ਲਈ ਅਤੇ 2 ਲਿਟਰ ਮੂੰਹ-ਹੱਥ ਧੋਣ ਲਈ, ਇਕ ਲਿਟਰ ਘਰੇਲੂ ਜਾਨਵਰਾਂ ਲਈ, 5 ਲਿਟਰ ਘਰ ਦੀ ਸਫਾਈ ਲਈ, 1 ਲਿਟਰ ਖਾਣਾ ਬਣਾਉਣ ਲਈ, 3 ਲਿਟਰ ਪੀਣ ਲਈ ਅਤੇ ਬਾਕੀ ਪਾਣੀ ਭੋਜਨ ਪਕਾਉਣ ਤੋਂ ਪਹਿਲਾਂ ਉਸ ਨੂੰ ਧੋਣ ਲਈ ਵਰਤਿਆ ਜਾਣਾ ਚਾਹੀਦਾ ਹੈ।
ਪੰਜਾਬ 'ਚ ਪਾਣੀ ਦੀ ਸਥਿਤੀ
ਪਹਿਲਾਂ ਹੀ ਵੰਡ ਦੌਰਾਨ 3 ਨਦੀਆਂ ਪੰਜਾਬ ਗੁਆ ਚੁੱਕਾ ਹੈ। ਬਾਕੀ ਬਚੀਆਂ ਨਦੀਆਂ ਵਿਚ ਵੀ ਪਾਣੀ ਦਾ ਪੱਧਰ ਰੋਜ਼ਾਨਾ ਘੱਟ ਹੁੰਦਾ ਜਾ ਰਿਹਾ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ (ਸੀ. ਜੀ. ਡਬਲਯੂ. ਬੀ.) ਦੀ ਰਿਪੋਰਟ ਮੁਤਾਬਕ ਸੂਬੇ ਵਿਚ ਜ਼ਮੀਨ ਹੇਠ 138 ਵਾਟਰ ਬਲਾਕਾਂ ਵਿਚੋਂ 108 ਸੁੱਕ ਚੁੱਕੇ ਹਨ ਅਤੇ 5 ਗੰਭੀਰ ਸਥਿਤੀ ਅਤੇ 4 ਗ੍ਰੇ ਜ਼ੋਨ ਵਿਚ ਹਨ। ਇਸ ਨਾਲ ਵਾਟਰ ਕੁਆਲਿਟੀ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।
ਪੰਜਾਬ 'ਚ ਡੂੰਘਾ ਹੁੰਦਾ ਪਾਣੀ ਦਾ ਸੰਕਟ
ਕੁਲ ਬਲਾਕ 138
ਡਾਰਕ ਜ਼ੋਨ 108
ਗ੍ਰੇ ਜ਼ੋਨ 4
ਵ੍ਹਾਈਟ ਜ਼ੋਨ 26

ਸਹਾਇਕ ਨਦੀਆਂ ਗਾਇਬ
ਨਦੀਆਂ ਵਿਚ ਪਾਣੀ ਦਾ ਪੱਧਰ ਘੱਟ ਹੋਣ ਦਾ ਅਸਰ ਸਤਲੁਜ ਅਤੇ ਬਿਆਸ ਦੀਆਂ ਸਹਾਇਕ ਨਦੀਆਂ 'ਤੇ ਵੀ ਪਿਆ ਹੈ। ਮੌਜੂਦਾ ਸਮੇਂ ਸਤਲੁਜ ਦੀਆਂ ਸਹਾਇਕ ਨਦੀਆਂ ਜਯੰਤੀ, ਬੁਧਕੀ, ਸਿਸਵਾਂ ਜ਼ਿਲਾ ਰੋਪੜ ਵਿਚ ਆ ਕੇ ਅਲੋਪ ਹੋ ਚੁੱਕੀਆਂ ਹਨ। ਇਹੀ ਨਹੀਂ, ਸੀਤਾਸਰ, ਅੱਜ ਸਰੋਵਰ, ਮੁੱਲਾਂਪੁਰ ਗਰੀਬਦਾਸ, ਘਾਰੀਆਂ, ਪਾਂਡੂਸਰ, ਰਾਏਤਲ, ਬੋਪਾਰਾਏ ਕਲਾਂ, ਕਾਹਨਗੜ੍ਹ ਚਮੀਰਾਈ, ਪ੍ਰੀਤ ਨਗਰ, ਰਾਮਸਰ ਅਤੇ ਲਕਸ਼ਮਣਸਰ ਵਰਗੇ ਕਈ ਮੁੱਖ ਤਲਾਬ ਖਤਮ ਹੋਣ ਦੀ ਸਥਿਤੀ ਵਿਚ ਹਨ। ਸੰਗਰੂਰ ਨੂੰ ਕਦੇ 4 ਤਲਾਬਾਂ ਵਾਲਾ ਸ਼ਹਿਰ ਕਿਹਾ ਜਾਂਦਾ ਸੀ। ਉਥੋਂ ਦੇ ਤਲਾਬ ਖਤਮ ਹੋ ਚੁੱਕੇ ਹਨ। ਨਦੀਆਂ ਵਿਚ ਪਾਣੀ ਦਾ ਪੱਧਰ ਘੱਟ ਹੋਣ ਦਾ ਅਸਰ ਨਾਭਾ ਦੇ ਹਾਟੀਖਾਨਾ ਤਲਾਬ ਦੇ ਨਾਲ-ਨਾਲ ਕਈ ਹੋਰ ਤਲਾਬਾਂ 'ਤੇ ਵੀ ਪਿਆ ਹੈ।
ਸੂਬੇ ਦੇ 17 ਜ਼ਿਲੇ ਡਾਰਕ ਜ਼ੋਨ 'ਚ
ਧਰਤੀ ਤੋਂ ਅੰਨ੍ਹੇਵਾਹ ਪਾਣੀ ਦੀ ਵਰਤੋਂ ਨਾਲ ਪੰਜਾਬ ਦੇ 17 ਜ਼ਿਲੇ ਡਾਰਕ ਜ਼ੋਨ 'ਚ ਚਲੇ ਗਏ ਹਨ। ਇਨ੍ਹਾਂ ਵਿਚੋਂ 7 ਜ਼ਿਲਿਆਂ 'ਚ ਬਾਕੀ ਬਚੇ ਜ਼ਮੀਨ ਦੇ ਪਾਣੀ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦਾ ਕਾਰਨ ਰੀ-ਚਾਰਜਿੰਗ ਨਾਲੋਂ ਪਾਣੀ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ। ਇਨ੍ਹਾਂ ਵਿਚ ਵੀ ਜਲੰਧਰ ਤੇ ਕਪੂਰਥਲਾ ਵਿਚ ਸਥਿਤੀ ਜ਼ਿਆਦਾ ਖਰਾਬ ਹੈ। ਇਨ੍ਹਾਂ ਦੋਵਾਂ ਜ਼ਿਲਿਆਂ ਵਿਚ 5 ਵਾਟਰ ਬਲਾਕ ਹਨ ਜੋ ਕਿ ਡਾਰਕ ਜ਼ੋਨ ਵਿਚ ਚਲੇ ਗਏ ਹਨ। ਸੰਗਰੂਰ ਵਿਚ ਤਿੰਨੋਂ ਬਲਾਕ ਸੁੱਕ ਚੁੱਕੇ ਹਨ।
25 ਸਾਲਾਂ 'ਚ 200 ਫੁੱਟ ਤਕ ਡਿਗਿਆ ਪਾਣੀ ਦਾ ਪੱਧਰ
ਪ੍ਰਾਪਤ ਅੰਕੜਿਆਂ ਮੁਤਾਬਕ ਪਿਛਲੇ 25 ਸਾਲਾਂ ਤੋਂ ਸੂਬੇ ਵਿਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। 15 ਫੁੱਟ ਤੋਂ ਲੈ ਕੇ 200 ਫੁੱਟ ਤਕ ਪਾਣੀ ਦਾ ਪੱਧਰ ਡਿਗ ਚੁੱਕਾ ਹੈ। ਇਸ ਸਭ ਦੇ ਪਿੱਛੇ ਪਾਣੀ ਦੀ ਅੰਨ੍ਹੇਵਾਹ ਬਰਬਾਦੀ ਵੱਡਾ ਕਾਰਨ ਹੈ। ਸੂਬੇ ਵਿਚ ਇਕ ਲੱਖ ਦੇ ਕਰੀਬ ਟਿਊਬਵੈੱਲ ਧਰਤੀ ਦਾ ਸੀਨਾ ਚੀਰਦੇ ਹੋਏ ਪਾਣੀ ਧਰਤੀ 'ਚੋਂ ਬਾਹਰ ਕੱਢ ਰਹੇ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ 3 ਦਹਾਕਿਆਂ 'ਚ 200 ਗੁਣਾ ਜ਼ਿਆਦਾ ਪਾਣੀ ਨੂੰ ਧਰਤੀ ਵਿਚੋਂ ਬਾਹਰ ਕੱਢਿਆ ਗਿਆ ਹੈ। ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਅਤੇ ਫਿਰੋਜ਼ਪੁਰ ਦਾ ਕੁਝ ਖੇਤਰਫਲ ਜੋ ਕਿ ਵ੍ਹਾਈਟ ਜ਼ੋਨ (ਕੁਲ ਵ੍ਹਾਈਟ ਜ਼ੋਨ 26) ਕਹਾਉਂਦਾ ਸੀ ਪਰ ਹੁਣ ਪ੍ਰਦੂਸ਼ਣ ਦੇ ਕਾਰਨ ਇਸ ਦੇ ਪਾਣੀ ਵਿਚ ਨਮਕ ਤੇ ਕਲੋਰਾਈਡ ਦੀ ਮਾਤਰਾ ਵਧ ਗਈ ਹੈ। ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੇ ਪਾਣੀ ਵਿਚ ਸਲੇਨੀਅਮ ਪਾਇਆ ਗਿਆ ਹੈ। ਓਧਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਨਾਈਟ੍ਰੇਟ ਪਾਇਆ ਗਿਆ ਹੈ।
ਬੀਨੇਵਾਲ 'ਚ 1200 ਫੁੱਟ ਡੂੰਘਾ ਲਗਾਉਣਾ ਪਿਆ ਟਿਊਬਵੈੱਲ
ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲਾ ਹੁਸ਼ਿਆਰਪੁਰ ਦੇ ਕਸਬੇ ਬੀਨੇਵਾਲ ਵਿਚ ਪਾਣੀ ਦਾ ਪੱਧਰ ਇੰਨਾ ਡੂੰਘਾ ਹੋ ਗਿਆ ਹੈ ਕਿ ਟਿਊਬਵੈੱਲ ਲਗਾਉਣ ਲਈ 1200 ਫੁੱਟ ਡੂੰਘਾ ਬੋਰ ਕਰਨਾ ਪਿਆ। ਫਿਲਹਾਲ ਬੋਰ ਕਰਦੇ ਸਮੇਂ 700 ਫੁੱਟ ਦੀ ਡੂੰਘਾਈ 'ਤੇ ਪਾਣੀ ਮਿਲ ਗਿਆ ਸੀ ਪਰ ਇਹ ਬੋਰ 1200 ਫੁੱਟ ਤਕ ਕਰਨਾ ਪਿਆ। ਓਧਰ ਪੰਜਾਬ ਦੇ ਕਈ ਜ਼ਿਲਿਆਂ ਵਿਚ 400 ਫੁੱਟ ਤਕ ਡੂੰਘੇ ਟਿਊਬਵੈੱਲ ਲਗਾਉਣੇ ਪੈ ਰਹੇ ਹਨ। ਜੋ ਟਿਊਬਵੈੱਲ 200 ਫੁੱਟ ਦੀ ਡੂੰਘਾਈ 'ਤੇ ਹਨ ਉਹ ਨਕਾਰਾ ਸਾਬਤ ਹੋ ਰਹੇ ਹਨ।
ਗਰੀਬਾਂ ਦੀ ਜੇਬ 'ਤੇ ਭਾਰੀ ਪੈ ਰਹੀ ਹੈ ਸਰਕਾਰੀ ਡਾਕਟਰਾਂ ਦੀ ਲਿਖੀ ਪਰਚੀ
NEXT STORY