ਪਟਿਆਲਾ, (ਜੋਸਨ)- ਪੀ. ਡਬਲਿਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਇੱਥੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਪਟਿਆਲਾ ਦੇ ਦਫ਼ਤਰ ਅੱਗੇ ਜ਼ੋਨ ਪ੍ਰਧਾਨ ਜਸਵੀਰ ਖੋਖਰ ਦੀ ਅਗਵਾਈ ਹੇਠ ਜਲ ਸਪਲਾਈ ਕਾਮਿਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ, ਜ਼ੋਨ ਚੇਅਰਮੈਨ ਕ੍ਰਿਸ਼ਨ ਕਲਵਾਣੂ, ਸੀਨੀਅਰ ਪ੍ਰਧਾਨ ਹਰਬੀਰ ਸਿੰਘ ਸੁਨਾਮ, ਦਰਸ਼ਨ ਰੋਗਲਾ, ਬ੍ਰਾਂਚ ਪਟਿਆਲਾ ਦੇ ਪ੍ਰਧਾਨ ਗੁਰਮੀਤ ਸਿੰਘ, ਪਾਤੜਾਂ ਦੇ ਜਨਰਲ ਸਕੱਤਰ ਪਵਨ ਕੁਮਾਰ, ਸਮਾਣਾ ਦੇ ਜਨਰਲ ਸਕੱਤਰ ਹਰਦੇਵ ਸਿੰਘ ਨੇ ਦੱਸਿਆ ਕਿ ਵਿਭਾਗ ਅੰਦਰ ਲੰਬੇ ਸਮੇਂ ਤੋਂ ਕੰਮ ਕਰਦੇ ਕਾਮੇ ਜਿਨ੍ਹਾਂ ਤੋਂ ਪੰਜਾਬ ਸਰਕਾਰ ਨੇ ਸਾਲ 2004 ਬਾਅਦ ਪੱਕੇ ਕਰ ਕੇ ਨਵੀਂ ਪੈਨਸ਼ਨ ਸਕੀਮ ਤਹਿਤ ਲੱਖਾਂ ਰੁਪਏ ਦੀ ਕਟੌਤੀ ਮੁਲਾਜ਼ਮਾਂ ਤੋਂ ਕੀਤੀ ਗਈ।
ਮੁਲਾਜ਼ਮਾਂ ਨੇ ਨਵੀਂ ਪੈਨਸ਼ਨ ਸਕੀਮ ਖਿਲਾਫ ਹਾਈ ਕੋਰਟ ਅਤੇ ਸੁਪਰੀਮ ਕੋਰਟ 'ਚ ਅਪੀਲਾਂ ਪਾਈਆਂ ਜਿਨ੍ਹਾਂ ਦੇ ਫੈਸਲੇ ਮਾਣਯੋਗ ਕੋਰਟਾਂ ਵੱਲੋਂ ਮੁਲਾਜ਼ਮਾਂ ਦੇ ਹੱਕ 'ਚ ਹੋਣ ਤੋਂ ਬਾਅਦ ਮੁਲਾਜ਼ਮ 2012 ਤੋਂ ਪੁਰਾਣੀ ਪੈਨਸ਼ਨ ਸਕੀਮ 'ਚ ਆ ਗਏ। ਪਰ ਨਵੀਂ ਪੈਨਸ਼ਨ ਸਕੀਮ 'ਚ ਕੱਟੇ ਪੈਸੇ ਵਾਪਸ ਕਰਨ ਤੋਂ ਡਿਪਟੀ ਡਾਇਰੈਕਟਰ ਪੈਨਸ਼ਨ ਮੋਹਾਲੀ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਵੱਲੋਂ ਭੇਜੇ ਕੇਸਾਂ 'ਤੇ ਬੇਲੋੜੇ ਇਤਰਾਜ਼ ਲਾਏ ਜਾ ਰਹੇ ਹਨ। ਇਸ ਲਈ ਅੱਜ ਸਮੁੱਚੇ ਪੰਜਾਬ ਅੰਦਰ ਮੰਡਲ ਦਫ਼ਤਰਾਂ ਅੱਗੇ ਰੋਸ ਧਰਨੇ ਦੇ ਕੇ ਮੰਗ ਪੱਤਰ ਭੇਜ ਕੇ ਮੁੱਖ ਮੰਤਰੀ ਅਤੇ ਡਿਪਟੀ ਡਾਇਰੈਕਟਰ ਪੈਨਸ਼ਨ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਕੱਟੇ ਪੈਸੇ ਤੁਰੰਤ ਰਿਲੀਜ਼ ਕੀਤੇ ਜਾਣ।
ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੇ ਪੈਸੇ ਵਾਪਸ ਨਾ ਕੀਤੇ ਅਤੇ ਮੰਗ ਪੱਤਰ 'ਚ ਦਰਜ ਮੰਗਾਂ ਕੱਚੇ ਕਾਮੇ ਪੱਕੇ ਕਰਨ, ਵਿਭਾਗ ਅੰਦਰ ਪ੍ਰਮੋਸ਼ਨ ਚੈਨਲ ਚਾਲੂ ਕਰਨ, ਡੀ. ਏ. ਦਾ 22 ਮਹੀਨਿਆਂ ਦਾ ਬਕਾਇਆ ਦੇਣ, ਫੀਲਡ ਮੁਲਾਜ਼ਮਾਂ ਨੂੰ ਕਨਵੈਂਸ ਅਲਾਊਂਸ ਦੇਣ, ਬਕਾਇਆ ਵਰਦੀਆਂ ਦੇਣ, ਫੀਲਡ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ ਦੀ ਅਨਾਮਲੀ ਦੂਰ ਕਰਨ ਆਦਿ ਮੰਗਾਂ ਦਾ ਹੱਲ ਨਾ ਕੀਤਾ ਤਾਂ 7 ਫਰਵਰੀ 2018 ਨੂੰ ਡਿਪਟੀ ਡਾਇਰੈਕਟਰ ਪੈਨਸ਼ਨ ਫੋਰਟਿਸ ਕੈਪਲੈਕਸ ਸੈਕਟਰ 68 ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।
ਇਸ ਦੌਰਾਨ ਸਾਥੀ ਨਾਥ ਸਿੰਘ ਸਮਾਣਾ, ਜਗਦੇਵ ਸਿੰਘ ਪਾਤੜਾਂ, ਲਖਵਿੰਦਰ ਸਿੰਘ, ਮਸਤ ਰਾਮ, ਪਿਆਰਾ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਖਮਾਣੂ ਆਦਿ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ, ਸੁਵਿਧਾ ਕੇਂਦਰ ਬੰਦ ਕਰ ਕੇ ਨੌਜਵਾਨਾਂ ਤੋਂ ਰੁਜ਼ਗਾਰ ਖੋਹਣ ਅਤੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਖੋਹਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਇਸ ਖ਼ਿਲਾਫ ਕੀਤੇ ਜਾ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ।
ਆਈ. ਡੀ. ਪੀ. ਅਤੇ ਕਿਸਾਨ ਯੂਨੀਅਨ ਵੱਲੋਂ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ
NEXT STORY