ਟਾਂਡਾ(ਮੋਮੀ, ਪੰਡਿਤ, ਸ਼ਰਮਾ)— ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜ਼ਿਲਾ ਹੁਸ਼ਿਆਰਪੁਰ ਵੱਲੋਂ ਇਕ ਵਿਸ਼ੇਸ਼ ਮੀਟਿੰਗ ਟਾਂਡਾ ਵਿਖੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਕੀਤੀ ਗਈ। ਇਸ ਮੀਟਿੰਗ ਦੌਰਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਵਰਕਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਜਿਵੇਂ ਕਿ ਇਨਵੈਸਟਮੈਂਟ ਕੰਪਨੀਆਂ ਅਤੇ ਦਫਤਰੀ ਸਟਾਫ ਅਤੇ ਹੋਰਨਾਂ ਪੋਸਟਾਂ 'ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਪੱਧਰੀ ਅਨੋਖਾ ਰੋਸ ਪ੍ਰਦਰਸ਼ਨ 21 ਮਾਰਚ ਨੂੰ ਸਮੁੱਚੇ ਪੰਜਾਬ 'ਚ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਕਰਕੇ ਗਹਿਰੀ ਨੀਂਦ ਸੌ ਰਹੀ ਸਰਕਾਰ ਨੂੰ ਜਗਾਇਆ ਜਾਵੇਗਾ।
ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੱਕੀ ਨਿਯੁਕਤੀ ਨਾਲ ਸਰਕਾਰ 'ਤੇ ਕੋਈ ਵੀ ਵਿੱਤੀ ਬੋਝ ਨਹੀਂ ਪਵੇਗਾ ਪਰ ਫਿਰ ਵੀ ਸਰਕਾਰ ਨੂੰ ਜਲ ਸਪਲਾਈ ਕਾਮਿਆਂ ਨੂੰ ਪੱਕਿਆਂ ਨਹੀਂ ਕਰ ਰਹੀ। ਇਸ ਮੌਕੇ ਉਨ੍ਹਾਂ ਹੋਰ ਦੱਸਿਆ ਕਿ ਜਲ ਸਪਲਾਈ ਵਿਭਾਗਾਂ ਵੱਲੋਂ ਪੰਚਾਇਤਾਂ ਨੂੰ ਸੰਭਾਲੀਆਂ ਦਮ ਤੋੜ ਰਹੀਆਂ ਹਨ ਅਤੇ ਪੰਚਾਇਤਾਂ ਆਪਣੇ ਆਪ ਨੂੰ ਠੱਗੀਆਂ ਮਹਿਸੂਸ ਕਰ ਰਹੀਆਂ ਹਨ ਅਤੇ ਪਿੰਡਾਂ 'ਚ ਧੜੇਬੰਦੀਆਂ ਹੋਣ ਕਰਕੇ ਇਹ ਸਕੀਮਾਂ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ ਪਰ ਫਿਰ ਵੀ ਸਰਕਾਰ ਪਤਾ ਨਹੀਂ ਕਿਹੜੇ ਲਾਲਚ ਕਾਰਨ ਲੋਕਾਂ ਦੀ ਮੁੱਢਲੀ ਸਹੂਲਤ ਪੀਣ ਵਾਲੇ ਪਾਣੀ ਨੂੰ ਨਿੱਜੀ ਹੱਥਾਂ 'ਚ ਦੇਣ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਵੱਲੋਂ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਕੋਈ ਫੈਸਲਾ ਨਾ ਕੀਤਾ ਗਿਆ ਤਾਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਕੱਚਾ ਚਿੱਠਾ ਘਰ-ਘਰ ਖੋਲ੍ਹਿਆ ਜਾਵੇਗਾ, ਜਿਸ ਦਾ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੀਟਿੰਗ 'ਚ ਯੂਨੀਅਨ ਦੇ ਸੰਘਰਸ਼ਸ਼ੀਲ ਆਗੂ ਕਮਲਜੀਤ ਸਿੰਘ, ਮਨਪ੍ਰੀਤ ਸਿੰਘ, ਪ੍ਰਦੀਪ ਸਿੰਘ ਖੱਖ, ਸਿਮਰਨਜੀਤ ਸਿੰਘ ਰੰਧਾਵਾ, ਬਲਜਿੰਦਰ ਸਿੰਘ ਸੈਣੀ ਆਦਿ ਵੀ ਹਾਜ਼ਰ ਸਨ।
ਗਲਤੀ ਨਾਲ ਨੌਜਵਾਨ ਨੇ ਖਾਧੀ ਜ਼ਹਿਰੀਲੀ ਦਵਾਈ, ਮੌਤ
NEXT STORY