ਤਲਵੰਡੀ ਭਾਈ(ਪਾਲ)-ਸਿਖਰਾਂ ਦੀ ਪੈ ਰਹੀ ਗਰਮੀ ਕਾਰਨ ਜਿਥੇ ਪੰਜਾਬ ਵਿਚ ਪੈਦਾ ਹੋਣ ਵਾਲੀਆਂ ਸਬਜ਼ੀਆਂ, ਫਲ-ਫਰੂਟ ਸੁਕਦੇ ਜਾ ਰਹੇ ਹਨ, ਉਥੇ ਹੀ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੇ ਰੇਤਲੇ ਟਿੱਬਿਆਂ ਵਿਚ ਪੈਦਾ ਹੋਣ ਵਾਲੇ ਤਰਬੂਜ਼ ਅਤੇ ਖਰਬੂਜ਼ੇ ਦੇ ਦਿਨੋ-ਦਿਨ ਰੰਗ ਨਿਖਰਦੇ ਜਾ ਰਹੇ ਹਨ। ਅੱਜ-ਕੱਲ ਸਾਡੀਆਂ ਗਲੀਆਂ, ਬਾਜ਼ਾਰਾਂ ਵਿਚ ਇਨ੍ਹਾਂ ਤਰਬੂਜ਼, ਖਰਬੂਜ਼ਿਆਂ ਦੀ ਧਡ਼ਾ-ਧਡ਼ ਹੋ ਰਹੀ ਵਿਕਰੀ ਪੱਖੋਂ ਦੂਜੇ ਮਹਿੰਗੇ ਫਰੂਟਾਂ ਉਪਰ ਸਮਝੋ ਝੰਡੀ ਹੈ। ਹਰ ਪਿੰਡ, ਕਸਬੇ ਤੇ ਸ਼ਹਿਰ ਵਿਚ ਥਾਂ-ਥਾਂ ਖਰਬੂਜ਼ਿਆਂ ਅਤੇ ਤਰਬੂਜ਼ ਦੇ ਰੇਹਡ਼ੇ, ਰੇਹਡ਼ੀਆਂ ਭਰੀਆਂ ਦਿਖਾਈ ਦਿੰਦੀਆਂ ਹਨ। ਤਲਵੰਡੀ ਭਾਈ ਦੇ ਬਾਜ਼ਾਰ ਵਿਚ ਫਰੂਟ ਤੇ ਸਬਜ਼ੀ ਦਾ ਕੰਮ ਕਰਨ ਵਾਲੇ ਛੋਟੇ-ਵੱਡੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ-ਕੱਲ ਜਿਥੇ ਦੂਜਾ ਕੋਈ ਵੀ ਫਰੂਟ 60-70 ਰੁਪਏ ਕਿਲੋ ਤੋਂ ਘੱਟ ਨਹੀਂ ਮਿਲ ਰਿਹਾ, ਉਥੇ ਤਰਬੂਜ਼ ਤੇ ਖਰਬੂਜ਼ੇ ਸਿਰਫ 8-10 ਰੁਪਏ ਕਿਲੋ ਵਿਕ ਰਹੇ ਹਨ, ਜਿਸ ਕਾਰਨ ਗਰੀਬ ਗਾਹਕ ਵੀ ਚਾਰ-ਪੰਜ ਕਿਲੋ ਖਰਬੂਜ਼ੇ-ਤਰਬੂਜ਼ ਖਰੀਦ ਕੇ ਦੋ-ਚਾਰ ਦਿਨ ਕੱਢ ਲੈਂਦਾ ਹੈ ਕਿਉਂਕਿ ਇਨ੍ਹਾਂ ਫਲਾਂ ਦੀ ਜ਼ਿਆਦਾ ਸਾਂਭ-ਸੰਭਾਲ ਦੀ ਲੋਡ਼ ਨਹੀਂ ਪੈਂਦੀ। ਦੂਜੇ ਫਲਾਂ ਨੂੰ ਜਿਥੇ ਗਰਮੀ ਕਾਰਨ ਦਿਨ ’ਚ 20 ਵਾਰ ਪਾਣੀ ਨਾਲ ਗਿੱਲੇ ਕਰਨਾ ਪੈਂਦਾ ਹੈ, ਉਥੇ ਹੀ ਇਨ੍ਹਾਂ ਨੂੰ ਪਾਣੀ ਦੀ ਰੱਤਾ ਵੀ ਲੋਡ਼ ਨਹੀਂ ਪੈਂਦੀ, ਸਖਤ ਚਮਡ਼ੀ ਤੇ ਮੋਟੀ ਛਿੱਲ ਕਾਰਨ ਕਈ ਦਿਨਾਂ ਤੱਕ ਖਰਾਬ ਨਹੀਂ ਹੁੰਦੇ। ਨੇਡ਼ਲੇ ਪਿੰਡ ਕੋਟ ਕਰੋਡ਼ ਦੀ ਸੱਥ ਵਿਚ ਬੈਠੇ ਬਜ਼ੁਰਗ ਕਿਸਾਨਾਂ ਨੇ ਤਰਬੂਜ਼ ਦੇ ਗੁਣਾਂ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਤਰਬੂਜ਼ ਨੂੰ ਕੱਟ ਕੇ ਸਵੇਰ ਸਮੇਂ ਕੁਝ ਦਿਨ ਖਾਲੀ ਪੇਟ ਖਾਧਾ ਜਾਵੇ ਤਾਂ ਪੇਟ ਦੇ ਕਈ ਭਿਆਨਕ ਰੋਗ ਦੂਰ ਹੋ ਜਾਂਦੇ ਹਨ। ਉਨ੍ਹਾਂ ਰਾਜਸਥਾਨੀ ਟਿੱਬਿਆਂ ਦੇ ਇਨ੍ਹਾਂ ਮੇਵਿਆਂ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਮੌਸਮੀ ਫਲਾਂ ਤਰਬੂਜ਼ ਤੇ ਖਰਬੂਜ਼ੇ ਵਿਚ ਪਾਣੀ ਦੀ ਚੰਗੀ ਮਾਤਰਾ ਹੋਣ ਕਾਰਨ ਵਾਰ- ਵਾਰ ਲੱਗਦੀ ਪਿਆਸ ’ਤੇ ਵੀ ਕੁਝ ਹੱਦ ਤੱਕ ਕਾਬੂ ਪੈ ਜਾਂਦਾ ਹੈ ਪਰ ਕਈ ਵਾਰ ਬਹੇ ਜਾਂ ਗਲੇ ਇਹ ਫਲ ਹੈਜ਼ੇ ਦਾ ਕਾਰਨ ਵੀ ਬਣ ਜਾਂਦੇ ਹਨ। ਇਸ ਲਈ ਇਹ ਫਲ ਖਾਣ ਤੋਂ ਬਾਅਦ ਤੁਰੰਤ ਅਣਗਹਿਲੀ ਨਾਲ ਵੀ ਪਾਣੀ ਨਹੀਂ ਪੀਣਾ ਚਾਹੀਦਾ ਤੇ ਸਹੀ ਤਰੀਕੇ ਤੇ ਲੋਡ਼ ਅਨੁਸਾਰ ਹੀ ਇਨ੍ਹਾਂ ਠੰਡੇ-ਮਿੱਠੇ ਫਲਾਂ ਦਾ ਜ਼ਾਇਕਾ ਲੈਣਾ ਚਾਹੀਦਾ ਹੈ।
ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ
NEXT STORY