ਬੱਧਨੀ ਕਲਾਂ (ਬੱਬੀ) : ਪਿੰਡ ਬੁੱਟਰ ਕਲਾਂ ਵਿਖੇ ਵਿਆਹੀ ਆਈ ਇਕ ਕੈਨੇਡੀਅਨ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਲ਼ੜਕੇ ਵਾਲਿਆਂ ਨੇ ਠੱਗੀ ਮਾਰਨ ਦੇ ਦੋਸ਼ ਵਿਚ ਉਸ ਸਮੇਂ ਬੱਧਨੀ ਕਲਾਂ ਥਾਣੇ ਫ਼ੜਾ ਦਿਤਾ ਜਦੋਂ ਲੜਕੀ ਦੇ ਪਰਿਵਾਰਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਮਿਲਣੀਆਂ ਕਰਨ ਲਈ ਪਿੰਡ ਬੁੱਟਰ ਕਲਾਂ ਵਿਖੇ ਪਹੁੰਚੇ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਘਰ ਪਹੁੰਚਦਿਆਂ ਹੀ ਲ਼ੜਕੇ ਵਾਲਿਆਂ ਨੇ ਉਨ੍ਹਾਂ 'ਤੇ ਠੱਗੀ ਮਾਰਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿਤੇ ਜਿਸ ਦਾ ਲ਼ੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਵਿਰੋਧ ਕੀਤਾ ਗਿਆ, ਜਿਸ 'ਤੇ ਉਨ੍ਹਾਂ ਦੀ ਆਪਸ ਵਿਚ ਤਲਖੀ ਹੋਰ ਵੱਧ ਗਈ ਤੇ ਗੁੱਸੇ ਵਿਚ ਆਏ ਮੁੰਡੇ ਵਾਲਿਆਂ ਨੇ ਪੁਲਸ ਨੂੰ ਬੁਲਾ ਕੇ ਉਨ੍ਹਾਂ ਨੂੰ ਥਾਣੇ ਲੈ ਆਂਦਾ।
ਇਸ ਘਟਨਾਂ ਦੀ ਜਾਣਕਾਰੀ ਮਿਲਣ 'ਤੇ ਪੱਤਰਕਾਰਾਂ ਦੀ ਟੀਮ ਜਦੋਂ ਥਾਣੇ ਪਹੁੰਚੀ ਤਾਂ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿਚ ਇਕੱਤਰ ਹੋਏ ਲੜਕੇ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਲੜਕੀ ਵਾਲਿਆਂ ਨੇ ਲੜਕੀ ਨੂੰ ਅਣਵਿਆਹੀ ਅਤੇ ਕੈਨੇਡਾ ਪੀ. ਆਰ ਦੱਸ ਕੇ ਉਨ੍ਹਾਂ ਨਾਲ 30 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ ਜੋ ਗੱਲਾਂ ਇੰਨ੍ਹਾਂ ਨੇ ਲੜਕੀ ਸਬੰਧੀ ਸਾਨੂੰ ਦੱਸੀਆਂ ਸਨ ਉਹ ਝੂਠੀਆਂ ਹਨ ਅਤੇ ਲ਼ੜਕੀ ਦੇ ਪਰਿਵਾਰਕ ਮੈਂਬਰ ਸਾਨੂੰ ਸਹੀ ਕਾਗਜ਼ ਪੱਤਰ ਅਤੇ ਹੋਰ ਪਰੂਫ ਹੁਣ ਵੀ ਨਹੀਂ ਦਿਖਾ ਰਹੇ। ਇਨਾਂ ਹੀ ਨਹੀਂ ਲ਼ੜਕੀ ਪਹਿਲਾਂ ਵੀ ਵਿਆਹੀ ਹੋਈ ਸੀ ਜਦੋਂ ਇਸ ਸਬੰਧੀ ਲੜਕੀ ਦੇ ਤਾਇਆ, ਭੈਣ ਅਤੇ ਹੋਰ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਮਿਲਣੀਆਂ ਕਰਨ ਲਈ ਆਏ ਸਨ। ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਜਦੋਂ ਲੜਕੀ ਰਮਨਪ੍ਰੀਤ ਕੌਰ ਅਤੇ ਉਸ ਦੀ ਮਾਤਾ ਕਮਲਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੜਕੇ ਵਾਲਿਆਂ ਤੋਂ 20 ਲੱਖ ਰੁਪਏ ਲਏ ਹਨ ਪਰ ਕੋਈ ਠੱਗੀ ਨਹੀਂ ਮਾਰੀ ਲ਼ੜਕੀ ਅੱਜ ਵੀ ਕੈਨੇਡੀਅਨ ਪੀ. ਆਰ ਹੀ ਹੈ।
ਇਸ ਸਬੰਧ ਵਿਚ ਜਦੋਂ ਥਾਣਾ ਬੱਧਨੀ ਕਲਾਂ ਦੀ ਐੱਸ. ਐੱਚ. ਓ. ਮੈਡਮ ਭੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਸ਼ਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੁਰਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਬੁੱਟਰ ਕਲਾਂ ਵਲੋਂ ਰਮਨਦੀਪ ਕੌਰ ਪੁੱਤਰੀ ਪ੍ਰਿਤਪਾਲ ਸਿੰਘ ਵਾਸੀ ਝਾੜੀਵਾਲਾ ਹਾਲ ਆਬਾਦ ਫਰੀਦਕੋਟ ਖਿਲਾਫ ਕੈਨੇਡੀਅਨ ਪੀ.ਆਰ ਦੇ ਨਕਲੀ ਕਾਗਜ਼ ਦਿਖਾ ਕੇ 30 ਲੱਖ ਦੀ ਠੱਗੀ ਮਾਰਨ ਦੀ ਸ਼ਿਕਾਇਤ ਕੀਤੀ ਗਈ ਹੈ, ਜਿਸ ਦੀ ਡੂੰਘਾਈ ਨਾਲ ਪੜਤਾਲ ਦੇ ਚਲਦਿਆਂ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਨਿਗਮ ਚੋਣਾਂ : ਗੁਰਦਾਸਪੁਰ 'ਚ ਛਾ ਗਏ ਕਾਂਗਰਸੀ ਉਮੀਦਵਾਰ, ਵਿਰੋਧੀਆਂ ਨੂੰ ਦਿੱਤੀ ਕਰਾਰੀ ਹਾਰ
NEXT STORY