ਗੁਰਦਾਸਪੁਰ (ਹਰਮਨਪ੍ਰੀਤ) : ਤਾਪਮਾਨ 'ਚ ਗਿਰਾਵਟ ਆਉਣ ਸਮੇਤ ਕਈ ਕਾਰਨਾਂ ਸਦਕਾ ਕਈ ਇਲਾਕਿਆਂ 'ਚ ਕਣਕ ਦੀ ਫਸਲ ਪੀਲੀ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਫਸਲ ਦੇ ਪੀਲੇਪਣ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਫਸਲ ਦੇ ਪੀਲੇ ਹੋਣ ਦੇ ਅਸਲ ਕਾਰਨਾਂ ਤੋਂ ਬਹੁ-ਗਿਣਤੀ ਕਿਸਾਨ ਅਣਜਾਣ ਹਨ। ਖੇਤੀ ਮਾਹਿਰਾਂ ਅਨੁਸਾਰ ਕਣਕ ਦੇ ਪੀਲੇ ਹੋਣ ਦੇ ਅਨੇਕਾਂ ਕਾਰਨ ਹਨ ਜਿਨ੍ਹਾਂ 'ਚੋਂ ਕਈ ਕਾਰਨ ਤਾਂ ਮੌਸਮ ਦੀ ਤਬਦੀਲੀ ਨਾਲ ਹੀ ਸਬੰਧਤ ਹਨ ਜਦਕਿ ਕੁਝ ਕਾਰਨ ਖੁਰਾਕੀ ਤੱਤਾਂ ਦੀ ਘਾਟ ਨਾਲ ਸਬੰਧਤ ਹੁੰਦੇ ਹਨ ਪਰ ਕਿਸਾਨ ਜ਼ਿਆਦਾ ਵਾਰ ਏਹੀ ਸਮਝਦੇ ਹਨ ਕਿ ਕਣਕ ਵਿਚ ਯੂਰੀਆ ਦੀ ਘਾਟ ਕਾਰਨ ਪੀਲਾਪਣ ਆ ਗਿਆ ਹੈ ਜਾਂ ਫਿਰ ਪੀਲੀ ਕੁੰਗੀ ਨਾਂ ਦੀ ਬੀਮਾਰੀ ਦਾ ਹਮਲਾ ਹੈ। ਇਸ ਕਾਰਨ ਕਿਸਾਨ ਜਾਂ ਤਾਂ ਯੂਰੀਆ ਖਾਦ ਦੀ ਵਰਤੋਂ ਧੜੱਲੇ ਨਾਲ ਸ਼ੁਰੂ ਕਰ ਦਿੰਦੇ ਹਨ ਜਾਂ ਫਿਰ ਉਹ ਪੀਲੀ ਕੁੰਗੀ ਦੀ ਰੋਕਥਾਮ ਲਈ ਕਈ ਬੇਲੋੜੀਆਂ ਦਵਾਈਆਂ ਦਾ ਛਿੜਕਾਅ ਕਰਨ ਲੱਗ ਪੈਂਦੇ ਹਨ, ਜਿਸ ਨਾਲ ਕਿਸਾਨਾਂ 'ਤੇ ਵਾਧੂ ਬੋਝ ਪੈ ਜਾਂਦਾ ਹੈ।
ਕਣਕ ਦੇ ਪੀਲੇਪਣ ਲਈ ਜ਼ਿੰਮੇਵਾਰ ਹਨ ਕਈ ਕਾਰਨ
ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਫਸਲ ਦੇ ਪੀਲੇ ਪੈਣ ਕਈ ਕਾਰਨ ਹਨ ਜਿਨ੍ਹਾਂ 'ਚੋਂ ਮੁੱਖ ਤੌਰ 'ਤੇ ਕਣਕ ਦੇ ਬੀਜ ਦੀ ਕਿਸਮ, ਬੀਜਾਈ ਦਾ ਢੰਗ, ਫਸਲ 'ਚ ਵਰਤੀਆਂ ਗਈਆਂ ਖਾਦਾਂ ਦੀ ਮਾਤਰਾ, ਖੇਤ ਦੀ ਮਿੱਟੀ ਦੀ ਕਿਸਮ, ਮੌਸਮ ਦਾ ਪ੍ਰਭਾਵ, ਖੇਤ 'ਚ ਸਿੱਲ ਅਤੇ ਸੇਮ ਦਾ ਪ੍ਰਭਾਵ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਕੁਝ ਬੀਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਪੀਲੇਪਣ ਦਾ ਕਾਰਨ ਬਣਦਾ ਹੈ। ਇਨ੍ਹਾਂ 'ਚੋਂ ਮੌਸਮ ਅਤੇ ਪਾਣੀ ਨਾਲ ਸਬੰਧਤ ਕਾਰਨਾਂ ਕਰ ਕੇ ਪੀਲੀ ਹੋਈ ਕਣਕ ਦੀ ਫਸਲ ਤਾਂ ਮੌਸਮ ਦੀ ਤਬਦੀਲੀ ਦੇ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਹੈ। ਉਕਤ ਸਮੱਸਿਆਵਾਂ ਤੋਂ ਇਲਾਵਾ ਪਰਾਲੀ ਨੂੰ ਅੱਗ ਲਾਏ ਬਗੈਰ ਹੈਪੀ ਸੀਡਰ ਨਾਲ ਬੀਜੀ ਗਈ ਕਣਕ ਦੇ ਬੂਟੇ ਵੀ ਸ਼ੁਰੂਆਤੀ ਦੌਰ 'ਚ ਕਈ ਵਾਰ ਪੀਲੇ ਪੈ ਜਾਂਦੇ ਹਨ। ਇਹ ਸਮੱਸਿਆ ਜਲਦੀ ਠੀਕ ਨਾ ਹੋਣ 'ਤੇ ਬੂਟਿਆਂ ਦੀਆਂ ਸ਼ਖਾਵਾਂ ਘੱਟ ਨਿਕਲਦੀਆਂ ਹਨ ਅਤੇ ਬੂਟਾ ਮਧਰਾ ਰਹਿ ਜਾਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰੇ ਲਈ ਇਕ ਏਕੜ ਖੇਤ ਵਿਚ ਇਕ ਕਿਲੋ ਯੂਰੀਏ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਇਆ ਜਾ ਸਕਦਾ ਹੈ।
ਲਘੂ ਤੱਤਾਂ ਦੀ ਘਾਟ
ਰੇਤਲੀਆਂ ਅਤੇ ਕਲਰਾਠੀਆਂ ਜ਼ਮੀਨਾਂ 'ਚ ਜ਼ਿੰਕ ਦੀ ਘਾਟ ਨਾਲ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਪੱਤੇ ਦਾ ਕੁਝ ਹਿੱਸਾ ਵਿਚਕਾਰੋਂ ਪੀਲਾ ਪੈਣਾ ਸ਼ੁਰੂ ਹੋ ਕੇ ਟੁੱਟ ਜਾਂਦਾ ਹੈ ਜਦਕਿ ਮੈਗਨੀਜ਼ ਦੀ ਘਾਟ ਨਾਲ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ 'ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਚਟਾਖ ਪੈ ਜਾਂਦੇ ਹਨ। ਇਸ ਘਾਟ ਨੂੰ ਪੂਰਾ ਕਰਨ ਲਈ 1 ਕਿਲੋ ਮੈਗਨੀਜ਼ ਸਲਫੇਟ 200 ਲਿਟਰ ਪਾਣੀ ਪ੍ਰਤੀ ਏਕੜ ਦੇ ਘੋਲ ਦੀ ਸਪਰੇਅ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਜੇਕਰ ਖੇਤ 'ਚ ਗੰਧਕ ਦੀ ਘਾਟ ਆ ਜਾਵੇ ਤਾਂ ਕਣਕ ਦੇ ਨਵੇਂ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ ਜਦਕਿ ਬੂਟੇ ਦੇ ਸਿਖਰਲੇ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਬੂਟੇ ਦੇ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ। ਇਹ ਘਾਟ ਪੂਰੀ ਕਰਨ ਲਈ 100 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਚਾਹੀਦਾ।
ਪੀਲੇਪਣ ਦਾ ਵੱਡਾ ਕਾਰਨ ਸਿਉਂਕ
ਸਿਉਂਕ ਵੀ ਕਣਕ ਦੀ ਫਸਲ ਦੇ ਪੀਲੇਪਣ ਦਾ ਵੱਡਾ ਕਾਰਨ ਹੈ। ਸਿਉਂਕ ਦੇ ਹਮਲੇ ਨਾਲ ਬੂਟੇ ਦਾ ਰੰਗ ਹੀ ਪੀਲਾ ਨਹੀਂ ਹੁੰਦਾ ਸਗੋਂ ਇਸ ਦੇ ਹਮਲੇ ਨਾਲ ਬੂਟੇ ਸੁੱਕਣੇ ਵੀ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਸਿਉਂਕ ਬੂਟਿਆਂ ਦੀਆਂ ਜੜ੍ਹਾਂ ਨੂੰ ਖਾ ਲੈਂਦੀ ਹੈ। ਚੇਪਾ, ਗੁੱਝੀਆਂ ਭੂੰਡੀ ਅਤੇ ਭੂਰੀ ਜੂੰ ਦਾ ਹਮਲਾ ਵੀ ਕਣਕ ਦੀ ਫਸਲ ਦਾ ਰੰਗ ਬਦਲ ਦਿੰਦਾ ਹੈ।
ਵੱਡੀ ਸਮੱਸਿਆ ਹੈ ਪੀਲੀ ਕੁੰਗੀ
ਦਸੰਬਰ ਦੇ ਦੂਜੇ ਪੰਦਰਵਾੜੇ ਤੋਂ ਜਨਵਰੀ ਦੇ ਅੱਧ ਤੱਕ ਪੀਲੀ ਕੁੰਗੀ ਦੇ ਹਮਲੇ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਬਚਾਅ ਲਈ ਕਣਕ ਦੀਆਂ ਉਨ੍ਹਾਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਜੋ ਇਸ ਬੀਮਾਰੀ ਦਾ ਟਾਕਰਾ ਕਰ ਸਕਦੀਆਂ ਹਨ। ਨੀਮ ਪਹਾੜੀ ਇਲਾਕਿਆਂ ਵਿਚ ਪੀ. ਬੀ. ਡਬਲਯੂ-725, ਉੱਨਤ ਪੀ. ਬੀ. ਡਬਲਯੂ 550, ਪੀ. ਬੀ. ਡਬਲਯੂ. 752 ਅਤੇ ਪੀ. ਬੀ. ਡਬਲਯੂ. 660 ਆਦਿ ਕਿਸਮਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਖੇਤਰਾਂ ਵਿਚ ਕਣਕ ਦੀ ਅਗੇਤੀ ਬੀਜਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਅਗੇਤੀ ਬੀਜਾਈ ਨਾਲ ਬੀਮਾਰੀ ਦੇ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਪੀਲੀ ਕੁੰਗੀ ਦੇ ਹਮਲੇ ਨਾਲ ਪੱਤਿਆਂ 'ਤੇ ਹਲਦੀ-ਨੁਮਾ ਪੀਲੇ ਤੋਂ ਸੰਤਰੀ ਰੰਗ ਦੀਆਂ ਧੂੜੇਦਾਰ ਧਾਰੀਆਂ ਪੈ ਜਾਂਦੀਆਂ ਹਨ ਅਤੇ ਜੇਕਰ ਬੀਮਾਰੀ ਵਾਲੇ ਪੱਤੇ ਨੂੰ ਹੱਥ ਨਾਲ ਛੂਹਿਆ ਜਾਵੇ ਤਾਂ ਪੀਲਾ ਧੂੜਾ ਹੱਥਾਂ ਨੂੰ ਲੱਗ ਜਾਂਦਾ ਹੈ। ਅਜਿਹੀ ਸਮੱਸਿਆ ਤੋਂ ਬਚਾਅ ਲਈ ਖੇਤੀ ਮਾਹਿਰਾਂ ਦੀ ਸਲਾਹ ਲੈ ਕੇ ਟਿਲਟ 25 ਈ. ਸੀ. ਜਾਂ ਬੰਪਰ 25 ਈ. ਸੀ. ਜਾਂ ਸ਼ਾਇਨ 25 ਈ. ਸੀ. ਜਾਂ ਮਾਰਕਜ਼ੋਲ 25 ਈ. ਸੀ. ਜਾਂ ਕੰਮਪਾਸ 25 ਈ. ਸੀ. ਜਾਂ ਸਟਿਲਟ 25 ਈ. ਸੀ. (1 ਮਿਲੀ ਲਿਟਰ ਇਕ ਲਿਟਰ ਪਾਣੀ ਦੇ ਹਿਸਾਬ ਨਾਲ) ਜਾਂ ਨਟੀਵੋ (0.6 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕੀਤਾ ਜਾ ਸਕਦਾ ਹੈ।
ਮੌਸਮ ਅਤੇ ਪਾਣੀ ਦੀ ਸਮੱਸਿਆ
ਕੱਲਰ ਵਾਲੀ ਮਿੱਟੀ ਵਿਚ ਬੀਜੀ ਗਈ ਫ਼ਸਲ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਜਾਂਦੀ ਹੈ। ਕਿਸੇ ਇਮਾਰਤ ਜਾਂ ਦਰੱਖਤ ਦੀ ਛਾਂ ਹੇਠ ਰਹਿਣ ਵਾਲੀ ਕਣਕ ਦੀ ਫਸਲ ਪੀਲੀ ਪੈ ਜਾਂਦੀ ਹੈ। ਜੇਕਰ ਮੌਸਮ ਸਾਫ ਨਾ ਰਹੇ ਅਤੇ ਕਈ ਦਿਨ ਬੱਦਲਵਾਈ ਅਤੇ ਧੁੰਦ/ਕੋਰਾ ਪਵੇ ਤਾਂ ਵੀ ਕਣਕ ਦੀ ਫ਼ਸਲ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ। ਇਹ ਸਮੱਸਿਆ ਮੌਸਮ ਸਾਫ ਹੋਣ 'ਤੇ ਅਸਾਨੀ ਨਾਲ ਠੀਕ ਹੋ ਜਾਂਦੀ ਹੈ। ਧੁੰਦ ਅਤੇ ਕੋਰੇ ਵਾਲੇ ਦਿਨਾਂ ਵਿਚ ਫ਼ਸਲ ਨੂੰ ਥੋੜ੍ਹਾ ਜਿਹਾ ਪਾਣੀ ਲਾ ਕੇ ਠੰਡ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ। ਖੇਤ ਵਿਚ ਪਾਣੀ ਦਾ ਨਿਕਾਸ ਸਹੀ ਨਾ ਹੋਣ ਕਾਰਣ ਜਦੋਂ ਜ਼ਿਆਦਾ ਮੀਂਹ ਪੈਣ ਦੀ ਸੂਰਤ ਵਿਚ ਸਿੱਲ ਦੀ ਮਾਤਰਾ ਵਧ ਜਾਂਦੀ ਹੈ ਤਾਂ ਵੀ ਫਸਲ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ। ਬੂਟੇ ਦੇ ਸਾਰੇ ਪੱਤੇ ਨੋਕਾਂ ਤੋਂ ਹੇਠਾਂ ਵੱਲ ਨੂੰ ਪੀਲੇ ਪੈ ਜਾਂਦੇ ਹਨ ਅਤੇ ਫਸਲ ਦਾ ਵਾਧਾ ਰੁਕ ਜਾਂਦਾ ਹੈ।
ਪਿੰਡਾਂ ਦੀਆਂ ਸ਼ਾਮਲਾਟਾਂ ਬਚਾਉਣ ਲਈ ਸੜਕਾਂ 'ਤੇ ਉਤਰੀ 'ਆਪ'
NEXT STORY