ਲੁਧਿਆਣਾ (ਸਰਬਜੀਤ ਸਿੱਧੂ) – ਕੋਵਿਡ-19 ਦੇ ਕਹਿਰ ਦੇ ਕਾਰਣ ਕਣਕ ਦੀ ਵਾਢੀ ਨੂੰ ਸੁਰੱਖਿਅਤ ਢੰਗ ਨਾਲ ਨਿਰਵਿਘਨ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਨੇ, ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਉਨ੍ਹਾਂ ’ਤੇ ਪੰਜਾਬ ਕਿਸਾਨਾਂ ਦੀ ਪ੍ਰਤੀਕਿਰਿਆ ਬਿਲਕੁਲ ਵੱਖ ਹੈ। ਇਸ ਨਾਲ ਕਿਸਾਨਾਂ ’ਤੇ ਆਰਥਿਕ, ਮਾਨਸਿਕ ਅਤੇ ਸਰੀਰਕ ਬੋਝ ਵਧੇਗਾ।
1. ਕੰਬਾਈਨ ਹਾਰਵੈਸਟਰ ਚਲਾਉਣ ਦਾ ਸਮਾਂ ਸਵੇਰੇ ਛੇ ਤੋਂ ਸ਼ਾਮ ਸੱਤ ਵਜੇ ਤੱਕ ਨਿਸ਼ਚਿਤ
ਕਿਸਾਨਾਂ ਅਤੇ ਕੰਬਾਈਨ ਚਾਲਕਾਂ ਦਾ ਕਹਿਣਾ ਹੈ ਕਿ ਸਵੇਰੇ ਕੰਬਾਈਨ ਚੱਲਣ ਦਾ ਸਮਾਂ ਲਗਭਗ 9 ਵਜੇ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਕਿਉਂਕਿ 6 ਵਜੇ ਤਰੇਲ ਹੋਣ ਕਰ ਕੇ ਕੰਬਾਈਨ ਚਲਾਉਣ ਨਾਲ ਕਣਕ ਖਰਾਬ ਹੋਵੇਗੀ ਅਤੇ ਹਾਦਸਿਆਂ ਦਾ ਵੀ ਡਰ ਰਹਿੰਦਾ ਹੈ। ਇਹ ਵੀ ਗੱਲ ਹੈ ਕਿ ਸਮਾਂ ਸੀਮਤ ਹੋਣ ਕਾਰਣ ਵਾਢੀ ਲੰਬੀ ਚੱਲੇਗੀ ਜਿਸ ਨਾਲ ਕਣਕ ਸੁੱਕਣ ਕਰ ਕੇ ਅਤੇ ਮੌਸਮ ਦੀ ਖਰਾਬੀ ਕਰ ਕੇ ਝਾੜ ਘਟ ਸਕਦਾ ਹੈ।
2. ਮਾਰਕੀਟ ਕਮੇਟੀ ਵਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਮਿਤੀ ਵਾਰ ਪਾਸ ਜਾਰੀ ਕੀਤੇ ਜਾਣਗੇ
3. ਮਾਰਕੀਟ ਕਮੇਟੀ ਇਕ ਸਮੇਂ ਤਿੰਨ ਦਿਨਾਂ ਲਈ ਪਾਸ ਜਾਰੀ ਕਰੇਗੀ
4. ਕਿਸਾਨ ਨੂੰ ਪਾਸ ਦੀ ਮਿਤੀ ਵਾਲੇ ਦਿਨ ਹੀ ਆਪਣੀ ਫਸਲ ਮੰਡੀ ਵਿਚ ਲਿਜਾਣ ਦੀ ਆਗਿਆ ਹੋਵੇਗੀ
ਕਿਸਾਨਾਂ ਦਾ ਕਹਿਣਾ ਹੈ ਕਿ ਕੰਬਾਈਨ ਹਾਰਵੈਸਟਰ ਦਾ ਸਮਾਂ ਸੀਮਤ ਹੋਣ ਕਰ ਕੇ ਜੇਕਰ ਪਾਸ ਮਿਲਣ ਦੀ ਮਿਤੀ ਦੇ ਅੰਦਰ ਅੰਦਰ ਕਣਕ ਦੀ ਕਟਾਈ ਨਾ ਹੋਈ। ਕਿਉਂਕਿ ਕਈ ਵਾਰ ਕੰਬਾਈਨ ਮਿਲਣ ਵਿਚ ਦੇਰੀ , ਕੰਬਾਈਨ ਦਾ ਖ਼ਰਾਬ ਹੋਣਾ , ਮੌਸਮ ਵਿਚ ਖਰਾਬੀ ਆਦਿ ਕਰ ਕੇ ਕਣਕ ਦੀ ਵਾਢੀ ਵਿਚ ਦੇਰੀ ਹੋ ਸਕਦੀ ਹੈ। ਇਸ ਸਥਿਤੀ ਵਿਚ ਕਿਸਾਨ ਨੂੰ ਆਪਣੀ ਕਣਕ ਦੀ ਉਪਜ ਨਾ ਚਾਹੁੰਦਿਆਂ ਹੋਇਆਂ ਵੀ ਘਰ ਵਿਚ ਰੱਖਣੀ ਪਵੇਗੀ ਅਤੇ ਅਗਲਾ ਪਾਸ ਮਿਲਣ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।
5. ਹਰ ਪਾਸ ਦੀ ਮਿਆਦ ਵੱਧ ਤੋਂ ਵੱਧ ਇਕ ਟਰਾਲੀ ਕਣਕ ਲਈ ਸੀਮਿਤ ਹੋਵੇਗੀ
ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਟਰਾਲੀ ਦੇ ਹਿਸਾਬ ਨਾਲ ਨਹੀਂ ਬਲਕਿ ਕਿਸਾਨ ਦੇ ਹਿਸਾਬ ਨਾਲ ਪਾਸ ਦੇਣੇ ਚਾਹੀਦੇ ਹਨ। ਜਿਵੇਂ ਕਿ ਸਰਕਾਰ ਨੇ ਕਿਹਾ ਇੱਕ ਸਮੇਂ 50 ਤੋਂ 70 ਕੁਇੰਟਲ ਦੀ ਟਰਾਲੀ ਹੀ ਮੰਡੀ ਵਿਚ ਆ ਸਕਦੀ ਹੈ ਪਰ ਬਹੁਤੇ ਕਿਸਾਨਾਂ ਦੀ ਕਣਕ ਦੀ ਉਪਜ ਇਸ ਤੋਂ ਵੱਧ ਹੁੰਦੀ ਹੁੰਦੀ ਹੈ।
6. ਕਣਕ ਦੀ ਇਕ ਤੋਂ ਵੱਧ ਟਰਾਲੀ ਵਾਲੇ ਕਿਸਾਨ ਨੂੰ ਅਗਲੇ ਦਿਨਾਂ ਦੌਰਾਨ ਆਪਣੀ ਫ਼ਸਲ ਮੰਡੀ ਵਿਚ ਲਿਆਉਣ ਲਈ ਵੱਖਰੇ ਪਾਸ ਜਾਰੀ ਕੀਤੇ ਜਾਣਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਿਸਾਨ ਕੋਲ ਦਸ ਏਕੜ ਜ਼ਮੀਨ ਹੈ ਜਾਂ ਤਾਂ ਉਹ ਕੰਬਾਈਨ ਤੋਂ ਸਿਰਫ਼ ਪੰਜਾਹ ਕੁਇੰਟਲ ਕਣਕ ਦੀ ਕਟਾਈ ਕਰਵਾਵੇ ਅਤੇ ਅਗਲੀ ਵਾਰ ਪਾਸ ਮਿਲਣ ’ਤੇ ਫਿਰ ਪੰਜਾਹ ਕੁਇੰਟਲ ਦੀ ਕਟਾਈ ਕਰਵਾਵੇ ਇਹ ਬਿਲਕੁਲ ਵੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਦਸ ਏਕੜ ਦੀ ਕਣਕ ਇਕ ਵਾਰ ’ਚ ਕਟਾਈ ਕਰ ਕੇ ਘਰੇ ਰੱਖ ਲਈ ਜਾਵੇ ਅਤੇ ਚਾਰ ਜਾਂ ਪੰਜ ਵਾਰੀਆਂ ਵਿਚ ਪਾਸ ਮਿਲਣ ’ਤੇ ਕਣਕ ਮੰਡੀ ਲੈ ਕੇ ਜਾਣੀ ਪਈ ਤਾਂ ਇਸ ਨਾਲ ਉਸ ਦਾ ਮੰਡੀ ਤੱਕ ਪਹੁੰਚਾਉਣ ਦਾ ਖਰਚਾ ਚਾਰ ਗੁਣਾ ਹੋ ਜਾਵੇਗਾ ਕਿਉਂਕਿ ਹਰ ਵਾਰ ਮਜ਼ਦੂਰ ਲਗਾ ਕੇ ਟਰਾਲੀ ਭਰਨੀ ਅਤੇ ਮੰਡੀ ਤੱਕ ਪਹੁੰਚਾਉਣੀ ਪਵੇਗੀ। ਇਸ ਨਾਲ ਸਮਾਜਿਕ ਦੂਰੀ ਘਟੇਗੀ ਨਹੀਂ ਬਲਕਿ ਵਧੇਗੀ ਕਿਉਂਕਿ ਇਕ ਕਿਸਾਨ ਨੂੰ ਵਾਰ-ਵਾਰ ਮੰਡੀ ਵਿਚ ਆਉਣਾ ਪਵੇਗਾ। ਇਸ ਵਿਚ ਵੱਡੀ ਸਮੱਸਿਆ ਇਹ ਹੈ ਕਿ ਬਹੁਤ ਸਾਰੇ ਕਿਸਾਨਾਂ ਕੋਲ ਕਣਕ ਦੀ ਉਪਜ ਨੂੰ ਸਟਾਕ ਕਰਨ ਲਈ ਜਗ੍ਹਾ ਨਹੀਂ ਹੈ ।
ਇਸ ਬਾਰੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਕੰਬਾਈਨ ਚੱਲਣ ਦਾ ਸਮਾਂ ਵਧਾਉਣਾ ਚਾਹੀਦਾ ਹੈ। ਪਾਸ ਟਰਾਲੀ ਨੂੰ ਨਾ ਦੇ ਕੇ ਕਿਸਾਨ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਤਾਂ ਜੋ ਇਕ ਕਿਸਾਨ ਆਪਣੀ ਕਣਕ ਦੀ ਉਪਜ ਇਕ ਵਾਰ ਵਿਚ ਹੀ ਮੰਡੀਕਰਨ ਕਰ ਸਕੇ । ਸਮਾਜਿਕ ਦੂਰੀ ਤੋਂ ਬਚਣ ਲਈ ਫਰਸ਼ੀ ਕੰਡੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਪੰਜ ਤੋਂ ਸੱਤ ਟਰਾਲੀਆਂ ਦਾ ਤੋਲ ਲੱਗਭੱਗ ਇਕ ਜਾਂ ਡੇਢ ਘੰਟੇ ਵਿਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆੜ੍ਹਤੀਆ ਸਿਸਟਮ ਖ਼ਤਮ ਕਰ ਕੇ ਮੰਡੀ ਬੋਰਡ ਦੇ ਮੁਲਾਜ਼ਮਾਂ ਨੂੰ ਸਿੱਧੇ ਤੌਰ ਤੇ ਕਿਸਾਨਾਂ ਨਾਲ ਸੰਪਰਕ ਕਰ ਕੇ ਪਾਸ ਮੁਹੱਈਆ ਕਰਵਾਉਣੇ ਚਾਹੀਦੇ ਹਨ ।
ਇਸ ਬਾਰੇ ਡੀ. ਐੱਮ. ਓ. ਜਸਵੀਰ ਕੌਰ ਮਾਰਕੀਟ ਕਮੇਟੀ ਲੁਧਿਆਣਾ ਦਾ ਕਹਿਣਾ ਹੈ ਕਿ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਵੇਗੀ। ਮੰਡੀ ਇਸ ਵਾਰ ਲੰਬੀ ਚੱਲੇਗੀ ਇਸ ਲਈ ਕਿਸਾਨਾਂ ਨੂੰ ਆਪਣੀ ਕਣਕ ਦੀ ਉਪਜ ਮੰਡੀ ਤੱਕ ਪਹੁੰਚਾਉਣ ਤੋਂ ਪਹਿਲਾਂ ਘਰ ਵਿਚ ਵੀ ਸਟਾਕ ਕਰਨੀ ਪੈ ਸਕਦੀ ਹੈ। ਕਿਸਾਨਾਂ ਨੂੰ ਆੜ੍ਹਤੀਆਂ ਅਤੇ ਮੰਡੀ ਬੋਰਡ ਨਾਲ ਮਿਲ ਕੇ ਸਹਿਯੋਗ ਨਾਲ ਕੰਮ ਕਰਨਾ ਚਾਹੀਦਾ ਹੈ। ]
ਵੱਡੀ ਖਬਰ : ਕੋਰੋਨਾ ਦੇ ਗੜ੍ਹ ਮੋਹਾਲੀ 'ਚ 2 ਨਵੇਂ ਕੇਸ ਪਾਜ਼ੇਟਿਵ, ਕੁੱਲ ਪੀੜਤਾਂ ਦੀ ਗਿਣਤੀ 56 'ਤੇ ਪੁੱਜੀ
NEXT STORY