ਲੁਧਿਆਣਾ (ਖੁਰਾਣਾ) : ਮਹਾਨਗਰ ਦੇ 95 ਵਾਰਡਾਂ 'ਚ 24 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਕਾਰਨ ਖੁਰਾਕ ਤੇ ਖਪਤਕਾਰ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਲਾਭਪਾਤਰੀ ਪਰਿਵਾਰਾਂ 'ਚ ਵੰਡੀ ਜਾਣ ਵਾਲੀ ਕਣਕ 'ਤੇ ਬ੍ਰੇਕ ਲਾ ਦਿੱਤੀ ਹੈ। ਬੇਸ਼ੱਕ ਇਸ ਸਬੰਧ ਵਿਚ ਵਿਭਾਗ ਨੂੰ ਹੈੱਡ ਦਫਤਰ ਤੋਂ ਕਿਸੇ ਤਰ੍ਹਾਂ ਦਾ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ ਪਰ ਫਿਰ ਵੀ ਵਿਭਾਗੀ ਅਧਿਕਾਰੀ ਚੋਣ ਕਮਿਸ਼ਨ ਵੱਲੋਂ ਲਾਏ ਚੋਣ ਜ਼ਾਬਤੇ ਕਾਰਨ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਸਾਵਧਾਨੀ ਵਰਤ ਰਹੇ ਹਨ। ਇਸ ਵਜ੍ਹਾ ਨਾਲ ਸ਼ਹਿਰੀ ਇਲਾਕੇ 'ਚ ਪੈਂਦੇ ਕਰੀਬ 1 ਹਜ਼ਾਰ ਸਰਕਾਰੀ ਰਾਸ਼ਨ ਡਿਪੂਆਂ ਦੇ ਕਰੀਬ 6 ਲੱਖ ਲਾਭਪਾਤਰੀ ਪ੍ਰਭਾਵਿਤ ਹੋ ਰਹੇ ਹਨ। ਇਹ ਲਾਭਪਾਤਰੀ ਲੁਧਿਆਣਾ, ਜਗਰਾਓਂ, ਖੰਨਾ, ਦੋਰਾਹਾ ਤੇ ਸਾਹਨੇਵਾਲ ਆਦਿ ਸ਼ਹਿਰਾਂ ਇਲਾਕਿਆਂ ਨਾਲ ਜੁੜੇ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ 1 ਫਰਵਰੀ ਨੂੰ ਲਾਗੂ ਹੋਏ ਚੋਣ ਕੋਡ ਤੋਂ ਬਾਅਦ ਤੋਂ ਹੀ ਵਿਭਾਗੀ ਅਧਿਕਾਰੀਆਂ ਵੱਲੋਂ ਕਣਕ ਦੀ ਵੰਡ ਦੇ ਕੰਮ 'ਤੇ ਬ੍ਰੇਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕਈ ਡਿਪੂਆਂ 'ਤੇ ਲਾਭਪਾਤਰੀ ਪਰਿਵਾਰਾਂ ਨੂੰ ਕਣਕ ਦੀ ਵੰਡ ਦਾ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕਾਰਡ-ਧਾਰਕਾਂ ਵਿਚ ਅਕਤੂਬਰ 2017 ਤੋਂ ਮਾਰਚ 2018 ਤੱਕ ਭਾਵ 6 ਮਹੀਨਿਆਂ ਦੀ ਕਣਕ ਵੰਡੀ ਜਾ ਰਹੀ ਹੈ। ਫਰਵਰੀ ਮਹੀਨਾ ਕਰੀਬ ਅੱਧਾ ਲੰਘ ਜਾਣ 'ਤੇ ਵੀ ਕਣਕ ਦੀ ਵੰਡ ਸ਼ਾਇਦ 5 ਫੀਸਦੀ ਤੱਕ ਹੀ ਹੋ ਸਕੀ ਹੈ। ਇਸ ਦਾ ਮੁੱਖ ਕਾਰਨ ਸਬੰਧਤ ਅਧਿਕਾਰੀ ਸਰਕਾਰ ਵੱਲੋਂ ਕਣਕ ਦੀ ਐਲੋਕੇਸ਼ਨ ਦੇਰੀ ਨਾਲ ਕਰਨਾ ਦੱਸ ਰਹੇ ਹਨ। ਅਜਿਹੇ ਵਿਚ ਚਿੰਤਾ ਦੀ ਗੱਲ ਇਹ ਵੀ ਹੈ ਕਿ ਆਖਰ ਕਿਸ ਤਰ੍ਹਾਂ ਮਾਰਚ ਮਹੀਨੇ ਦੇ ਅਖੀਰ ਤੱਕ ਜ਼ਿਲੇ ਨਾਲ ਸਬੰਧਤ ਕੁੱਲ 4.10 ਲੱਖ ਕਾਰਡ-ਧਾਰਕਾਂ ਦੇ 16 ਲੱਖ ਮੈਂਬਰਾਂ ਨੂੰ ਕਣਕ ਦਾ ਲਾਭ ਮਿਲ ਸਕੇਗਾ?
ਵਿੱਤੀ ਸੰਕਟ ਕਾਰਨ ਪੀ. ਯੂ. 'ਚ ਵਾਈ-ਫਾਈ ਬੰਦ
NEXT STORY