ਬਠਿੰਡਾ(ਪਰਮਿੰਦਰ)-ਫੂਡ ਸਪਲਾਈ ਕਾਰਪੋਰੇਸ਼ਨ (ਐੱਫ. ਸੀ. ਆਈ.) ਦੇ ਅਨਾਜ ਸੰਭਾਲਣ ਵਾਲੇ ਗੋਦਾਮ ਓਵਰਲੋਡ ਹੋਣ ਕਾਰਨ ਕਣਕ ਦੀ ਖਰੀਦ 'ਤੇ ਤਲਵਾਰ ਲਟਕ ਗਈ ਹੈ। ਐੱਫ. ਸੀ. ਆਈ. ਵੱਲੋਂ ਆਮ ਤੌਰ 'ਤੇ 20 ਫੀਸਦੀ ਕਣਕ ਦੀ ਖਰੀਦ ਕੀਤੀ ਜਾਂਦੀ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ 10 ਫੀਸਦੀ ਕਰ ਦਿੱਤਾ ਗਿਆ। ਅਜਿਹੇ ਵਿਚ ਕਣਕ ਦੀ ਖਰੀਦ ਦਾ ਸਾਰਾ ਬੋਝ ਸੂਬੇ ਦੀਆਂ ਦੂਜੀਆਂ ਖਰੀਦ ਏਜੰਸੀਆਂ 'ਤੇ ਪੈ ਰਿਹਾ ਹੈ ਪਰ ਉਹ ਵੀ ਐੱਫ. ਸੀ. ਆਈ. ਦੇ ਹਿੱਸੇ ਦੀ ਕਣਕ ਖਰੀਦਣ ਵਿਚ ਸਮਰਥ ਨਹੀਂ ਹਨ। ਇਸਦਾ ਨਤੀਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕਣਕ ਦੀ ਸੁਸਤ ਖਰੀਦ ਕਾਰਨ ਸੂਬੇ ਦੀ ਕੈਪਟਨ ਸਰਕਾਰ ਦੀ ਛਵੀ 'ਤੇ ਵੀ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ ਪਰ ਐੱਫ. ਸੀ. ਆਈ. ਵੱਲੋਂ ਖਰੀਦ ਲੇਟ ਸ਼ੁਰੂ ਕੀਤੀ ਗਈ। ਹੁਣ ਤੱਕ ਐੱਫ. ਸੀ. ਆਈ. ਵੱਲੋਂ ਬਠਿੰਡਾ ਵਿਚ ਕਰੀਬ 2500 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਐੱਫ. ਸੀ. ਆਈ. ਦੇ ਸੂਤਰਾਂ ਦੀ ਮੰਨੀਏ ਤਾਂ ਰੇਲਵੇ ਰੈਕ ਲਾਉਣ ਦੀ ਸੂਰਤ ਵਿਚ ਹੀ ਏਜੰਸੀ ਖਰੀਦ ਵਿਚ ਤੇਜ਼ੀ ਲਿਆ ਸਕਦੀ ਹੈ ਕਿਉਂਕਿ ਗੋਦਾਮਾਂ ਵਿਚ ਅਨਾਜ ਰੱਖਣ ਲਈ ਜਗ੍ਹਾ ਨਹੀਂ ਹੈ। ਇਸ ਲਈ ਅਨਾਜ ਦੀ ਖਰੀਦ ਤੋਂ ਬਾਅਦ ਸਿੱਧੇ ਹੀ ਉਸਦੀ ਸਪਲਾਈ ਰੇਲਵੇ ਰਾਹੀਂ ਕੇਂਦਰ ਨੂੰ ਕਰ ਦਿੱਤੀ ਜਾਵੇਗੀ। ਪਤਾ ਲੱਗਿਆ ਹੈ ਕਿ ਐੱਫ. ਸੀ. ਆਈ. ਕੋਲ 12 ਲੱਖ ਮੀਟ੍ਰਿਕ ਟਨ ਅਨਾਜ ਸੰਭਾਲਣ ਲਈ ਗੋਦਾਮ ਹੈ ਪਰ ਉਕਤ ਗੋਦਾਮਾਂ ਵਿਚ 13 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਚੌਲ ਪਹਿਲਾਂ ਤੋਂ ਹੀ ਭਰਿਆ ਹੋਇਆ ਹੈ। ਅਜਿਹੇ ਵਿਚ ਪਹਿਲਾਂ ਤੋਂ ਓਵਰਲੋਡ ਗੋਦਾਮਾਂ ਵਿਚ ਹੋਰ ਅਨਾਜ ਨਹੀ ਰੱਖਿਆ ਜਾ ਸਕਦਾ। ਐੱਫ. ਸੀ. ਆਈ. ਵੱਲੋਂ ਦੇਰੀ ਨਾਲ ਸ਼ੁਰੂ ਕੀਤੀ ਗਈ ਖਰੀਦ ਦਾ ਅਸਰ ਮੰਡੀਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਹੋਰ ਖਰੀਦ ਏਜੰਸੀਆਂ ਵੀ ਕਣਕ ਦੀ ਖਰੀਦ ਕਰ ਰਹੀਆਂ ਹਨ ਪਰ ਐੱਫ. ਸੀ. ਆਈ. ਵੱਲੋਂ ਵੱਡੀ ਮਾਤਰਾ ਵਿਚ ਕੀਤੀ ਜਾਣ ਵਾਲੀ ਖਰੀਦ ਲਟਕਣ ਕਾਰਨ ਮੰਡੀਆਂ ਵਿਚ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਖਰੀਦ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਬੀਤੇ ਦਿਨੀਂ ਬਠਿੰਡਾ ਦੇ ਚਾਰ ਲੇਬਰ ਠੇਕੇਦਾਰਾਂ ਨੂੰ ਬਲੈਕਲਿਸਟ ਵੀ ਕੀਤਾ ਗਿਆ ਹੈ। ਪੱਲੇਦਾਰਾਂ ਤੇ ਠੇਕੇਦਾਰਾਂ 'ਚ ਵੀ ਢੁਆਈ ਨੂੰ ਲੈ ਕੇ ਕੁਝ ਵਿਵਾਦ ਚਲ ਰਿਹਾ ਹੈ ਤੇ ਇਸਦਾ ਅਸਰ ਵੀ ਖਰੀਦ ਤੇ ਲਿਫਟਿੰਗ 'ਤੇ ਪੈ ਰਿਹਾ ਹੈ। ਕਈ ਮੰਡੀਆਂ ਵਿਚ ਅਜੇ ਤੱਕ ਬੋਲੀ ਤੱਕ ਨਹੀਂ ਹੋ ਸਕੀ ਜਦਕਿ ਕਈ ਮੰਡੀਆਂ ਵਿਚ ਕਿਸਾਨ ਇਕ ਹਫਤੇ ਤੋਂ ਬੋਲੀ ਦੇ ਇੰਤਜ਼ਾਰ ਵਿਚ ਬੈਠੇ ਹਨ।
ਐੱਫ. ਸੀ. ਆਈ. ਦੇ ਜ਼ਿਲਾ ਮੈਨੇਜਰ ਉਮੇਦ ਸਿੰਘ ਅਨੁਸਾਰ ਗੋਦਾਮਾਂ ਵਿਚ ਜਗ੍ਹਾ ਘੱਟ ਹੋਣ ਦੀ ਸੂਰਤ ਵਿਚ ਰੈਕ ਲਾਉਣ 'ਤੇ ਕਣਕ ਦੀ ਖਰੀਦ ਕਰ ਕੇ ਉਸਦੀ ਸਿੱਧੀ ਢੁਆਈ ਕਰ ਦਿੱਤੀ ਜਾਵੇਗੀ।
ਖੁੱਲ੍ਹ ਗਏ ਬਾਜ਼ਾਰ, ਜੰਮ ਕੇ ਹੋਈ ਸ਼ਾਪਿੰਗ
NEXT STORY