ਅੰਮ੍ਰਿਤਸਰ (ਬਿਊਰੋ)- ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਧੜੱਲੇ ਨਾਲ ਕੰਮ ਕਰਦਾ ਰਿਹਾ ਕਣਕ ਮਾਫੀਆ ਜੋ ਹੁਣ ਕਾਂਗਰਸ ਸਰਕਾਰ ਸਮੇਂ ਵੀ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਇਸ ਦੀ ਸਿਹਤ 'ਤੇ ਕੈਪਟਨ ਸਰਕਾਰ ਦਾ ਕੋਈ ਵੀ ਖੌਫ ਨਜ਼ਰ ਨਹੀਂ ਆ ਰਿਹਾ। ਹਾਲ ਹੀ 'ਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕਣਕ ਦੇ ਤੋਲ 'ਚ ਕਣਕ ਮਾਫੀਆ ਵੱਲੋਂ ਬੜੀ ਬਾਰੀਕੀ ਅਤੇ ਵਿਭਾਗ ਦੀਆਂ ਅੱਖਾਂ 'ਚ ਘੱਟਾ ਪਾ ਕੇ ਖਰੀਦੀ ਗਈ ਘੱਟ ਕਣਕ ਜੋ ਵੱਖ-ਵੱਖ ਗੋਦਾਮਾਂ ਵਿਚ ਲੱਗੀ ਹੈ, ਨੂੰ ਪੂਰਾ ਕਰਨ ਲਈ ਹੁਣ ਪਾਣੀ ਲਾਇਆ ਜਾ ਰਿਹਾ ਹੈ। ਛੇਹਰਟਾ ਸਥਿਤ ਵੇਅਰ ਹਾਊਸ ਛੇਹਰਟਾ-1 ਦੇ ਗੋਦਾਮ 'ਚ ਪਿਛਲੇ ਕੁਝ ਦਿਨਾਂ ਤੋਂ ਕਣਕ ਦੇ ਭਾਰ ਨੂੰ ਪੂਰਾ ਕਰਨ ਲਈ ਪਾਣੀ ਲਾਇਆ ਜਾ ਰਿਹਾ ਹੈ।
8-9 ਸਥਿਤ ਗੋਦਾਮਾਂ 'ਚ ਪਾਣੀ ਲਾਉਣ ਤੋਂ ਬਾਅਦ ਅੱਜ ਜਦੋਂ ਗੋਦਾਮ ਨੰ. 18 'ਚ ਪਾਣੀ ਲਾਇਆ ਜਾ ਰਿਹਾ ਸੀ ਤਾਂ ਉੱਚ ਅਧਿਕਾਰੀਆਂ ਦੇ ਨਾਲ-ਨਾਲ ਮੀਡੀਆ ਨੇ ਵੀ ਦਸਤਕ ਦੇ ਦਿੱਤੀ ਪਰ ਵੇਅਰ ਹਾਊਸ ਦੇ ਗੋਦਾਮਾਂ 'ਚ ਡਿਊਟੀ ਦੇ ਰਹੇ ਅਧਿਕਾਰੀਆਂ ਨੇ ਜਦੋਂ ਮੀਡੀਆ ਦੇ ਪੈਰ ਨਾ ਲੱਗਣ ਦਿੱਤੇ ਤਾਂ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਵੱਲੋਂ ਕੀਤੀ ਗਈ ਦਖਲਅੰਦਾਜ਼ੀ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਪੰਜਾਬ ਵੇਅਰ ਹਾਊਸ ਦੇ ਐੱਮ. ਡੀ. ਡਾ. ਅਭਿਨਵ ਤ੍ਰਿਖਾ ਦੇ ਦਿਸ਼ਾ-ਨਿਰਦੇਸ਼ ਹੇਠ ਐੱਮ. ਡੀ. ਅੰਮ੍ਰਿਤਸਰ ਕਰਨਦੀਪ ਸਿੰਘ ਦੀ ਅਗਵਾਈ 'ਚ ਬੜੇ ਸੰਘਰਸ਼ ਤੋਂ ਬਾਅਦ ਗੋਦਾਮ ਨੰਬਰ 18 ਦੇ ਗੇਟ 'ਤੇ ਲੱਗੇ ਜਿੰਦਰੇ ਨੂੰ ਤੋੜਿਆ ਗਿਆ ਤਾਂ ਅੰਦਰ ਕਰੀਬ 2700 ਮੀਟ੍ਰਿਕ ਟਨ ਕਣਕ ਨੂੰ ਤਾਜ਼ਾ-ਤਾਜ਼ਾ ਲੱਗੇ ਪਾਣੀ ਨੇ ਸਾਰੇ ਘਾਲੇ-ਮਾਲੇ ਤੋਂ ਪਰਦਾ ਚੁੱਕ ਦਿੱਤਾ। ਇਸ ਦੌਰਾਨ ਗੋਦਾਮ ਦੇ ਮੈਨੇਜਰ ਸਮੇਤ ਇੰਚਾਰਜ ਮੌਕੇ ਤੋਂ ਫਰਾਰ ਹੋ ਗਏ।
ਡੀ. ਐੱਮ. ਕਿਰਨਦੀਪ ਸਿੰਘ ਨਾਲ ਪੁੱਜੀ ਸਾਰੀ ਟੀਮ ਨੇ ਮੌਕੇ 'ਤੇ ਹੀ ਕਣਕ ਦੇ ਸੈਂਪਲ ਲਏ ਅਤੇ ਮੰਨਿਆ ਕਿ ਕਣਕ ਨੂੰ ਅੱਜ ਹੀ ਪਾਣੀ ਦਿੱਤਾ ਗਿਆ ਹੈ। 2700 ਮੀਟ੍ਰਿਕ ਟਨ ਨੂੰ ਦਿੱਤਾ ਗਿਆ ਪਾਣੀ ਕੁਇੰਟਲਾਂ ਦੇ ਹਿਸਾਬ ਨਾਲ ਲੱਗਦਾ ਹੈ। ਸਾਰਾ ਗੋਦਾਮ ਹੀ ਪਾਣੀ ਨਾਲ ਭਰਿਆ ਪਿਆ ਸੀ। ਕਣਕ ਦੀਆਂ ਬੋਰੀਆਂ 'ਚੋਂ ਪਾਣੀ ਡਿੱਗ ਰਿਹਾ ਸੀ। ਉਨ੍ਹਾਂ ਕਿਹਾ ਕਿ ਕਣਕ 'ਚ ਨਮੀ ਵੇਖਣ ਲਈ ਸੈਂਪਲ ਲੈ ਲਏ ਗਏ ਹਨ ਅਤੇ ਟੈਸਟ ਤੋਂ ਬਾਅਦ ਗੋਦਾਮਾਂ ਦੀ ਕਣਕ ਨੂੰ ਬਚਾਉਣ ਦੀ ਅਗਲੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਪਾਣੀ ਨਾਲ ਕਰੋੜਾਂ ਰੁਪਇਆ ਦੀ ਕਣÎਕ ਨੂੰ ਖੁਰਦ-ਬੁਰਦ ਕਰਨ ਦੇ ਢੰਗ-ਤਰੀਕਿਆਂ ਨਾਲ ਕੰਮ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਤਿਆਰ ਕਰ ਕੇ ਪੰਜਾਬ ਸਰਕਾਰ, ਜ਼ਿਲਾ ਡਿਪਟੀ ਕਮਿਸ਼ਨਰ ਤੇ ਐੱਮ. ਡੀ. ਅਭਿਨਵ ਤ੍ਰਿਖਾ ਨੂੰ ਭੇਜੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਜਿਨ੍ਹਾਂ ਦੀ ਮਿਲੀਭੁਗਤ ਹੈ, ਉਨ੍ਹਾਂ ਦੇ ਨਾਵਾਂ ਸਮੇਤ ਅਗਲੀ ਵਿਭਾਗੀ ਕਾਰਵਾਈ ਲਈ ਰਿਪੋਰਟ ਭੇਜੀ ਜਾ ਰਹੀ ਹੈ। ਜਦੋਂ ਉਹ ਇਥੇ ਪੁੱਜੇ ਤਾਂ ਮੌਜੂਦ ਸਟਾਫ ਮੌਕੇ ਤੋਂ ਗੈਰ-ਹਾਜ਼ਰ ਹੋ ਗਿਆ, ਜਿਸ ਮੁਲਾਜ਼ਮ ਕੋਲ ਚਾਬੀ ਸੀ, ਮੌਕੇ 'ਤੇ ਪੁੱਜਣ ਤੋਂ ਆਨਾਕਾਨੀ ਕਰਨ ਦੇ ਕਾਰਨ ਉੱਚ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਤਾਲਾ ਤੋੜਿਆ ਗਿਆ ਅਤੇ ਅੰਦਰ ਕਣਕ ਦੀਆਂ ਬੋਰੀਆਂ ਨੂੰ ਦਿੱਤਾ ਗਿਆ ਪਾਣੀ ਪਾਇਆ ਗਿਆ।
ਜਾਂਚ ਲਈ ਬਣੀ ਕਮੇਟੀ, 6 ਅਧਿਕਾਰੀਆਂ 'ਤੇ ਡਿੱਗੇਗਾ ਨਜ਼ਲਾ
ਵੇਅਰ ਹਾਊਸ ਦੇ ਡੀ. ਐੱਮ. ਕਰਨਦੀਪ ਸਿੰਘ ਨੇ ਕਿਹਾ ਕਿ ਜ਼ਿਲੇ ਤੋਂ ਬਾਹਰੀ ਅਧਿਕਾਰੀਆਂ ਦੀ ਇਕ ਕਮੇਟੀ ਬਣਾ ਦਿੱਤੀ ਗਈ ਹੈ, ਜੋ 2-3 ਦਿਨਾਂ ਵਿਚ ਹੀ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਪਾਣੀ ਲਾਉਣ 'ਚ ਮੌਜੂਦ ਅਧਿਕਾਰੀ ਤੋਂ ਇਲਾਵਾ ਉੱਚ ਅਧਿਕਾਰੀਆਂ ਨੂੰ ਵੀ ਗੁੰਮਰਾਹ ਕਰਨ ਵਾਲੇ ਉਨ੍ਹਾਂ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋਵੇਗੀ ਜੋ ਮੌਕੇ 'ਤੇ ਜਾਣ ਦੇ ਬਾਵਜੂਦ ਰਿਪੋਰਟ ਨਹੀਂ ਦੇ ਸਕੇ। ਸੰਬੰਧਿਤ ਪੁਲਸ ਅਧਿਕਾਰੀ ਜੋ ਮੌਕੇ 'ਤੇ ਪੁੱਜੇ, ਵੀ ਇਸ ਰਿਪੋਰਟ ਵਿਚ ਆਉਣਗੇ।
ਕਣਕ ਮਾਫੀਆ ਅਜੇ ਵੀ ਸਰਗਰਮ : ਮੰਨਾ
ਕਾਂਗਰਸ ਦੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਬਾਅਦ ਵੀ ਕਣਕ ਮਾਫੀਆ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਕੰਮਾਂ ਨੂੰ ਅੰਜਾਮ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਣਕ ਜਿਸ ਸਮੇਂ ਆੜ੍ਹਤੀਆਂ ਤੋਂ ਖਰੀਦੀ ਜਾਂਦੀ ਹੈ, ਉਸ ਸਮੇਂ ਤੋਂ ਹੀ ਘਪਲੇਬਾਜ਼ੀ ਸ਼ੁਰੂ ਹੋ ਜਾਂਦੀ ਹਨ। ਵੱਡੇ ਪੱਧਰ 'ਤੇ ਕਣਕ ਮਾਫੀਆ ਕੰਮ ਕਰ ਰਿਹਾ ਹੈ ਅਤੇ ਕੁਝ ਆੜ੍ਹਤੀਆਂ ਨਾਲ ਮਿਲ ਕੇ ਗੋਦਾਮਾਂ 'ਚ ਲੱਗਣ ਵਾਲੀ ਕਣਕ ਘੱਟ ਵਜ਼ਨ 'ਤੇ ਭੇਜਦਾ ਹੈ। ਵਿਭਾਗ ਵੱਲੋਂ ਨਮੀ ਕਾਰਨ 50 ਦੀ ਥਾਂ 51 ਕਿਲੋ ਕਣਕ ਲਈ ਜਾਂਦੀ ਹੈ ਪਰ ਮਿਲੀਭੁਗਤ ਨਾਲ ਕਣਕ ਦੀਆਂ ਬੋਰੀਆਂ 47 ਜਾਂ 48 ਕਿਲੋ ਹੀ ਭੇਜੀਆਂ ਜਾਂਦੀਆਂ ਹਨ। ਜਿਹੜੇ ਗੋਦਾਮਾਂ 'ਚ ਘੱਟ ਵਜ਼ਨ ਵਾਲੀਆਂ ਬੋਰੀਆਂ ਲੱਗੀਆਂ ਹੁੰਦੀਆਂ ਹਨ, ਦਾ ਭਾਰ ਪੂਰਾ ਕਰਨ ਲਈ ਮਿਲੀਭੁਗਤ ਨਾਲ ਪਾਣੀ ਲਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਪਾਣੀ ਵਿਭਾਗ ਦੇ ਅਧਿਕਾਰੀਆਂ ਤੋਂ ਅੱਖ ਬਚਾ ਕੇ ਪਿਛਲੇ ਕਈ ਸਾਲਾਂ ਤੋਂ ਲੱਗ ਰਿਹਾ ਹੈ। ਇਹ ਕਣਕ ਸਪੈਸ਼ਲਾਂ ਰਾਹੀਂ ਦੂਸਰੇ ਸੂਬਿਆਂ ਨੂੰ ਭੇਜਣ ਦਾ ਜਦੋਂ ਹੀ ਸੰਕੇਤ ਮਿਲਦਾ ਹੈ ਤਾਂ ਇਹ ਘੱਟ ਵਜ਼ਨ ਵਾਲੀਆਂ ਬੋਰੀਆਂ ਦੇ ਗੋਦਾਮਾਂ 'ਚ ਲੱਗੀ ਕਣਕ ਨੂੰ ਪਾਣੀ ਲਾਉਣਾ ਸ਼ੁਰੂ ਕਰ ਦਿੰਦੇ ਹਨ। 3 ਗੋਦਾਮਾਂ ਦੀਆਂ ਸਪੈਸ਼ਲਾਂ ਲੱਗਣ ਜਾ ਰਹੀਆਂ ਸਨ, ਜਿਨ੍ਹਾਂ ਨੂੰ ਪਾਣੀ ਪਿਛਲੇ ਕੁਝ ਦਿਨਾਂ ਤੋਂ ਦਿਨ-ਰਾਤ ਕਰ ਕੇ ਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਨ ਕਿ ਗਰੀਬਾਂ 'ਚ ਵੰਡੀ ਜਾਣ ਵਾਲੀ ਕਣਕ ਵੀ ਇਸੇ ਤਰੀਕੇ ਨਾਲ ਪਾਣੀ ਲਾ ਕੇ ਕਾਗਜ਼ੀ ਢਿੱਡ ਭਰਨ ਲਈ ਪੂਰੀ ਕੀਤੀ ਜਾਂਦੀ ਹੈ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਿਪੋਰਟ ਤਲਬ ਕੀਤੀ ਹੈ।
ਹਲਕਾ ਵਿਧਾਇਕ ਰਾਜ ਕੁਮਾਰ ਨੇ ਵੀ ਘਾਲੇ-ਮਾਲੇ ਦੀ ਲਈ ਰਿਪੋਰਟ
ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਵੇਅਰ ਹਾਊਸ ਦੇ ਛੇਹਰਟਾ-1 ਗੋਦਾਮ 'ਚ ਚੰਗੀ-ਭਲੀ ਕਣਕ ਨੂੰ ਲਾਏ ਜਾ ਰਹੇ ਪਾਣੀ ਦਾ ਸਖਤ ਨੋਟਿਸ ਲਿਆ ਅਤੇ ਮੌਕੇ 'ਤੇ ਸੋਸ਼ਲ ਮੀਡੀਆ ਦੇ ਇੰਚਾਰਜ ਰੋਹਿਤ ਪੁਰੀ ਨੂੰ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਭੇਜਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਤੁਰੰਤ ਰਿਪੋਰਟਾਂ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਕੈਪਟਨ ਕੋਲ ਇਹ ਵਿਭਾਗ ਹੋਣ ਕਾਰਨ ਉਨ੍ਹਾਂ ਨੇ ਵੀ ਰਿਪੋਰਟਾਂ ਸੰਬੰਧਿਤ ਅਧਿਕਾਰੀਆਂ ਕੋਲੋਂ ਮੰਗ ਲਈਆਂ ਹਨ।
ਮੋਦੀ ਦੇ ਨਵਰਤਨਾਂ ਨੇ ਚੁੱਕੀ ਸਹੁੰ; 4 ਮੰਤਰੀਆਂ ਨੂੰ ਮਿਲੀ ਤਰੱਕੀ, ਇਕ ਨਜ਼ਰ 'ਨਿਊ ਇੰਡਿਆ ਦੀ ਨਵੀਂ ਟੀਮ 'ਤੇ
NEXT STORY