ਗੁਰਦਾਸਪੁਰ, (ਵਿਨੋਦ)- ਭਾਵੇਂ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਬੱਬਰੀ ਵਿਖੇ ਨਵਾਂ ਤਿੰਨ ਮੰਜ਼ਿਲਾ 100 ਬਿਸਤਰਿਆਂ ਦਾ ਸਿਵਲ ਹਸਪਤਾਲ ਬਣਾਇਆ ਗਿਆ ਹੈ ਪਰ ਇਹ ਹਸਪਤਾਲ ਆਏ ਦਿਨ ਸੁਰਖੀਆਂ ਵਿਚ ਹੀ ਬਣਿਆ ਰਹਿੰਦਾ ਹੈ। ਹਸਪਤਾਲ 'ਚ ਕਈ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਪਰ ਕਿਤੇ ਨਾ ਕਿਤੇ ਕੁਝ ਲਾਪ੍ਰਵਾਹੀ ਜਾਂ ਅਣਦੇਖੀ ਸਾਹਮਣੇ ਆ ਹੀ ਜਾਂਦੀ ਹੈ, ਜਿਸ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈਂਦਾ ਹੈ।
ਕਰਮਚਾਰੀ ਹੋਣ ਦੇ ਬਾਵਜੂਦ ਨਹੀਂ ਚਲਾਇਆ ਗਿਆ ਲਿਫਟਾਂ ਨੂੰ
ਭਾਵੇਂ ਇਨ੍ਹਾਂ ਲਿਫਟਾਂ ਨੂੰ ਚਲਾਉਣ ਲਈ ਇਕ ਕਰਮਚਾਰੀ ਨੂੰ ਲਾਇਆ ਗਿਆ ਹੈ ਕਿ ਇਸ ਲਿਫਟ ਵਿਚ ਬੈਠੇ ਕਿਸੇ ਵਿਅਕਤੀ ਜਾਂ ਔਰਤ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਜਾਂ ਲਿਫਟਾਂ ਵਿਚ ਖਰਾਬੀ ਪੈਣ ਕਾਰਨ ਉਸ ਨੂੰ ਚਲਾਇਆ ਜਾਵੇ ਪਰ ਜੇਕਰ ਵੇਖਿਆ ਜਾਵੇ ਤਾਂ ਜਿਥੇ ਲਿਫਟਾਂ ਬੰਦ ਪਈਆਂ ਸਨ, ਉਥੇ ਕੋਈ ਵੀ ਵਿਅਕਤੀ ਨਜ਼ਰ ਨਹੀਂ ਆ ਰਿਹਾ ਸੀ ਅਤੇ ਇਹ ਲਿਫਟਾਂ ਸਫੈਦ ਹਾਥੀ ਸਿੱਧ ਹੋ ਰਹੀਆਂ ਸਨ।
ਹਸਪਤਾਲ 'ਚ ਲਾਈਆਂ ਲਿਫਟਾਂ ਵੀ ਨਹੀਂ ਆ ਰਹੀਆਂ ਕੰਮ
ਭਾਵੇਂ ਇਸ ਆਧੁਨਿਕ ਸਹੂਲਤਾਂ ਵਾਲੇ ਸਿਵਲ ਹਸਪਤਾਲ ਵਿਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਲੋਕਾਂ ਦੀ ਸਹੂਲਤ ਲਈ ਦੋ ਲਿਫਟਾਂ ਇਕ ਜੱਚਾ ਬੱਚਾ ਵਾਰਡ ਤੇ ਦੂਜੀ ਓ. ਪੀ. ਡੀ. ਵਿਚ ਲਵਾਈ ਗਈ ਹੈ ਪਰ ਜੇਕਰ ਵੇਖਿਆ ਜਾਵੇ ਤਾਂ ਲਿਫਟਾਂ ਦੇ ਠੀਕ ਹੋਣ ਦੇ ਬਾਵਜੂਦ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਲਿਫਟਾਂ ਨੂੰ ਚਾਲੂ ਨਹੀਂ ਕੀਤਾ ਜਾ ਰਿਹਾ। ਬਜ਼ੁਰਗ ਤੇ ਗਰਭਵਤੀ ਔਰਤਾਂ ਪੌੜੀਆਂ ਰਾਹੀਂ ਵਾਰਡਾਂ ਵਿਚ ਜਾਂਦੀਆਂ ਆਮ ਵੇਖੀਆਂ ਜਾਂਦੀਆਂ ਹਨ।
ਮੈਡੀਕਲ ਸਟੋਰ ਰਾਤ ਨੂੰ ਹੁੰਦੇ ਹਨ ਬੰਦ
ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਸਾਰੇ ਮੈਡੀਕਲ ਸਟੋਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਬਾਹਰੋਂ ਮੈਡੀਕਲ ਸਟੋਰ ਤੋਂ ਦਵਾਈਆਂ ਖਰੀਦਣ ਲਈ ਜਾਣਾ ਪੈਂਦਾ ਹੈ ਤੇ ਰਾਤ ਦਾ ਸਮਾਂ ਹੋਣ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ
ਇਨ੍ਹਾਂ ਲਿਫਟਾਂ ਦੇ ਲੱਗੇ ਹੋਣ ਦੇ ਬਾਵਜੂਦ ਕਈ ਬਜ਼ੁਰਗਾਂ, ਜ਼ਖ਼ਮੀ ਲੋਕਾਂ ਤੇ ਬੱਚਿਆਂ ਨੂੰ ਉਪਰਲੀ ਮੰਜ਼ਿਲ 'ਤੇ ਜਾਣ ਲਈ ਪੌੜੀਆਂ ਦੇ ਰਸਤੇ ਜਾਣਾ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਮਰੀਜ਼ ਨੂੰ ਉਸ ਦੇ ਪਰਿਵਾਰ ਵੱਲੋਂ ਚੁੱਕ ਕੇ ਹੀ ਉਪਰਲੀਆਂ ਵਾਰਡਾਂ 'ਚ ਲਿਆਂਦਾ ਜਾ ਰਿਹਾ ਹੈ।
ਰਾਤ ਸਮੇਂ ਹਸਪਤਾਲ ਵੀ ਰੱਬ ਭਰੋਸੇ
ਭਾਵੇਂ ਸਿਵਲ ਹਸਪਤਾਲ ਵਿਚ ਦਿਨ ਦੇ ਸਮੇਂ ਸਕਿਓਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਰਾਤ ਨੂੰ ਇਸ ਹਸਪਤਾਲ ਵਿਚ ਸਕਿਓਰਿਟੀ ਦਾ ਪ੍ਰਬੰਧ ਨਹੀਂ ਹੈ, ਜਿਸ ਕਾਰਨ ਹਸਪਤਾਲ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੀ ਕਹਿਣਾ ਹੈ ਲੋਕਾਂ ਦਾ
ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਵੱਲੋਂ ਇਸ ਹਸਪਤਾਲ ਵਿਚ ਲੋਕਾਂ ਦੀ ਸਹੂਲਤ ਲਈ ਉਪਰਲੀ ਮੰਜ਼ਿਲ 'ਤੇ ਜਾਣ ਲਈ ਲਿਫਟਾਂ ਲਾਈਆਂ ਗਈਆਂ ਹਨ ਤਾਂ ਇਨ੍ਹਾਂ ਨੂੰ ਕਿਉਂ ਨਹੀਂ ਚਾਲੂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਈ ਵਾਰ ਮਰੀਜ਼ ਅਜਿਹੀ ਹਾਲਤ ਵਿਚ ਹੁੰਦਾ ਹੈ ਕਿ ਉਸ ਕੋਲੋਂ ਤੁਰਿਆ ਵੀ ਨਹੀਂ ਜਾਂਦਾ, ਜਿਸ ਕਾਰਨ ਕਾਫੀ ਮੁਸ਼ਕਲਾਂ ਨਾਲ ਉਸ ਨੂੰ ਪੌੜੀਆਂ ਰਾਹੀਂ ਹੀ ਜਾਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਲਾਈਆਂ ਇਨ੍ਹਾਂ ਲਿਫਟਾਂ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਤਾਂ ਕਿ ਲੋਕ ਇਸ ਦਾ ਲਾਭ ਪ੍ਰਾਪਤ ਕਰ ਸਕਣ।
ਕੀ ਕਹਿਣਾ ਹੈ ਸੀਨੀਅਰ ਮੈਡੀਕਲ ਅਧਿਕਾਰੀ ਦਾ
ਹਸਪਤਾਲ ਵਿਚ ਲੱਗੀਆਂ ਲਿਫਟਾਂ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਦੋ ਲਿਫਟਾਂ ਲੱਗੀਆਂ ਹਨ ਪਰ ਲੋਕਾਂ ਵੱਲੋਂ ਇਸ ਦੀ ਵਰਤੋਂ ਸਹੀ ਢੰਗ ਨਾਲ ਨਾ ਕਰਨ ਕਰ ਕੇ ਇਹ ਖਰਾਬ ਹੋ ਜਾਂਦੀਆਂ ਹਨ। ਕੁਝ ਹਫਤਾ ਪਹਿਲਾਂ ਹੀ ਇਹ ਲਿਫਟਾਂ ਠੀਕ ਕਰਵਾਈਆਂ ਗਈਆਂ ਹਨ, ਹੁਣ ਇਨ੍ਹਾਂ ਲਿਫਟਾਂ ਦੀ ਵਰਤੋਂ ਐਮਰਜੈਂਸੀ 'ਚ ਹੀ ਕੀਤੀ ਜਾਂਦੀ ਹੈ। ਜ਼ਰੂਰਤ ਪੈਣ 'ਤੇ ਵਿਅਕਤੀ ਲਿਫਟ ਨੂੰ ਚਾਲੂ ਕਰਦਾ ਹੈ ਅਤੇ ਉਹੀ ਆਪ੍ਰੇਟ ਕਰਦਾ ਹੈ। ਉਸ ਤੋਂ ਬਾਅਦ ਫਿਰ ਬੰਦ ਕਰ ਦਿੱਤੀ ਜਾਂਦੀ ਹੈ।
ਕਿਸਾਨਾਂ ਫੂਕਿਆ ਨਰਿੰਦਰ ਮੋਦੀ ਦਾ ਪੁਤਲਾ
NEXT STORY