ਅੰਮ੍ਰਿਤਸਰ (ਰਮਨ) - ਨਗਰ ਨਿਗਮ ਚੋਣਾਂ ਵਿਚ 85 ਵਾਰਡਾਂ ਦੇ ਨਤੀਜੇ ਸਾਹਮਣੇ ਆ ਗਏ ਹਨ ਪਰ ਅਜੇ ਤੱਕ ਇਹ ਪਤਾ ਨਹੀਂ ਲੱਗਾ ਹੈ ਕਿ ਨਗਰ ਨਿਗਮ ਦਾ ‘ਮਹਾਰਾਜ’ ਕੌਣ ਹੋਵੇਗਾ ਅਤੇ ਕਿਸ ਦੇ ਸਿਰ ’ਤੇ ਇਸ ਦਾ ਤਾਜ ਸਜੇਗਾ। ਕਾਂਗਰਸ ਨੂੰ ਮਿਲੀ ਵੱਡੀ ਲੀਡ ਨਾਲ ਇਹ ਸਾਫ ਹੋ ਗਿਆ ਹੈ ਕਿ ਮੇਅਰ ਦੀ ਕੁਰਸੀ ਨੂੰ ਲੈ ਕੇ ਵੀ ਅੱਡੀ-ਚੋਟੀ ਦਾ ਜ਼ੋਰ ਲੱਗੇਗਾ।
ਕਾਂਗਰਸ ਵਲੋਂ ਲਗਾਤਾਰ ਦੂਜੀ ਵਾਰ ਅੰਮ੍ਰਿਤਸਰ ਨਗਰ ਨਿਗਮ ਦਾ ਹਾਊਸ ਬਣਾਉਣ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਅਤੇ ਕੌਂਸਲਰ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਨਗੇ। ਹੁਣ ਭਵਿੱਖ ਵਿਚ ਦੇਖਣਾ ਹੋਵੇਗਾ ਕਿ ਸਰਕਾਰ ਵਲੋਂ ਨਿਗਮ ਦੇ ਹਾਊਸ ਨੂੰ ਕਿੰਨਾ ਸਹਿਯੋਗ ਦਿੱਤਾ ਜਾਵੇਗਾ ਅਤੇ ਕਿੰਨੇ ਫੰਡ ਜਾਰੀ ਕੀਤੇ ਜਾਣਗੇ। ਨਿਗਮ ਚੋਣਾਂ ’ਚ ਕਈ ਫਸਵੇ ਮੁਕਾਬਲੇ ਹੋਏ ਹਨ ਅਤੇ ਕਈ ਥਾਵਾਂ ’ਤੇ ਮਾਮੂਲੀ ਝੜੱਪਾਂ ਵੀ ਹੋਈਆਂ ਹਨ।
ਕਈ ਦਿੱਗਜ਼ ਹਾਰੇ ਅਤੇ ਕਈਆਂ ਨੇ ਬਚਾਈ ਆਪਣੀ ਸ਼ਾਖ
ਨਗਰ ਨਿਗਮ ਚੋਣਾਂ ਦਾ ਜਿਸ ਦਿਨ ਤੋਂ ਬਿਗੁਲ ਵੱਜਾ ਸੀ, ਉਸ ਸਮੇਂ ਤੋਂ ਹੀ ਕਈ ਵਾਰਡਾਂ ਵਿਚ ਔਰਤਾਂ ਦੀਆਂ ਸੀਟਾਂ ਹੋਣ ਦੇ ਨਾਲ ਵੱਡੀ ਦਿੱਗਜ਼ ਚੋਣਾਂ ਨਹੀਂ ਲੜ ਪਾਏ ਸਨ, ਜਿਹੜੇ ਕਈ ਵੱਡੇ ਦਿੱਗਜ਼ ਚੋਣਾਂ ਲੜ ਰਹੇ ਸੀ ਉਨ੍ਹਾਂ ਵਿਚ ਕਾਂਗਰਸ ਦੇ ਸਾਬਕਾ ਡਿਪਟੀ ਮੇਅਰ ਯੂਨਿਸ ਕੁਮਾਰ, ਚੇਅਰਮੈਨ ਮਹੇਸ਼ ਖੰਨਾ ਦੇ ਨਾਲ-ਨਾਲ ਕਈ ਦਿੱਗਜ਼ ਹਾਰੇ ਹਨ ਅਤੇ ਕਈ ਪੁਰਾਣੇ ਦਿੱਗਜ਼ਾਂ ਨੇ ਆਪਣੀ ਸਾਖ ਵੀ ਬਚਾਈ ਹੈ।
ਸੋਨੀ ਅਤੇ ਲੱਕੀ ਵਿਚਕਾਰ ਹੋਵੇਗੀ ਮੇਅਰ ਸੀਟ ਨੂੰ ਲੈ ਕੇ ਕੰਢੇ ਦੀ ਟੱਕਰ
ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਭਤੀਜੇ ਵਿਕਾਸ ਸੋਨੀ ਨੇ ਵਾਰਡ ਨੰਬਰ 52 ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ, ਜਿਸ ਲਈ ਵੱਡਾ ਚਿਹਰਾ ਹੋਣ ਦੇ ਨਾਲ-ਨਾਲ ਉਹ ਮੇਅਰ ਸ਼ਿਪ ਦੇ ਵੱਡੇ ਦਾਅਵੇਦਾਰ ਹਨ। ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸੀਨੀਅਰ ਆਗੂ ਰਾਜਕੰਵਲਪ੍ਰੀਤ ਸਿੰਘ ਲੱਕੀ ਜਿਨ੍ਹਾਂ ਦਾ ਸੈਂਟਰਲ ਲੀਡਰਸ਼ਿਪ ਵਿਚ ਵੀ ਕਾਫੀ ਦਬਦਬਾ ਹੈ ਅਤੇ ਉਨ੍ਹਾਂ ਨੇ ਆਪਣੀ ਬੇਟੀ ਸਮੇਤ ਦੋ ਵਾਰਡਾਂ ਵਿਚੋਂ ਜਿੱਤ ਪ੍ਰਾਪਤ ਕੀਤੀ ਹੈ।
ਸੋਨੀ ਅਤੇ ਲੱਕੀ ਵਿਚਕਾਰ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਇਨ੍ਹਾਂ ਦੋਵਾਂ ਵਿਚਕਾਰ ਹੀ ਨਿਗਮ ਦਾ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਬਣੇਗਾ। ਇਹ ਵੀ ਦੱਸਣਯੋਗ ਹੈ ਕਿ ਰਾਜਕੰਵਲਪ੍ਰੀਤ ਸਿੰਘ ਲੱਕੀ ਪਿਛਲੇ ਸਮੇਂ ਦੌਰਾਨ ਨਿਗਮ ਹਾਊਸ ਵਿਚ ਵਿਰੋਧੀ ਧਿਰ ਦੇ ਲੀਡਰ ਵੀ ਰਹੇ ਹਨ ਅਤੇ ਸਮੇਂ-ਸਮੇਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਆਵਾਜ਼ ਬੁਲੰਦ ਕਰਦੇ ਨਜ਼ਰ ਆਉਦੇ ਰਹੇ ਸਨ।
ਸਾਬਕਾ ਮੇਅਰ ਰਿੰਟੂ ਦੀ ਵਾਰਡ ’ਚ ਭਾਜਪਾ ਦੀ ਸ਼ਰੂਤੀ ਵਿਜ ਨੇ ਪ੍ਰਾਪਤ ਕੀਤੀ ਜਿੱਤ
ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਜਿੱਥੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਉਹ ਹਾਊਸ ਵਿਚ ਲਗਾਤਾਰ ਆਪਣਾ ਹਾਊਸ ਬਣਾਈ ਰੱਖਿਆ। ਦੱਸਣਯੋਗ ਹੈ ਕਿ ਇਨ੍ਹਾਂ ਨਿਗਮ ਚੋਣਾਂ ਵਿਚ ਸਾਬਕਾ ਮੇਅਰ ਰਿੰਟੂ ਵਲੋਂ ਕਈ ਸੀਟਾਂ ਆਪਣੇ ਚਹੇਤਿਆਂ ਨੂੰ ਪਾਰਟੀ ਹਾਈਕਮਾਂਡ ਤੋਂ ਦਿਵਾਈਆਂ ਸਨ ਪਰ ਉਨ੍ਹਾਂ ਨੇ ਖੁਦ ਚੋਣ ਨਹੀਂ ਲੜੀ ਪਰ ਉਨ੍ਹਾਂ ਦੀ ਵਾਰਡ ਵਿਚ ਉਨ੍ਹਾਂ ਨੂੰ ਭਾਜਪਾ ਦੀ ਉਮੀਦਵਾਰ ਸ਼ਰੂਤੀ ਵਿਜ ਨੇ ਕਰਾਰੀ ਮਾਤ ਦੇ ਕੇ ਹਰਾਇਆ ਹੈ, ਜਿਸ ਦੀ ਚਰਚਾ ਸਾਰੇ ਸ਼ਹਿਰ ਵਿਚ ਹੈ।
ਕੰਢਿਆ ਭਰਿਆ ਤਾਜ਼ ਹੋਵੇਗਾ ਕਾਂਗਰਸ ਦੀ ਮੇਅਰਸ਼ਿਪ ਦਾ
ਪੰਜਾਬ ਵਿਚ ਸਤ੍ਹਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਦੂਜੇ ਪਾਸੇ ਅੰਮ੍ਰਿਤਸਰ ਵਿਚ ਕਾਂਗਰਸ ਦਾ ਮੇਅਰ ਬਣਨ ਜਾ ਰਿਹਾ ਹੈ। ਭਵਿੱਖ ਵਿਚ ਦੇਖਣਾ ਹੋਵੇਗਾ ਕਿ ਕਾਂਗਰਸ ਦਾ ਹਾਊਸ ਅਤੇ ਮੇਅਰ ਸਰਕਾਰ ਕੋਲ ਫੰਡ ਅਤੇ ਪ੍ਰਾਜੈਕਟ ਲਿਆਉਣ ਲਈ ਕਾਮਯਾਬ ਹੋਣਗੇ। ਕਾਂਗਰਸ ਦੀ ਮੇਅਰਸ਼ਿਪ ਲੈਣ ਲਈ ਕਾਂਗਰਸ ਦੇ ਸਿਰ ’ਤੇ ਕੱਢਿਆ ਭਾਰ ਤਾਜ ਹੋਵੇਗਾ।
ਕੈਬਨਿਟ ਮੰਤਰੀ ਧਾਲੀਵਾਲ ਅਤੇ ਐੱਮ. ਪੀ ਔਜਲਾ ’ਚ ਹੋਈ ਮਿੱਠੀ ਨੋਕ-ਝੋਕ
ਨਗਰ ਨਿਗਮ ਚੋਣਾਂ ਵਿਚ ਵੋਟਿੰਗ ਦੌਰਾਨ ਐੱਮ. ਪੀ ਗੁਰਜੀਤ ਸਿੰਘ ਔਜਲਾ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਚਕਾਰ ਮਿੱਠੀ ਨੋਕ-ਝੋਕ ਹੋਈ। ਔਜਲਾ ਨੇ ਕਿਹਾ ਕਿ ਬਾਹਰੀ ਵਿਅਕਤੀ ਆ ਰਹੇ ਹਨ ਅਤੇ ਉਲਝਦੇ ਹਨ। ਦੂਜੇ ਪਾਸੇ ਮੰਤਰੀ ਧਾਲੀਵਾਲ ਨੇ ਹੱਸਦੇ ਹੋਏ ਕਿਹਾ ਕਿ ਸਾਡੇ ਬੰਦੇ ਕੁਝ ਨਹੀਂ ਕਹਿ ਰਹੇ ਹਨ, ਤੁਹਾਡੇ ਬੰਦੇ ਗਾਲਾਂ ਕੱਢ ਰਹੇ ਹਨ।
ਹਲਕਾ ਈਸਟ ਵਿਚ ਏ. ਡੀ. ਸੀ. ਹਰਪਾਲ ਸਿੰਘ ਰਹੇ ਸਰਗਰਮ
ਹਲਕਾ ਈਸਟ ਵਿਚ ਕੁਝ ਵਾਰਡਾਂ ਕਈ ਸੰਵੇਦਨਸ਼ੀਲ ਸਨ, ਜਿਸ ਵਿਚ ਮਿੱਠੂ ਮਦਾਨ ਵਲੋਂ ਪਿਛਲੇ ਦਿਨੀਂ ਇਕ ਵੀਡੀਓ ਜਾਰੀ ਕਰ ਕੇ ਪੁਲਸ ਅਤੇ ਮੀਡੀਆ ਕੋਲੋ ਗੁਹਾਰ ਲਗਾਈ ਸੀ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਦੀ ਵਾਰਡ ਵਿਚ ਬੂਥਾਂ ’ਤੇ ਧੱਕੇਸ਼ਾਹੀ ਹੋ ਸਕਦੀ ਹੈ, ਜਿਸ ਨੂੰ ਲੈ ਕੇ ਏ. ਡੀ. ਸੀ. ਹਰਪਾਲ ਸਿੰਘ ਖੁਦ ਸ਼ਾਮ 4 ਵਜੇ ਤੱਕ ਮੌਕੇ ’ਤੇ ਰਹੇ ਅਤੇ ਚੋਣਾਂ ਸ਼ਾਤੀਪੂਰਵਕ ਨਾਲ ਕਰਵਾਈਆ।
ਇਸ ਦੇ ਨਾਲ ਹੀ ਦੂਜੇ ਪਾਸੇ ਪਵਨ ਨਗਰ, ਮਹਿੰਦਰਾ ਕਾਲੋਨੀ ਦੇ ਨਾਲ ਲੱਗੇ ਸਰਕਾਰੀ ਸਕੂਲ ਦੇ ਬਾਹਰ ਕਾਂਗਰਸ ਅਤੇ ‘ਆਪ’ ਪਾਰਟੀ ਦੇ ਕੁਝ ਉਮੀਦਵਾਰ ਉਲਝੇ ਪਰ ਮੌਕੇ ’ਤੇ ਪੁਲਸ ਨੇ ਉਨ੍ਹਾਂ ਨੂੰ ਖਦੇੜ ਕੇ ਮਾਹੌਲ ਨੂੰ ਸ਼ਾਤ ਕੀਤਾ।
ਪੱਬਾਂ ਭਾਰ ਹੋਏ ਕਾਂਗਰਸੀ ਅਤੇ ਭਾਜਪਾ ਵਰਕਰ, ਅਕਾਲੀ ਦਲ ਨੂੰ ਕੁਝ ਰਾਹਤ
ਨਿਗਮ ਚੋਣਾਂ ਵਿਚ ਜਿਸ ਤਰ੍ਹਾਂ ਨਤੀਜੇ ਸਾਹਮਣੇ ਆਏ। ਕਾਂਗਰਸ ਅਤੇ ਭਾਜਪਾ ਲੀਡਰ ਪੱਬਾਂ ਭਾਰ ਹੋਏ ਅਤੇ ਉਨ੍ਹਾਂ ਨੇ ਢੋਲ ਦੀ ਥਾਪ ’ਤੇ ਭੰਗੜੇ ਪਾਏ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਸੀਟਾਂ ਜਿੱਤ ’ਤੇ ਕੁਝ ਰਾਹਤ ਮਿਲੀ, ਕਿਉਕਿ ਪਿਛਲੇ ਸਮੇਂ ਤੋਂ ਅਕਾਲੀ ਦਲ ਵਿਚ ਕਈ ਉਥਲ ਪੁਥਲ ਚੱਲ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਮੰਥਨ ਕਰਨ ਦੀ ਲੋੜ ਹੈ ਕੀ ਉਨ੍ਹਾਂ ਨੂੰ ਕਈ ਸੀਟਾਂ ’ਤੇ ਹਾਰ ਦਾ ਕਿਉ ਸਾਹਮਣਾ ਕਰਨਾ ਪਿਆ ਅਤੇ ਕੀ ਕਾਰਨ ਹੋਏ।
ਜਲੰਧਰ ਤੇ ਲੁਧਿਆਣਾ 'ਚ ਬਹੁਮਤ ਤੋਂ ਖੁੰਝੀਆਂ ਪਾਰਟੀਆਂ, ਵਿਧਾਇਕਾਂ ਦੀ 'ਵੋਟ' 'ਤੇ ਟਿਕਿਆ ਸਾਰਾ ਦਾਰੋਮਦਾਰ
NEXT STORY