ਜਲੰਧਰ/ਬਠਿੰਡਾ— ਪੰਜਾਬ 'ਚ ਆਮ ਆਦਮੀ ਪਾਰਟੀ 'ਚ ਮਚੇ ਘਮਾਸਾਨ ਨੇ ਦੇਸ਼-ਵਿਦੇਸ਼ 'ਚ ਵਸੇ ਉਨ੍ਹਾਂ ਦੇ ਸਪੋਰਟਰਾਂ ਨੂੰ ਵੀ ਚਿੰਤਾ 'ਚ ਪਾ ਦਿੱਤਾ ਹੈ। ਹਾਈਕਮਾਨ ਦੇ ਹੁਕਮਾਂ ਦੇ ਵਿਰੁੱਧ ਖਹਿਰਾ ਬਠਿੰਡਾ 'ਚ ਅੱਜ ਇਕੱਠ ਕਰਨ ਜਾ ਰਹੇ ਹਨ। ਖਹਿਰਾ ਨੇ ਮਾਲਵਾ ਦਾ ਇਹ ਇਲਾਕਾ ਇੰਝ ਹੀ ਨਹੀਂ ਚੁਣਿਆ, ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਵਿਰੋਧੀ ਦਲ ਦੇ ਨੇਤਾ ਦੇ ਅਹੁਦੇ ਤੋਂ ਅਚਾਨਕ ਹਟਾਇਆ ਗਿਆ, ਉਸ ਪਿੱਛੋਂ ਬਹੁਤ ਸਾਰੇ ਵਰਕਰ ਖਹਿਰਾ ਦੀ ਸਪੋਰਟ 'ਚ ਉਤਰ ਆਏ।
ਮਾਲਵਾ ਦੇ ਕੁਝ 'ਆਪ' ਵਿਧਾਇਕ ਵੀ ਸੁਖਪਾਲ ਖਹਿਰਾ ਦੀ ਸਪੋਰਟ 'ਚ ਨਿਤਰੇ। ਮਾਲਵਾ ਹੀ ਉਹ ਇਲਾਕਾ ਹੈ ਜਿਸ ਨੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਤਕ ਪਹੁੰਚਾਇਆ। ਖਹਿਰਾ ਜਿਸ ਤਰ੍ਹਾਂ ਪਾਰਟੀ 'ਚ ਸਰਗਰਮ ਰਹੇ ਉਸ ਨਾਲ ਲੋਕਾਂ 'ਚ ਉਨ੍ਹਾਂ ਨੇ ਆਪਣੀ ਕਾਫੀ ਪੈਠ ਬਣਾਈ। ਹੁਣ ਇਸੇ ਪੈਠ ਨੂੰ ਤਲਾਸ਼ਣ ਲਈ ਖਹਿਰਾ ਮਾਲਵਾ ਦੇ ਇਲਾਕੇ ਬਠਿੰਡਾ 'ਚ ਕਨਵੈਨਸ਼ਨ ਕਰਨ ਜਾ ਰਹੇ ਹਨ, ਤਾਂ ਕਿ ਭਾਵਨਾਤਮਕ ਤੌਰ 'ਤੇ ਜੁੜਨ ਵਾਲੇ ਇਕੱਠ ਨਾਲ ਪਾਰਟੀ ਹਾਈਕਮਾਨ 'ਤੇ ਦਬਾਅ ਬਣਾਇਆ ਜਾ ਸਕੇ।
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ ਇਕੱਲੇ 69 ਸੀਟਾਂ ਮਾਲਵਾ 'ਚ ਹਨ। ਆਮ ਆਦਮੀ ਪਾਰਟੀ ਦੇ ਪੰਜਾਬ 'ਚ ਕੁੱਲ 20 ਵਿਧਾਇਕ ਹਨ, ਜਿਨ੍ਹਾਂ 'ਚੋਂ 18 ਮਾਲਵਾ ਦੇ ਹਨ। ਇਸ ਲਈ ਇਹ ਇਲਾਕਾ 'ਆਪ' ਦਾ ਰਾਜਨੀਤਕ ਗੜ੍ਹ ਹੈ। ਹੁਣ ਖਹਿਰਾ ਇਸ ਗੜ੍ਹ 'ਚ ਆਪਣਾ ਸਿਆਸੀ ਕੱਦ ਮਾਪਣ ਗਏ ਹਨ। ਉਹ ਦੇਖਣਾ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਅਤੇ ਵਿਦੇਸ਼ਾਂ ਤੋਂ ਐੱਨ. ਆਰ. ਆਈਜ਼. ਦਾ ਉਨ੍ਹਾਂ ਨੂੰ ਸਾਥ ਮਿਲ ਰਿਹਾ ਹੈ ਉਸ ਦੀ ਜ਼ਮੀਨ 'ਤੇ ਕਿੰਨੀ ਸਪੋਰਟ ਹੈ। ਖਹਿਰਾ ਧੜੇ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਸ ਕਨਵੈਨਸ਼ਨ ਲਈ 'ਆਪ' ਦੇ 13-14 ਵਿਧਾਇਕਾਂ ਦਾ ਸਮਰਥਨ ਹੈ। ਉਧਰ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਹਾਈਕਮਾਨ ਦੇ ਹੁਕਮਾਂ ਅਨੁਸਾਰ ਇਸ ਕਨਵੈਨਸ਼ਨ 'ਚ ਨਾ ਜਾਣ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਵੀ ਇਸ ਕਨਵੈਨਸ਼ਨ ਤੋਂ ਦੂਰ ਰਹਿਣਗੇ। ਭਗਵੰਤ ਮਾਨ ਮੌਜੂਦਾ ਸਮੇਂ ਦਿੱਲੀ ਦੇ ਇਕ ਹਸਪਤਾਲ 'ਚ ਭਰਤੀ ਹਨ। ਹਾਲਾਂਕਿ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ ਪਰ ਗੁਰਦੇ 'ਚ ਪੱਥਰੀ ਕਾਰਨ ਉਨ੍ਹਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ।
ਬਠਿੰਡਾ : ਸਜ ਰਹੀ ਖਹਿਰਾ ਦੀ ਸਟੇਜ, ਹੁੰਮ-ਹੁੰਮਾ ਕੇ ਪਹੁੰਚ ਰਹੇ ਵਲੰਟੀਅਰ (ਵੀਡੀਓ)
NEXT STORY