ਮੋਹਾਲੀ/ਖਰੜ (ਕੁਲਦੀਪ, ਨਿਆਮੀਆਂ, ਰਣਬੀਰ, ਅਮਰਦੀਪ, ਸ਼ਸ਼ੀ) - ਜ਼ਿਲਾ ਮੋਹਾਲੀ ਦੀ ਖਰੜ ਤਹਿਸੀਲ ਕੰਪਲੈਕਸ ਵਿਚ ਸਥਿਤ ਮਾਲ ਵਿਭਾਗ ਦੇ ਪਟਵਾਰਖਾਨੇ ਵਿਚ ਕਾਨੂੰਨਗੋ ਤੇ ਪਟਵਾਰੀ ਸ਼ਾਮ ਨੂੰ ਸ਼ਰਾਬ ਪੀ ਰਹੇ ਸਨ। ਇਸ ਦਾ ਪਤਾ ਲੱਗਣ 'ਤੇ ਅਚਾਨਕ ਐੱਸ. ਡੀ. ਐੱਮ. ਖਰੜ ਅਮਨਿੰਦਰ ਕੌਰ ਮੌਕੇ 'ਤੇ ਪਹੁੰਚ ਗਏ ਤੇ ਦੋਵਾਂ ਨੂੰ ਸ਼ਰਾਬ ਪੀਂਦੇ ਰੰਗੇ ਹੱਥੀਂ ਫੜ ਲਿਆ। ਇਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਭੇਜੀ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੋਵਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਇਸ ਨਾਲ ਤਹਿਸੀਲ ਕੰਪਲੈਕਸ ਖਰੜ ਦੇ ਇਕ ਜੂਨੀਅਰ ਸਹਾਇਕ ਮਨੋਜ ਕੁਮਾਰ ਦਾ ਕੰਮਕਾਜ ਠੀਕ ਨਾ ਹੋਣ ਦੇ ਦੋਸ਼ਾਂ ਤਹਿਤ ਉਸ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਸੈਰ ਕਰ ਰਹੇ ਸਨ ਐੱਸ. ਡੀ. ਐੱਮ.
ਜਾਣਕਾਰੀ ਮੁਤਾਬਕ ਘਟਨਾ 28 ਫਰਵਰੀ ਦਿਨ ਬੁੱਧਵਾਰ ਦੀ ਹੈ। ਐੱਸ. ਡੀ. ਐੱਮ. ਖਰੜ ਅਮਨਿੰਦਰ ਕੌਰ ਦੀ ਸਰਕਾਰੀ ਰਿਹਾਇਸ਼ ਤਹਿਸੀਲ ਕੰਪਲੈਕਸ ਖਰੜ ਵਿਚ ਹੀ ਹੈ। ਸ਼ਾਮ ਦੇ 6 ਵਜੇ ਦੇ ਕਰੀਬ ਉਹ ਆਪਣੀ ਰਿਹਾਇਸ਼ ਦੇ ਕੋਲ ਸੈਰ ਕਰ ਰਹੇ ਸਨ। ਜਦੋਂ ਉਹ ਕੰਪਲੈਕਸ ਵਿਚ ਸਥਿਤ ਪਟਵਾਰਖਾਨੇ ਦੇ ਨੇੜੇ ਤੋਂ ਲੰਘ ਰਹੇ ਸਨ ਤਾਂ ਅੰਦਰੋਂ ਉੱਚੀ-ਉੱਚੀ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਐੱਸ. ਡੀ. ਐੱਮ. ਨੇ ਅੰਦਰ ਜਾ ਕੇ ਵੇਖਿਆ ਤਾਂ ਅੰਦਰ ਕਾਨੂੰਨਗੋ ਨਿਰਭੈ ਸਿੰਘ ਅਤੇ ਪਟਵਾਰੀ ਸਵਰਨ ਸਿੰਘ ਸ਼ਰਾਬ ਪੀ ਰਹੇ ਸਨ।
ਐੱਸ. ਡੀ. ਐੱਮ. ਨੂੰ ਵੇਖਦਿਆਂ ਹੀ ਉਤਰ ਗਈ ਸ਼ਰਾਬ
ਪਟਵਾਰਖਾਨੇ ਵਿਚ ਸ਼ਰਾਬ ਪੀ ਰਹੇ ਕਾਨੂੰਨਗੋ ਅਤੇ ਪਟਵਾਰੀ ਨੇ ਜਿਵੇਂ ਹੀ ਅਚਾਨਕ ਐੱਸ. ਡੀ. ਐੱਮ. ਨੂੰ ਅੰਦਰ ਦਾਖਲ ਹੁੰਦਿਆਂ ਵੇਖਿਆ ਤਾਂ ਉਹ ਇਕਦਮ ਘਬਰਾ ਗਏ ਅਤੇ ਆਪਣੀ ਗਲਤੀ ਦਾ ਅਹਿਸਾਸ ਕਰਨ ਲੱਗੇ। ਐੱਸ. ਡੀ. ਐੱਮ. ਨੇ ਉਨ੍ਹਾਂ ਨੂੰ ਕਿਹਾ ਕਿ ਸਰਕਾਰੀ ਦਫਤਰ ਵਿਚ ਬੈਠ ਕੇ ਅਜਿਹੀ ਹਰਕਤ ਕਰਨਾ ਕਾਨੂੰਨਨ ਜੁਰਮ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਜੂਨੀਅਰ ਸਹਾਇਕ ਮਨੋਜ ਕੁਮਾਰ ਦੀਆਂ ਵੀ ਮਿਲਦੀਆਂ ਸਨ ਸ਼ਿਕਾਇਤਾਂ, ਉਸ ਨੂੰ ਵੀ ਕੀਤਾ ਮੁਅੱਤਲ
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਤਹਿਸੀਲ ਖਰੜ ਦੇ ਜੂਨੀਅਰ ਸਹਾਇਕ ਮਨੋਜ ਕੁਮਾਰ ਦੀ ਵੀ ਕਾਰਜ ਪ੍ਰਣਾਲੀ ਸਬੰਧੀ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਉਸਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਲਗਾਤਾਰ ਚਾਰ ਮੀਟਿੰਗਾਂ 'ਚ ਗੈਰਹਾਜ਼ਰ ਕੌਂਸਲਰ ਵੱਲੋਂ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਮਾਮਲਾ ਗਰਮਾਇਆ
NEXT STORY