ਚੰਡੀਗੜ੍ਹ, (ਬਰਜਿੰਦਰ)- ਨਾਭਾ ਜੇਲ ਬ੍ਰੇਕ ਕਾਂਡ ਵਿਚ ਮੁਲਜ਼ਮ ਨੀਟਾ ਦਿਓਲ ਦੇ ਰਿਸ਼ਤੇਦਾਰ ਬੇਅੰਤ ਸਿੰਘ (25) ਨੂੰ ਬਿਨਾਂ ਕਿਸੇ ਐੱਫ. ਆਈ. ਆਰ. ਦੇ 3 ਦਿਨ ਪੁਲਸ ਕਸਟਡੀ ਵਿਚ ਰੱਖਣ ਦੇ ਮਾਮਲੇ ਵਿਚ ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਐਫੀਡੇਵਿਟ ਹਾਈਕੋਰਟ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ ਡੀ. ਜੀ. ਪੀ. ਨੇ ਆਈ. ਜੀ. ਪੀ. ਫਿਰੋਜ਼ਪੁਰ ਰੇਂਜ ਨੂੰ ਸੌਂਪੀ ਜਾਂਚ ਤੇ ਉਨ੍ਹਾਂ ਦੀ ਰਿਪੋਰਟ ਦੀ ਜਾਣਕਾਰੀ ਦਿੱਤੀ ਹੈ।
ਡੀ. ਜੀ. ਪੀ. ਨੇ ਮੰਨਿਆ ਕਿ ਐੱਸ. ਐੱਸ. ਪੀ. ਰਾਜਜੀਤ ਸਿੰਘ ਦੇ ਹਾਈਕੋਰਟ ਵਿਚ ਸੌਂਪੇ ਜਵਾਬ ਵਿਚ ਕੁੱਝ ਕਮੀਆਂ ਸਨ। ਆਈ. ਜੀ. ਪੀ. ਫਿਰੋਜ਼ਪੁਰ ਰੇਂਜ ਨੇ ਆਪਣੀ ਰਿਪੋਰਟ ਵਿਚ ਪੁਲਸ ਵਿਭਾਗ ਨੂੰ ਦੱਸਿਆ ਕਿ ਬਲਜੀਤ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਨੂੰ ਲੈ ਕੇ 2 ਫਰਵਰੀ, 2018 ਦੀ ਕੋਈ ਰੋਜ਼ਨਾਮਚਾ ਐਂਟਰੀ ਨਹੀਂ ਹੈ। ਐੱਸ. ਐੱਚ. ਓ. ਜੰਗਜੀਤ ਸਿੰਘ ਨੇ ਧਾਰਾ 160 ਦੇ ਤਹਿਤ 2 ਫਰਵਰੀ ਅਤੇ 4 ਫਰਵਰੀ ਨੂੰ ਸੰਮਨ ਜਾਰੀ ਕੀਤੇ ਸਨ। ਉਸ ਨੇ ਸੰਮਨ ਭੇਜ ਕੇ ਗਲਤੀ ਕੀਤੀ ਕਿਉਂਕਿ ਬੇਅੰਤ ਸਿੰਘ ਖਿਲਾਫ ਕੋਈ ਕੇਸ ਦਰਜ ਨਹੀਂ ਸੀ। ਉਥੇ ਹੀ ਬੇਅੰਤ ਸਿੰਘ ਦੇ ਮੋਬਾਇਲ ਫੋਨ ਤੇ ਉਨ੍ਹਾਂ ਦੇ ਡੱਬੇ ਥਾਣੇ ਵਿਚ ਸੀਜ਼ ਕਰਨ ਦੀ ਕੋਈ ਵਿਵਸਥਾ ਨਹੀਂ ਸੀ। ਆਈ. ਜੀ. ਪੀ. ਨੇ ਰਿਪੋਰਟ ਵਿਚ ਕਿਹਾ ਕਿ ਐੱਸ. ਐੱਚ. ਓ. ਸਹੀ ਤਰ੍ਹਾਂ ਕੇਸ ਨੂੰ ਹੈਂਡਲ ਨਹੀਂ ਕਰ ਸਕੇ ਅਤੇ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ।
ਡੀ. ਜੀ. ਪੀ. ਨੇ ਹਾਈਕੋਰਟ ਨੂੰ ਦੱਸਿਆ ਹੈ ਕਿ ਹਾਈਕੋਰਟ ਦੇ ਪਹਿਲੇ ਹੁਕਮਾਂ ਦੇ ਤਹਿਤ 25 ਹਜ਼ਾਰ ਰੁਪਏ ਦੀ ਕਾਸਟ ਜਮ੍ਹਾ ਕਰਵਾ ਦਿੱਤੀ ਗਈ ਹੈ। ਪੁਲਸ ਅਫ਼ਸਰ ਰਾਜਜੀਤ ਸਿੰਘ ਤੋਂ ਡੀ. ਜੀ. ਪੀ. ਨੇ ਉਨ੍ਹਾਂ ਵਲੋਂ ਦਰਜ ਐਫੀਡੇਵਿਟ ਦੀ ਵਿਸ਼ਾ ਵਸਤੂ ਦੀ ਵਿਸਥਾਰਪੂਰਵਕ ਜਾਣਕਾਰੀ ਮੰਗੀ ਹੈ। ਉਥੇ ਹੀ ਆਈ. ਜੀ. ਪੀ. ਫਿਰੋਜ਼ਪੁਰ ਰੇਂਜ ਨੂੰ ਇੰਸਪੈਕਟਰ ਜੰਗਜੀਤ ਖਿਲਾਫ ਰੈਗੂਲਰ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਹਾਈਕੋਰਟ ਨੇ ਹੁਕਮਾਂ ਵਿਚ ਕਿਹਾ ਕਿ ਮੋਗੇ ਦੇ ਐੱਸ. ਐੱਸ. ਪੀ. ਮਾਮਲੇ ਵਿਚ ਪੇਸ਼ ਐਫੀਡੇਵਿਟ 'ਤੇ ਹਾਲਤ ਸਪੱਸ਼ਟ ਕਰੋ। ਉਥੇ ਹੀ ਮਾਮਲੇ ਵਿਚ 3 ਇੰਸਪੈਕਟਰਾਂ 'ਤੇ ਦੋਸ਼ ਲਾਏ ਗਏ ਸਨ, ਜਦੋਂਕਿ ਇਕ 'ਤੇ ਹੀ ਕਾਰਵਾਈ ਕੀਤੀ ਗਈ। ਇਸ ਨੂੰ ਲੈ ਕੇ ਵੀ ਜਾਣਕਾਰੀ ਦੇਣ। ਹਾਈਕੋਰਟ ਨੇ ਕਿਹਾ ਕਿ ਮਾਮਲੇ ਵਿਚ ਬੇਨਿਯਮੀਆਂ ਵਰਤੀਆਂ ਗਈਆਂ ਜਾਂ ਗੈਰ-ਕਾਨੂਨੀ ਕੰਮ ਕੀਤਾ ਗਿਆ, ਇਹ ਸਾਫ਼ ਕੀਤਾ ਜਾਵੇ। ਮਾਮਲੇ ਦੀ ਅਗਲੀ ਸੁਣਵਾਈ 10 ਸਤੰਬਰ ਨੂੰ ਹੋਵੇਗੀ।
ਬਰਗਾੜੀ ਮਾਮਲੇ 'ਚ ਡੇਰਾ ਸਿਰਸਾ ਮੁਖੀ ਦੀ ਵੀ ਹੋਵੇ ਜਾਂਚ : ਖਹਿਰਾ
NEXT STORY