ਫਤਿਹਗੜ੍ਹ ਸਾਹਿਬ (ਜੱਜੀ)- ਪਿੰਡ ਭੱਟਮਾਜਰਾ ਵਿਖੇ ਮਨਰੇਗਾ ਅਧੀਨ ਕੰਮ ਕਰਦੀ ਇਕ ਗਰੀਬ ਮਜ਼ਦੂਰ ਔਰਤ ਨਾਲ ਪਿੰਡ ਦੇ ਹੀ 2 ਵਿਅਕਤੀਆਂ ਵਲੋਂ ਕੁੱਟ-ਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਭੱਟਮਾਜਰਾ ਨੇ ਸਿਵਲ ਹਸਪਤਾਲ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਮਨਰੇਗਾ ਸਕੀਮ ਅਧੀਨ ਪਿੰਡ ਵਿਚ ਕੰਮ ਕਰਦੀ ਹੈ।
ਬੀਤੀ ਸ਼ਾਮ ਜਦੋਂ ਉਹ ਪੰਚਾਇਤ ਘਰ ਦੇ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਨਵੇਂ ਨਾਲੇ ਦੇ ਨਾਲ-ਨਾਲ ਆਪਣੀਆਂ ਕਰੀਬ 20-25 ਸਾਥਣਾਂ ਸਮੇਤ ਮਿੱਟੀ ਪਾ ਰਹੀ ਸੀ ਤਾਂ ਉਸੇ ਸਮੇਂ ਉਥੇ ਪਿੰਡ ਦੀ ਸ਼ਾਮਲਾਤ ਜ਼ਮੀਨ ਵਿਚ ਮੱਝਾਂ ਚਾਰਨ ਲਈ ਅਵਤਾਰ ਸਿੰਘ, ਉਸ ਦਾ ਪੁੱਤਰ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਆ ਗਏ, ਜਿਸ 'ਤੇ ਉਨ੍ਹਾਂ ਨੇ ਇਤਰਾਜ਼ ਕੀਤਾ ਕਿ ਉਹ ਮੱਝਾਂ ਨੂੰ ਹੋਰ ਕਿਤੇ ਲੈ ਜਾਣ, ਇਸ ਨਾਲ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ।
ਹਰਜੀਤ ਕੌਰ ਨੇ ਦੋਸ਼ ਲਾਇਆ ਕਿ ਅਵਤਾਰ ਸਿੰਘ, ਸੰਦੀਪ ਸਿੰਘ ਅਤੇ ਜਸਵਿੰਦਰ ਕੌਰ ਨੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਗਾਲ੍ਹਾਂ ਕੱਢੀਆਂ। ਉਸ ਨੇ ਦੱਸਿਆ ਕਿ ਉਸ ਦੇ ਨਾਲ ਕੰਮ ਕਰਦੀਆਂ ਮਨਜੀਤ ਕੌਰ, ਰਾਜਵੰਤ ਕੌਰ, ਪਰਮਜੀਤ ਕੌਰ, ਸਵਰਨ ਕੌਰ, ਬਿਮਲਾ ਦੇਵੀ, ਸਰਬਜੀਤ ਕੌਰ ਅਤੇ ਉਸ ਦੀ ਸੱਸ ਜਸਵਿੰਦਰ ਕੌਰ ਨੇ ਉਸ ਨੂੰ ਛੁਡਵਾਇਆ ਅਤੇ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਚ ਇਲਾਜ ਲਈ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਸਰਹਿੰਦ ਵਿਖੇ ਦੇ ਦਿੱਤੀ ਗਈ ਹੈ।
ਝਗੜਾ ਜਸਵਿੰਦਰ ਕੌਰ ਤੇ ਹਰਜੀਤ ਕੌਰ ਵਿਚਾਲੇ ਹੋਇਐ : ਅਵਤਾਰ ਸਿੰਘ
ਇਸ ਸਬੰਧੀ ਅਵਤਾਰ ਸਿੰਘ ਨਾਲ ਗੱਲ ਕਰਨ 'ਤੇ ਉਸ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਉਸ ਦਾ ਪੁੱਤਰ ਸੰਦੀਪ ਸਿੰਘ ਮੱਝਾਂ ਚਾਰ ਰਹੇ ਸਨ। ਉਥੇ ਮਨਰੇਗਾ ਦਾ ਕੰਮ ਕਰਦੀ ਹਰਜੀਤ ਕੌਰ ਨੇ ਜਸਵਿੰਦਰ ਕੌਰ ਨਾਲ ਝਗੜਾ ਸ਼ੁਰੂ ਕਰ ਦਿੱਤਾ। ਉਸ ਦਾ ਬੇਟਾ ਸੰਦੀਪ ਸਿੰਘ ਆਪਣੀ ਮਾਤਾ ਨੂੰ ਛੁਡਾਉਣ ਲੱਗ ਪਿਆ। ਇਹ ਝਗੜਾ ਜਸਵਿੰਦਰ ਕੌਰ ਅਤੇ ਹਰਜੀਤ ਕੌਰ ਵਿਚਾਲੇ ਹੋਇਆ ਹੈ।
ਗੱਲਬਾਤ ਰਾਹੀਂ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ : ਸਰਪੰਚ ਵਿਸ਼ਵਨਾਥ
ਇਸ ਸਬੰਧੀ ਪਿੰਡ ਭੱਟਮਾਜਰਾ ਦੇ ਸਰਪੰਚ ਵਿਸ਼ਵਨਾਥ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਮਨਰੇਗਾ ਅਧੀਨ ਕੰਮ ਕਰਦੀ ਹਰਜੀਤ ਕੌਰ ਅਤੇ ਹੋਰ ਔਰਤਾਂ ਨੇ ਦੋਸ਼ ਲਾਇਆ ਹੈ ਕਿ ਅਵਤਾਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਨਰੇਗਾ ਦੇ ਕੰਮ ਵਿਚ ਵਿਘਨ ਪਾਇਆ ਹੈ ਅਤੇ ਹਰਜੀਤ ਕੌਰ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਰਾਹੀਂ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਪੁਲਸ ਵੀ ਕਰ ਰਹੀ ਹੈ।
ਕੀ ਕਹਿੰਦੇ ਹਨ ਐੱਸ. ਐੱਚ. ਓ.
ਇਸ ਸਬੰਧੀ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਪ੍ਰਦੀਪ ਸਿੰਘ ਬਾਜਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰਜੀਤ ਕੌਰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਕਰ ਰਹੇ ਹਨ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐੱਨ. ਐੱਚ. ਐੱਸ. ਹਸਪਤਾਲ 'ਚ ਹੋਈ ਹਿਪ ਰਿਪਲੇਸਮੈਂਟ ਦੀ ਲਾਈਵ ਸਰਜਰੀ
NEXT STORY