ਜਲੰਧਰ/ਕਪੂਰਥਲਾ— ਇਹ ਸਿਰਫ ਇਕ ਇਤਫਾਕ ਹੀ ਹੈ ਕਿ ਵਿਸ਼ਵ ਵਾਤਾਵਰਣ ਦਿਵਸ ਨੂੰ ਅਸੀਂ ਉਸੇ ਸਾਲ 'ਚ ਮਨਾ ਰਹੇ ਹਾਂ ਜਿਸ ਸਾਲ 'ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਸੰਸਾਰ ਭਰ 'ਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਕਾਦਰ ਦੀ ਕੁਦਰਤ ਨਾਲ ਇਕਮਿਕ ਹੋਣ ਦਾ ਜਿਹੜਾ ਸੁਨੇਹਾ ਦਿੱਤਾ ਹੈ, ਉਸ ਦਾ ਰਹਿੰਦੀ ਦੁਨੀਆ ਤੱਕ ਵੀ ਕੋਈ ਬਦਲ ਪੈਦਾ ਨਹੀਂ ਹੋ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਲੋਕ ਦੇ ਸਿਰਫ ਸੱਤ ਅੱਖਰ ਹੀ ਗਲੋਬਲ ਵਾਰਮਿੰਗ ਦਾ ਪੱਕੇ ਹੱਲ ਕਰਨ ਦੇ ਸਮਰੱਥ ਹਨ। ਇਸ ਨੂੰ ਦੁਨੀਆ ਅੱਜ ਮੰਨ ਲਵੇ ਜਾਂ ਕੱਲ ਮੰਨ ਲਵੇ। ਧਰਤੀ ਦਾ ਹਿਰਦਾ ਠਾਰਣ ਲਈ ਇਨ੍ਹਾਂ ਸੱਤਾਂ ਅੱਖਰਾਂ 'ਚੋਂ ਦੀ ਹੋ ਕੇ ਹੀ ਲੰਘਣਾ ਪਵੇਗਾ। ਪਹਿਲੇ ਸਲੋਕ ਦੇ ਇਹ ਸੱਤ ਸ਼ਬਦ ਹਨ;
'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'
ਸੀਚੇਵਾਲ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਬਾਣੀ ਦੇ ਇਹੀ ਸੱਤ ਸ਼ਬਦ 'ਚ ਸਾਰੀ ਕਾਇਨਾਤ ਦਾ ਵੀ ਸੱਚ ਹੈ। ਇਸ 'ਚ ਹਵਾ ਨੂੰ ਗੁਰੂ ਮੰਨਿਆ ਹੈ, ਪਾਣੀ ਨੂੰ ਪਿਤਾ ਦੇ ਸਮਾਨ ਦੱਸਿਆ ਹੈ ਅਤੇ ਧਰਤੀ ਨੂੰ ਮਾਂ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਵਿੱਚੋਂ ਦੁਨੀਆ ਦੇ ਵਸਦੇ ਕਿਸੇ ਮਨੁੱਖ ਲਈ ਕੋਈ ਵੀ ਸ਼ਬਦ ਓਪਰਾ ਨਹੀਂ ਹੈ। ਜੇ ਇੰਨੇ ਸੌਖੇ ਸ਼ਬਦਾਂ ਦੇ ਅਰਥ ਵੀ ਅਸੀਂ ਨਹੀਂ ਸਮਝਾਂਗੇ ਤਾਂ ਫਿਰ ਕੁਦਰਤ ਦੇ ਨਾਲ ਨੇੜਤਾ ਕਿਵੇਂ ਬਣੇਗੀ? ਸਾਨੂੰ ਜਿੱਥੇ ਆਪਣੇ ਆਪ ਨੂੰ ਕੁਦਰਤ ਨਾਲ ਫਿਰ ਤੋਂ ਜੋੜਨਾ ਪਵੇਗਾ ਅਤੇ ਉਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕੁਦਰਤ ਦਾ ਸਤਿਕਾਰ ਕਰਨ ਅਤੇ ਕੁਦਰਤ ਦੇ ਅਨਕੂਲ ਚੱਲਣ ਲਈ ਪ੍ਰੇਰਨਾ ਪਵੇਗਾ। ਗੁਰੂ ਨਾਨਕ ਦੇਵ ਜੀ ਹੀ ਸਨ, ਜਿਨ੍ਹਾਂ ਨੇ ਬਲੀ ਕੰਧਾਰੀ ਦੇ ਹੰਕਾਰ ਨੂੰ ਚੁਣੌਤੀ ਦਿੰਦਿਆ ਇਹ ਸੁਨੇਹਾ ਦਿੱਤਾ ਸੀ ਕਿ ਪਾਣੀ 'ਤੇ ਸਭ ਦਾ ਹੱਕ ਹੈ। ਗੁਰੂ ਸਾਹਿਬ ਜੀ ਦਾ ਇਹ ਸੰਦੇਸ਼ ਪਾਣੀਆਂ 'ਤੇ ਏਕਾ ਅਧਿਕਾਰ ਦਾ ਕਬਜ਼ਾ ਜਮਾਉਣ ਵਾਲਿਆਂ ਲਈ ਵੀ ਇਕ ਸਬਕ ਹੈ ਕਿ ਕੁਦਰਤ ਦੀ ਅਣਮੁੱਲੀ ਦਾਤ ਪਾਣੀ 'ਤੇ ਸਾਰਿਆਂ ਦਾ ਹੱਕ ਹੈ ਅਤੇ ਇਹ ਸਾਰਿਆਂ ਲਈ ਹੈ।
ਬਾਬੇ ਨਾਨਕ ਦਾ ਸਰਬੱਤ ਦਾ ਭਲਾ ਤਾਂ ਇਸ ਧਰਤੀ 'ਤੇ ਰਹਿਣ ਵਾਲੇ ਸਾਰੇ ਜੀਵਾਂ ਲਈ ਹੈ। ਅਸੀਂ ਨਾ ਤਾਂ ਬਾਬੇ ਨਾਨਕ ਦੀ ਗੱਲ ਮੰਨ ਰਹੇ ਹਾਂ ਤੇ ਨਾ ਹੀ ਬਾਣੀ 'ਤੇ ਅਮਲ ਕਰ ਰਹੇ ਹਾਂ। ਲਾਲਚਵੱਸ ਮਨੁੱਖ ਆਪਣੀ ਤਬਾਹੀ ਵਾਲੇ ਰਾਹ ਤੁਰਿਆ ਹੋਇਆ ਹੈ। ਚਾਰ ਦਹਾਕਿਆਂ 'ਚ ਹੀ ਅਸੀਂ ਆਪਣੀ ਧਰਤੀ ਮਾਂ ਨੂੰ ਇਕ ਬੱਲਦੀ ਭੱਠੀ ਵਿਚ ਝੋਕ ਦਿੱਤਾ ਹੈ। ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੰਮ੍ਰਿਤ ਵਰਗੇ ਵਗਦੇ ਦਰਿਆਵਾਂ ਵਿਚ ਜ਼ਹਿਰਾਂ ਘੋਲ ਦਿੱਤੀਆਂ ਹਨ। ਹਵਾ ਨੂੰ ਸਾਹ ਲੈਣ ਜੋਗੀ ਨਹੀਂ ਛੱਡਿਆ। ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਦੁਨੀਆਭਰ ਵਿਚ ਮੁਲਕ ਚਿੰਤਨ ਤਾਂ ਕਰਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਵਾਤਾਵਰਣ ਦਾ ਬੇਹੱਦ ਦਰਜੇ ਤੱਕ ਦੂਸ਼ਿਤ ਹੋਣਾ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਭਾਰਤ ਵਿਚ ਵੀ ਵਾਟਰ ਐਕਟ ਹੈ, ਜਿਹੜਾ ਸਾਡੇ ਪਾਣੀਆਂ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਬਣਾਇਆ ਗਿਆ ਸੀ। ਉਸ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਵਾਤਾਵਰਣ ਦੇ ਪ੍ਰਦੂਸ਼ਣ ਨਾਲ ਇਕੱਲਾ ਸਿਹਤ ਅਤੇ ਕੁਦਰਤੀ ਸਾਧਨਾਂ 'ਤੇ ਅਸਰ ਨਹੀਂ ਹੁੰਦਾ ਸਗੋਂ ਇਸ ਦਾ ਅਸਰ ਮਨੁੱਖ ਦੀ ਮਾਨਸਿਕਤਾ 'ਤੇ ਵੀ ਪੈਂਦਾ ਹੈ।
ਭ੍ਰਿਸਟਾਚਾਰ, ਅਨੈਤਿਕਤਾ, ਮਨੁੱਖ ਦਾ ਆਪਣੇ ਆਪ ਨਾਲੋਂ ਟੁੱਟਣਾ, ਸਮਾਜਿਕ ਕਦਰਾਂ ਕੀਮਤਾਂ 'ਚ ਗਿਰਾਵਟ, ਮਾਨਸਿਕ ਬੀਮਾਰੀਆਂ ਇਸ ਵੱਧ ਰਹੇ ਪ੍ਰਦੂਸ਼ਣ ਦੀ ਹੀ ਦੇਣ ਹਨ, ਕਿਉਂਕਿ ਸਿਆਣੇ ਆਖਦੇ ਹਨ ਕਿ 'ਜੈਸਾ ਅੰਨ ਤੈਸਾ ਮਨ, ਜੈਸਾ ਦੁੱਧ ਵੈਸੀ ਬੁੱਧ, ਜੈਸਾ ਪਾਣੀ ਤੈਸਾ ਪ੍ਰਾਣੀ'। ਭੋਜਨ, ਪਾਣੀ ਤੇ ਦੁੱਧ ਦਾ ਸਿੱਧਾ ਅਸਰ ਬੁੱਧ 'ਤੇ ਪੈਂਦਾ ਹੈ। ਸਾਡੇ ਇਹ ਭੋਜਨ ਪੂਰੀ ਤਰ੍ਹਾਂ ਨਾਲ ਦੂਸ਼ਿਤ ਹੋ ਚੁੱਕੇ ਹਨ। ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆਭਰ ਦੇ ਲੋਕਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਨਤਮਸਤਕ ਹੋਣ ਲਈ ਆਉਣਾ ਹੈ। ਘੱਟੋ-ਘੱਟ ਇਸ ਨਗਰੀ ਨੂੰ ਵਤਾਵਰਣ ਪੱਖੋਂ ਇੰਨੀ ਖੂਬਸੂਰਤ ਬਣਾ ਦਈਏ ਤਾਂ ਜੋ ਇੱਥੇ ਆਉਣ ਵਾਲੀਆਂ ਸੰਗਤਾਂ ਵਾਤਾਵਰਣ ਦਾ ਸੁਨੇਹਾ ਲੈ ਕੇ ਜਾਣ। ਜੁਲਾਈ 2000 ਤੋਂ ਲਗਾਤਾਰ ਪਵਿੱਤਰ ਕਾਲੀ ਵੇਈਂ ਦੀ ਹੱਥੀ ਕਾਰ ਸੇਵਾ ਕੀਤੀ ਗਈ ਹੈ, ਜਿਸ ਕਾਰਨ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਸਾਫ਼ ਹੋਈ ਵੇਈਂ ਸਭ ਲਈ ਇਕ ਮਿਸਾਲ ਬਣ ਗਈ ਹੈ। ਵੇਈਂ ਦੀ ਕਾਰ ਸੇਵਾ ਨੇ ਗੁਰਬਾਣੀ ਦੇ ਇਸ ਮਹਾਵਾਕ ਨੂੰ ਪੂਰੀ ਤਰ੍ਹਾਂ ਨਾਲ ਸਾਰਥਿਕ ਕਰ ਦਿੱਤਾ ਹੈ।
'ਆਪਣੇ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ'
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਦੀ ਧਰਤੀ ਤੋਂ ਜੋ ਸੁਨੇਹਾ ਸਰਬੱਤ ਦੇ ਭਲੇ ਦਾ ਦਿੱਤਾ ਗਿਆ ਸੀ ਉਸ ਨੂੰ ਸਾਰਥਿਕ ਕਰਨ ਦਾ ਸਮਾਂ ਆ ਗਿਆ ਹੈ। ਆਓ ਆਪਣੇ ਆਲੇ ਦੁਆਲੇ ਦੀਆਂ ਨਦੀਆਂ ਅਤੇ ਦਰਿਆਵਾਂ ਵਿਚ ਗੰਦਗੀ ਪੈਣ ਤੋਂ ਰੋਕੀਏ। ਵੱਧ ਤੋਂ ਵੱਧ ਰੁੱਖ ਲਾ ਕੇ ਇਸ ਧਰਤੀ ਨੂੰ ਸਾਹ ਲੈਣ ਯੋਗ ਬਣਾਈਏ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਇਸ ਧਰਤੀ ਨੂੰ ਰਹਿਣਯੋਗ ਬਣਾਈਏ।
ਪੰਜਾਬ ਭਰ 'ਚ ਲੱਗੀਆਂ ਈਦ ਦੀਆਂ ਰੌਣਕਾਂ (ਵੀਡੀਓ)
NEXT STORY