ਅੰਮ੍ਰਿਤਸਰ (ਨੀਰਜ)— ਆਪਣੀ-ਆਪਣੀ ਡਫਲੀ ਅਤੇ ਆਪਣਾ-ਆਪਣਾ ਰਾਗ ਵਜਾ ਕੇ ਆਪਣੀ ਪਿੱਠ ਥਪਥਪਾਉਣ ਵਾਲੀ ਕੇਂਦਰ ਅਤੇ ਰਾਜ ਸਰਕਾਰ ਦੀ ਸੁਰੱਖਿਆ ਏਜੰਸੀਆਂ ਲਈ ਸਾਲ 2019 ਨਾਕਾਮੀ ਭਰਿਆ ਸਾਬਤ ਹੋਇਆ ਹੈ। ਆਲਮ ਇਹ ਹੈ ਕਿ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਤੋਂ ਦਰਾਮਦ ਲੂਣ ਦੀ ਖੇਪ 'ਚੋਂ ਹੁਣ ਤੱਕ ਦੀ ਸਭ ਤੋਂ ਵੱਡੀ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜੇ ਜਾਣ ਦੇ ਮਾਮਲੇ 'ਚ ਮੋਸਟਵਾਂਟਿਡ 'ਰਣਜੀਤ ਸਿੰਘ ਉਰਫ ਚੀਤਾ' ਨੂੰ 6 ਮਹੀਨੇ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਰਾਜ ਸਰਕਾਰ ਦੀ ਕੋਈ ਸੁਰੱਖਿਆ ਏਜੰਸੀ ਗ੍ਰਿਫਤਾਰ ਕਰ ਸਕੀ ਹੈ। ਦੇਸ਼ ਦੀ ਸਭ ਤੋਂ ਵੱਡੀ ਸੁਰੱਖਿਆ ਏਜੰਸੀ ਕਹੇ ਜਾਣ ਵਾਲੀ ਐੈੱਨ. ਆਈ. ਏ. (ਨੈਸ਼ਨਲ ਸਿਕਿਓਰਿਟੀ ਏਜੰਸੀ) ਦੇ ਵੀ ਅਜੇ ਤੱਕ ਹੱਥ ਖਾਲੀ ਹਨ, ਜਦਕਿ ਐੱਨ. ਆਈ. ਏ. ਨੇ ਹੁਣ ਕੇਸ ਨੂੰ ਸਪੈਸ਼ਲ ਕੋਰਟ 'ਚ ਦਾਖਲ ਵੀ ਕਰ ਦਿੱਤਾ ਹੈ ਕਿਉਂਕਿ ਇਸ ਕੇਸ ਨੂੰ ਪੂਰੇ 180 ਦਿਨ ਬੀਤ ਗਏ ਸਨ। ਹਰ ਹਾਲਤ 'ਚ ਇਸ ਕੇਸ ਨੂੰ ਕੋਰਟ 'ਚ ਦਾਖਲ ਕਰਨਾ ਐੱਨ. ਆਈ. ਏ. ਦੀ ਵੀ ਮਜਬੂਰੀ ਸੀ। ਇਹ ਵੀ ਰਹੱਸ ਹੀ ਬਣਿਆ ਹੋਇਆ ਹੈ ਕਿ ਆਖਰਕਾਰ ਜਦੋਂ ਕਸਟਮ ਵਿਭਾਗ ਆਪਣੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਸ ਕੇਸ ਨੂੰ ਮਜ਼ਬੂਤੀ ਦੇ ਨਾਲ ਜਾਂਚ ਕਰ ਰਿਹਾ ਸੀ, ਅੱਧੀ ਦਰਜਨ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਚੁੱਕਿਆ ਸੀ ਤਾਂ ਐੱਨ. ਆਈ. ਏ. ਨੇ ਇਸ ਕੇਸ ਨੂੰ ਕਸਟਮ ਵਿਭਾਗ ਤੋਂ ਕਿਉਂ ਖੋਹ ਲਿਆ। ਜਦਕਿ ਕਸਟਮ ਵਿਭਾਗ ਦੀ ਜਾਂਚ ਟੀਮ ਰਣਜੀਤ ਚੀਤੇ ਦੇ ਬਿਲਕੁੱਲ ਨਜ਼ਦੀਕ ਪਹੁੰਚ ਚੁੱਕੀ ਸੀ। ਅੱਜ ਹਾਲਤ ਇਹ ਹਨ ਕਿ ਐੱਨ. ਆਈ. ਏ. ਦੀ ਟੀਮ ਨਾ ਤਾਂ ਰਣਜੀਤ ਚੀਤੇ ਨੂੰ ਫੜ ਸਕੀ। ਉਲਟਾ ਇਸ ਮਾਮਲੇ 'ਚ ਇਕ ਮੁਲਜ਼ਮ ਸਾਬਕਾ ਸੀ. ਏ. ਅਜੇ ਗੁਪਤਾ ਨੂੰ ਵੀ ਜ਼ਮਾਨਤ ਮਿਲ ਚੁੱਕੀ ਹੈ।
ਪਠਾਨਕੋਟ ਦੇ ਮੰਡ ਇਲਾਕੇ 'ਚੋਂ ਰੇਡ ਦੌਰਾਨ ਵੀ ਫਰਾਰ ਹੋਇਆ ਸੀ ਰਣਜੀਤ
ਦੇਸ਼ ਦੇ ਜ਼ਮੀਨੀ ਰਸਤੇ ਰਾਹੀਂ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਨੂੰ ਮੰਗਵਾਉਣ ਵਾਲਾ ਮੋਸਟਵਾਂਟਿਡ ਹੈਰੋਇਨ ਸਮੱਗਲਰ ਰਣਜੀਤ ਸਿੰਘ ਉਰਫ ਚੀਤਾ ਦਾ ਨਾਂ ਚੀਤਾ ਸ਼ਾਇਦ ਇਸ ਲਈ ਵੀ ਰੱਖਿਆ ਗਿਆ ਹੋਵੇਗਾ ਕਿਉਂਕਿ ਉਹ ਚੀਤੇ ਵਰਗਾ ਫੁਰਤੀਲਾ ਹੈ। ਇਸ ਦਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਪਠਾਨਕੋਟ ਦੇ ਮੰਡ (ਦਰਿਆ ਵਾਲੇ ਇਲਾਕੇ) ਖੇਤਰ 'ਚ ਜਦੋਂ ਐੱਸ. ਟੀ. ਐੱਫ. ਲੁਧਿਆਣਾ ਦੀ ਟੀਮ ਨੇ ਰਣਜੀਤ ਚੀਤੇ ਅਤੇ ਉਸ ਦੇ ਭਰਾ ਦੇ ਮਕਾਨ 'ਤੇ ਰੇਡ ਕੀਤੀ ਤਾਂ ਚੀਤਾ ਉੱਥੋਂ ਵੀ ਫਰਾਰ ਹੋ ਗਿਆ ਸੀ, ਜਦਕਿ ਚੀਤੇ ਦਾ ਭਰਾ ਬਲਵਿੰਦਰ ਸਿੰਘ ਉਰਫ ਬਿੱਲਾ ਜੂਨੀਅਰ ਗ੍ਰਿਫਤਾਰ ਹੋ ਗਿਆ। ਇਸ ਰੇਡ 'ਚ ਪੁਲਸ ਨੂੰ ਹੈਰੋਇਨ ਦੀ ਖੇਪ ਦੇ ਨਾਲ 1.5 ਕਰੋੜ ਦੀ ਡਰੱਗ ਮਨੀ ਵੀ ਮਿਲੀ ਸੀ, ਜਿਸ ਨੂੰ ਖੇਤਾਂ ਵਿਚ ਦਬਾਇਆ ਹੋਇਆ ਸੀ। ਕੇਸ 'ਚ ਹੈਰਾਨੀਜਨਕ ਪਹਿਲੂ ਇਹ ਸਾਹਮਣੇ ਆਇਆ ਕਿ ਰਣਜੀਤ ਚੀਤਾ ਅਤੇ ਉਸ ਦਾ ਭਰਾ ਪਿਛਲੇ ਅੱਠ-ਦਸ ਸਾਲਾਂ ਤੋਂ ਇਸ ਇਲਾਕੇ ਵਿਚ ਰਹਿ ਰਹੇ ਸਨ ਪਰ ਪਠਾਨਕੋਟ ਜਾਂ ਕਿਸੇ ਹੋਰ ਜ਼ਿਲੇ ਦੀ ਪੁਲਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗ ਸਕੀ। ਇਸ ਕੇਸ ਵਿਚ ਚੀਤੇ ਦੇ ਇਕ ਹੋਰ ਭਰਾ ਕੁਲਦੀਪ ਸਿੰਘ ਕੋਲੋਂ ਐੱਸ. ਟੀ. ਐੱਫ. ਦੀ ਟੀਮ ਨੇ ਅੰਮ੍ਰਿਤਸਰ ਜੇਲ 'ਚ ਆ ਕੇ ਮੋਬਾਇਲ ਜ਼ਬਤ ਕੀਤਾ ਸੀ ਕਿਉਂਕਿ ਕੁਲਦੀਪ ਜੇਲ ਦੇ ਅੰਦਰ ਤੋਂ ਹੀ ਨੈੱਟਵਰਕ ਚਲਾ ਰਿਹਾ ਸੀ।
ਬਲੀ ਦਾ ਬਕਰਾ ਬਣਿਆ ਲੂਣ ਵਪਾਰੀ ਗੁਰਪਿੰਦਰ
ਅਟਾਰੀ 'ਤੇ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜੇ ਜਾਣ ਦੇ ਮਾਮਲੇ 'ਚ ਤਾਰਿਕ ਅਹਿਮਦ ਲੋਨ ਨਿਵਾਸੀ ਕਸ਼ਮੀਰ ਹੰਦਵਾੜਾ, ਅਜੇ ਗੁਪਤਾ, ਟਰਾਂਸਪੋਰਟਰ ਜਸਬੀਰ ਸਿੰਘ ਅਤੇ ਗੁਰਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਸ ਸਭ 'ਚ ਗੁਰਪਿੰਦਰ ਸਿੰਘ ਨੂੰ ਬਲੀ ਦਾ ਬਕਰਾ ਬਣਾਇਆ ਗਿਆ। ਅੰਮ੍ਰਿਤਸਰ ਦੀ ਕੇਂਦਰੀ ਜੇਲ 'ਚ ਭੇਤਭਰੇ ਹਾਲਾਤ 'ਚ ਗੁਰਪਿੰਦਰ ਸਿੰਘ ਦੀ ਮੌਤ ਹੋ ਗਈ। ਗੁਰਪਿੰਦਰ ਦੇ ਮੂੰਹ 'ਚੋਂ ਖੂਨ ਨਿਕਲਿਆ ਸੀ ਇਸ ਦੀ ਮੈਜਿਸਟ੍ਰੇਟ ਜਾਂਚ ਵੀ ਕਰਵਾਈ ਗਈ, ਜੋ ਇਕ ਮਹੀਨੇ ਤੱਕ ਚੱਲੀ। ਕਾਰਨ ਦੱਸਿਆ ਗਿਆ ਕਿ ਸ਼ੂਗਰ ਘੱਟ ਹੋਣ ਨਾਲ ਗੁਰਪਿੰਦਰ ਦੀ ਮੌਤ ਹੋਈ ਹੈ। ਫਿਲਹਾਲ ਇਸ ਹਾਈਪ੍ਰੋਫਾਈਲ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਗੁਰਪਿੰਦਰ ਦੀ ਮੌਤ ਹੋਣਾ ਇਕ ਵੱਡੀ ਸਾਜ਼ਿਸ਼ ਵੱਲ ਸੰਕੇਤ ਕਰਦਾ ਹੈ।
ਆਇਰਨ ਲੇਡੀ ਦੇ ਵੀ ਹੱਥ ਖਾਲੀ
ਐੱਨ. ਆਈ. ਏ. ਟੀਮ ਦੀ ਲੀਡ ਅਸਮ ਦੇ 16 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਮਾਰਨ ਵਾਲੀ ਆਇਰਨ ਲੇਡੀ ਸੰਜੁਕਤਾ ਪਰਾਸ਼ਰ ਕਰ ਰਹੀ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਕਸਟਮ ਵਿਭਾਗ ਵੱਲੋਂ ਇਸ ਕੇਸ ਨੂੰ ਖੋਹ ਲੈਣ ਤੋਂ ਬਾਅਦ ਐੱਨ. ਆਈ. ਏ. ਕੁਝ ਹੀ ਦਿਨਾਂ ਵਿਚ ਰਣਜੀਤ ਸਿੰਘ ਚੀਤੇ ਨੂੰ ਗ੍ਰਿਫਤਾਰ ਕਰ ਲਵੇਗੀ ਪਰ ਆਇਰਨ ਲੇਡੀ ਦੇ ਹੱਥ ਵੀ ਅਜੇ ਤੱਕ ਖਾਲੀ ਹਨ।
ਕੀ 2020 'ਚ ਹੋਵੇਗੀ ਗ੍ਰਿਫਤਾਰੀ?
ਸਾਲ 2019 'ਚ ਤਾਂ ਕੋਈ ਵੀ ਸੁਰੱਖਿਆ ਏਜੰਸੀ ਰਣਜੀਤ ਸਿੰਘ ਉਰਫ ਚੀਤੇ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ 2020 ਵਿਚ ਸੁਰੱਖਿਆ ਏਜੰਸੀਆਂ ਚੀਤੇ ਨੂੰ ਗ੍ਰਿਫਤਾਰ ਕਰ ਸਕਣਗੀਆਂ ਜਾਂ ਫਿਰ ਨਹੀਂ? ਕਸਟਮ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਇਸ ਹਾਈਪ੍ਰੋਫਾਈਲ ਕੇਸ 'ਚ ਕੁਝ ਵੱਡੀਆਂ ਮੱਛੀਆਂ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਦਾ ਪਰਦਾਫਾਸ਼ ਚੀਤੇ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋ ਸਕਦਾ ਹੈ।
2019 'ਚ ਵੀ ਪਾਸਪੋਰਟ ਪੜਤਾਲਾਂ 'ਚ ਪਟਿਆਲਾ ਪੁਲਸ ਦੀ ਰਹੀ ਝੰਡੀ
NEXT STORY