ਚੰਡੀਗੜ੍ਹ : ਪੰਜਾਬ ਲਈ 2022 ਇਤਿਹਾਸਕ ਚੋਣ ਸਾਲ ਸੀ। ਇਹ ਸਾਲ ਹੁਣ ਅਲਵਿਦਾ ਕਹਿਣ ਲਈ ਦਰਵਾਜ਼ੇ ’ਤੇ ਖੜ੍ਹਾ ਹੈ ਅਤੇ ਪਿੱਛੇ ਛੱਡ ਜਾਵੇਗਾ ਸਿਆਸਤਦਾਨਾਂ ਲਈ ਕੁਝ ਕੌੜੀਆਂ ਤੇ ਮਿੱਠੀਆਂ ਯਾਦਾਂ। ਸੱਤਾ ਤਬਦੀਲੀ ਦੇ ਨਾਲ ਜਿੱਥੇ 2022 ਆਮ ਆਦਮੀ ਪਾਰਟੀ ਲਈ ਖੁਸ਼ੀਆਂ ਭਰਿਆ ਰਿਹਾ, ਉੱਥੇ ਇਸੇ ਸਾਲ ਸੂਬੇ ਦੇ 3 ਸਾਬਕਾ ਮੁੱਖ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ 2022 ਹੀ ਸੀ, ਜਿਸ ਵਿਚ ਲੰਮੇ ਸੰਘਰਸ਼ ਤੇ ਕਈ ਸੰਗੀਨ ਦੋਸ਼ਾਂ ਦੇ ਬਾਵਜੂਦ ਸੀ. ਐੱਮ. ਭਗਵੰਤ ਮਾਨ ਨੂੰ ਸੱਤਾ ਦਾ ਤਾਜ ਪਹਿਨਾਇਆ ਗਿਆ। ਕਾਂਗਰਸ ਦੀ ਹਾਲਤ ਤਾਂ ਇਹ ਹੋਈ ਕਿ ਇਹ ਸਾਲ ਉਸ ਦੇ ਕਈ ਸਾਬਕਾ ਮੰਤਰੀਆਂ ਲਈ ਕੰਡਿਆਂ ਦੀ ਸੇਜ ਲੈ ਕੇ ਆਇਆ। ਹਾਰ ਦਾ ਗਮ ਝੱਲ ਰਹੇ ਕਈ ਸਾਬਕਾ ਮੰਤਰੀਆਂ ਨੂੰ ਜਿੱਥੇ ਮਾਨ ਸਰਕਾਰ ਦੇ ਸਖਤ ਰਵੱਈਏ ਕਾਰਨ ਜੇਲ੍ਹ ਦੀ ਹਵਾ ਖਾਣੀ ਪਈ, ਉੱਥੇ ਹੀ ਕਈ ਲੋਕ ਤੇ ਪੁਰਾਣੇ ਅਧਿਕਾਰੀ ਅਜੇ ਵੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਕੁੱਲ ਮਿਲਾ ਕੇ ਸਾਲ 2022 ਪੰਜਾਬ ਦੇ ਦਿੱਗਜ ਸਿਆਸਤਦਾਨਾਂ ਨੂੰ ਸਿਆਸੀ ਸਬਕ ਸਿਖਾ ਗਿਆ ਹੈ ਅਤੇ ਇਹ ਸਾਲ ਕੁਝ ਸਿਆਸਤਦਾਨਾਂ ਨੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ।
ਜਿਹੜੇ ਸਾਬਕਾ ਮੁੱਖ ਮੰਤਰੀ ਹਾਰ ਗਏ
ਸਾਬਕਾ ਸੀ. ਐੱਮ. ਚਰਨਜੀਤ ਸਿੰਘ ਚੰਨੀ
ਪੰਜਾਬ ਚੋਣਾਂ ’ਚ 2 ਸੀਟਾਂ ਤੋਂ ਮੈਦਾਨ ’ਚ ਉਤਰੇ ਸਾਬਕਾ ਸੀ. ਐੱਮ. ਚਰਨਜੀਤ ਸਿੰਘ ਚੰਨੀ ਨੂੰ ਦੋਵਾਂ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਦੌੜ ਸੀਟ ਤੋਂ ਚੰਨੀ ਨੂੰ ‘ਆਪ’ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਦੇ ਹੱਥੋਂ ਹਾਰ ਮਿਲੀ ਸੀ ਤਾਂ ਚਮਕੌਰ ਸਾਹਿਬ ਸੀਟ ਤੋਂ ਚੰਨੀ ਨੂੰ ‘ਆਪ’ ਦੇ ਹੀ ਚਰਨਜੀਤ ਸਿੰਘ ਨੇ ਮਾਤ ਦਿੱਤੀ ਸੀ। ਇਸ ਹਾਰ ਤੋਂ ਬਾਅਦ ਚੰਨੀ ਮਾਯੂਸ ਹੋ ਕੇ ਸਿਆਸੀ ਪਰਦੇ ਤੋਂ ਕਈ ਮਹੀਨੇ ਗਾਇਬ ਰਹੇ।
ਸਾਬਕਾ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ 2 ਵਾਰ ਸੀ. ਐੱਮ. ਰਹੇ ਅਮਰਿੰਦਰ ਸਿੰਘ ਨੂੰ ਇਸ ਵਾਰ ਆਪਣੇ ਹੀ ਗੜ੍ਹ ਪਟਿਆਲਾ ਨਗਰ ਸੀਟ ’ਤੇ ਹਾਰ ਦਾ ਮੂੰਹ ਵੇਖਣਾ ਪਿਆ ਸੀ। ਆਪ ਦੇ ਅਜੀਤ ਪਾਲ ਸਿੰਘ ਕੋਹਲੀ ਨੇ ਉਨ੍ਹਾਂ ਨੂੰ ਮਾਤ ਦਿੱਤੀ ਸੀ। ਇਸ ਤੋਂ ਬਾਅਦ ਸਿਆਸੀ ਜ਼ਮੀਨ ਦੀ ਭਾਲ ਕਰ ਰਹੇ ਕੈਪਟਨ ਨੂੰ ਭਾਜਪਾ ਦਾ ਪੱਲਾ ਫੜਨਾ ਪਿਆ।
ਸਾਬਕਾ ਸੀ. ਐੱਮ. ਪ੍ਰਕਾਸ਼ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁਕਤਸਰ ਜ਼ਿਲੇ ’ਚ ਆਪਣੀ ਰਵਾਇਤੀ ਲੰਬੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁਡੀਆਂ ਤੋਂ ਚੋਣ ਹਾਰ ਗਏ। ਚੋਣਾਂ ਵਿਚ ਸਭ ਤੋਂ ਬਜ਼ੁਰਗ ਉਮੀਦਵਾਰ ਰਹੇ ਬਾਦਲ (94) ਹੁਣ ਸਿਆਸਤ ਵਿਚ ਜ਼ਿਆਦਾ ਸਰਗਰਮ ਨਹੀਂ। ਇਹ ਉਨ੍ਹਾਂ ਦੀ ਆਖਰੀ ਚੋਣ ਸੀ।
ਸਾਬਕਾ ਸੀ. ਐੱਮ. ਰਾਜਿੰਦਰ ਕੌਰ ਭੱਠਲ
ਰਾਜਿੰਦਰ ਕੌਰ ਭੱਠਲ ਜੋ ਕਿ 1996 ਤੋਂ 1997 ਤਕ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਹੀ ਅਤੇ 2004 ’ਚ ਉਪ-ਮੁੱਖ ਮੰਤਰੀ ਰਹੀ। ਉਨ੍ਹਾਂ 2022 ’ਚ ਲਹਿਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਦੇ ਬਰਿੰਦਰ ਕੁਮਾਰ ਗੋਇਲ ਦੇ ਹੱਥੋਂ ਚੋਣ ਹਾਰ ਗਈ। ਗੋਇਲ ਨੇ 1992 ’ਚ ਭੱਠਲ ਦੇ ਮੁਕਾਬਲੇ ’ਚ ਚੋਣ ਲੜੀ ਸੀ ਪਰ ਉਸ ਵੇਲੇ ਹਾਰ ਗਏ ਸਨ।
ਉਪ-ਮੁੱਖ ਮੰਤਰੀ ਸੁਖਬੀਰ ਬਾਦਲ
ਪੰਜਾਬ ਵਿਧਾਨ ਸਭਾ ਚੋਣਾਂ ’ਚ ਜਲਾਲਾਬਾਦ ਦੀ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਮੁਕਾਬਲੇਬਾਜ਼ ਜਗਦੀਪ ਕੰਬੋਜ ਤੋਂ 30,000 ਤੋਂ ਵੱਧ ਵੋਟਾਂ ਨਾਲ ਹਾਰ ਗਏ ਸਨ। ਸੁਖਬੀਰ ਪੰਜਾਬ ਦੇ 5 ਵਾਰ ਸੀ. ਐੱਮ. ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਅਜੇ ਵੀ ਉਨ੍ਹਾਂ ਦੇ ਹੱਥਾਂ ’ਚ ਹੈ ਅਤੇ ਪਾਰਟੀ 2024 ਦੀਆਂ ਚੋਣਾਂ ਲਈ ਆਪਣੇ ਵਜੂਦ ਨੂੰ ਮਜ਼ਬੂਤ ਕਰਨ ’ਚ ਲੱਗੀ ਹੋਈ ਹੈ।
ਜੋ ਜੇਲ੍ਹ ਗਏ
ਸਾਬਕਾ ਮੰਤਰੀ ਬਿਕਰਮ ਮਜੀਠੀਆ
ਅੰਮ੍ਰਿਤਸਰ ਈਸਟ ’ਤੇ ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਡਰੱਗ ਰੈਕੇਟ ਮਾਮਲੇ ’ਚ ਉਨ੍ਹਾਂ ਨੂੰ ਕਈ ਮਹੀਨੇ ਜੇਲ ’ਚ ਬਿਤਾਉਣੇ ਪਏ ਸਨ।
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ
ਅੰਮ੍ਰਿਤਸਰ ਈਸਟ ’ਚ ਆਪ ਦੀ ਜੀਵਨਜੋਤ ਕੌਰ ਨੇ ਕਾਂਗਰਸ ਦੇ ਵੱਡੇ ਚਿਹਰੇ ਨਵਜੋਤ ਸਿੰਘ ਸਿੱਧੂ ਨੂੰ ਵੱਡੇ ਮਾਰਜਨ ਨਾਲ ਹਰਾਇਆ ਸੀ। ਚੋਣ ਹਾਰਨ ਤੋਂ ਬਾਅਦ ਉਹ ਰੋਡਰੇਜ ਕੇਸ ’ਚ ਪਟਿਆਲਾ ਦੀ ਜੇਲ ਵਿਚ ਇਕ ਸਾਲ ਦੀ ਸਜ਼ਾ ਕੱਟ ਰਹੇ ਹਨ। ਉਹ ਚੋਣ ਜਿੱਤ ਕੇ ਸੀ. ਐੱਮ. ਬਣਨਾ ਚਾਹੁੰਦੇ ਸਨ। ਮੰਨਿਆ ਜਾ ਰਿਹਾ ਹੈ ਕਿ ਨਵੇਂ ਸਾਲ ਭਾਵ 2023 ’ਚ ਉਹ ਜੇਲ ’ਚੋਂ ਰਿਹਾਅ ਹੋ ਜਾਣਗੇ।
ਭਾਰਤ ’ਚ ਮੁਸਲਿਮ ਕਿਉਂ ਅਤੇ ਕਦੋਂ ਤੋਂ ‘ਅਸੁਰੱਖਿਅਤ’?
NEXT STORY