ਗੁਰਦਾਸਪੁਰ (ਹਰਮਨ) : ਹਰੇਕ ਖੇਤਰ ’ਚ ਆਨਲਾਈਨ ਸੇਵਾਵਾਂ ਦੀ ਹੋਈ ਸ਼ੁਰੂਆਤ ਦੇ ਮੱਦੇਨਜ਼ਰ ਜਿਥੇ ਲੋਕਾਂ ਨੂੰ ਕਈ ਸਹੂਲਤਾਂ ਮਿਲੀਆਂ ਹਨ, ਉਸ ਦੇ ਨਾਲ ਹੀ ਡਿਜੀਟਲ ਸੇਵਾਵਾਂ ਕਈ ਲੋਕਾਂ ਦੀ ਠੱਗੀ ਦਾ ਕਾਰਨ ਵੀ ਬਣ ਰਹੀਆਂ ਹਨ। ਅਜਿਹੀ ਸਥਿਤੀ ’ਚ ਗੁਰਦਾਸਪੁਰ ਨਾਲ ਸਬੰਧਤ ਇਕ ਨੌਜਵਾਨ ਨੂੰ ਨੌਸਰਬਾਜ਼ਾਂ ਨੇ ਪੈਸੇ ਦੁੱਗਣੇ ਕਰਨ ਅਤੇ ਆਮਦਨ ਦਾ ਸਾਧਨ ਜੁਟਾਉਣ ਦਾ ਝਾਂਸਾ ਦੇ ਕੇ ਉਸ ਨਾਲ ਕਰੀਬ 5 ਲੱਖ ਰੁਪਏ ਦੀ ਠੱਗੀ ਮਾਰ ਲਈ।
ਨੌਜਵਾਨ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਦੀ ਹੈਲਪਲਾਈਨ 1930 ’ਤੇ ਕਰ ਦਿੱਤੇ ਜਾਣ ਅਤੇ ਐੱਸ. ਐੱਸ. ਪੀ. ਗੁਰਦਾਸਪੁਰ ਹਰੀਸ਼ ਦਾਯਮਾ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਸਾਈਬਰ ਥਾਣਾ ਪੁਲਸ ਨੇ ਨੌਜਵਾਨ ਦੇ 1 ਲੱਖ 95 ਹਜ਼ਾਰ ਰੁਪਏ ਵਾਪਸ ਕਰਵਾ ਦਿੱਤੇ ਹਨ ਅਤੇ ਪੁਲਸ ਵੱਲੋਂ ਉਕਤ ਠੱਗੀਆਂ ਮਾਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦੇ ਸੁਫ਼ਨੇ ਵਿਖਾ ਕੇ ਮਾਰੀ 16 ਲੱਖ ਦੀ ਠੱਗੀ, ਫ਼ਰਾਰ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ
ਐੱਸ. ਐੱਸ. ਪੀ. ਹਰੀਸ਼ ਦਾਯਮਾ ਅਤੇ ਸਾਈਬਰ ਥਾਣਾ ਗੁਰਦਾਸਪੁਰ ਦੀ ਇੰਚਾਰਜ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਗੁਰਦਾਸਪੁਰ ਨਾਲ ਸਬੰਧਤ ਕਿਰਨਦੀਪ ਸਿੰਘ ਨੂੰ ਕਿਸੇ ਨੇ ਆਨਲਾਈਨ ਪੈਸੇ ਇਨਵੈਸਟ ਕਰ ਕੇ ਚੰਗੀ ਆਮਦਨ ਲੈਣ ਲਈ ਆਨਲਾਈਨ ਐਪ ਡਾਊਨਲੋਡ ਕਰਨ ਦਾ ਝਾਂਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਕਿਰਨਦੀਪ ਸਿੰਘ ਨੇ ਉਕਤ ਐਪ ਡਾਊਨਲੋਡ ਕਰ ਲਈ ਤਾਂ ਗਿਰੋਹ ਦੇ ਮੈਂਬਰਾਂ ਵੱਲੋਂ ਉਸ ਨੂੰ ਹੌਲੀ-ਹੌਲੀ ਆਪਣੇ ਝਾਂਸੇ ਵਿਚ ਲੈਣਾ ਸ਼ੁਰੂ ਕਰ ਦਿੱਤਾ ਗਿਆ। ਪਹਿਲਾਂ ਕਿਰਨਦੀਪ ਸਿੰਘ ਵੱਲੋਂ ਥੋੜ੍ਹੇ-ਥੋੜ੍ਹੇ ਕਰ ਕੇ ਪੈਸੇ ਇਨਵੈਸਟ ਕੀਤੇ ਗਏ ਤਾਂ ਨੌਸਰਬਾਜ਼ਾਂ ਵੱਲੋਂ ਉਸ ਨੂੰ ਬਕਾਇਦਾ ਕੁਝ ਪ੍ਰੋਫਿਟ ਵੀ ਦਿੱਤਾ ਪਰ ਜਦੋਂ ਹੌਲੀ-ਹੌਲੀ ਕਿਰਨਦੀਪ ਸਿੰਘ ਨੇ ਜ਼ਿਆਦਾ ਰਾਸ਼ੀ ਇਨਵੈਸਟ ਕੀਤੀ ਤਾਂ ਉਸ ਦਾ ਪ੍ਰੋਫਿਟ ਵੀ ਵੱਧਦਾ ਗਿਆ।
ਇਸ ਦੌਰਾਨ ਜਦੋਂ ਕਿਰਨਦੀਪ ਸਿੰਘ ਨੇ 5 ਲੱਖ ਰੁਪਏ ਤੱਕ ਰਾਸ਼ੀ ਇਨਵੈਸਟ ਕਰ ਦਿੱਤੀ ਤਾਂ ਉਕਤ ਨੌਸਰਬਾਜ਼ ਇਕਦਮ ਗਾਇਬ ਹੋ ਗਏ, ਜਿਸ ਦੌਰਾਨ ਕਿਰਨਦੀਪ ਸਿੰਘ ਨੂੰ ਪਤਾ ਲੱਗਿਆ ਕਿ ਉਸ ਨਾਲ ਠੱਗੀ ਹੋ ਚੁੱਕੀ ਹੈ। ਉਸਨੇ ਤੁਰੰਤ ਇਸ ਦੀ 1930 ਹੈਲਪਲਾਈਨ ’ਤੇ ਵੀ ਸ਼ਿਕਾਇਤ ਕੀਤੀ ਅਤੇ ਐੱਸ. ਐੱਸ. ਪੀ. ਗੁਰਦਾਸਪੁਰ ਨੂੰ ਵੀ ਸ਼ਿਕਾਇਤ ਸੌਂਪੀ। ਐੱਸ. ਐੱਸ. ਪੀ. ਹਰੀਸ਼ ਦਯਾਮਾ ਨੇ ਦੱਸਿਆ ਕਿ ਉਕਤ ਸ਼ਿਕਾਇਤ ਸਾਈਬਰ ਥਾਣੇ ਨੂੰ ਮਾਰਕ ਕੀਤੀ ਗਈ ਸੀ, ਜਿਸ ’ਤੇ ਸਾਈਬਰ ਟੀਮ ਨੇ ਸ਼ਿਕਾਇਤ ਦੀ ਜਾਂਚ ਕੀਤੀ। ਉਕਤ ਗਿਰੋਹ ਬਾਰੇ ਜਾਣਕਾਰੀ ਇਕੱਤਰ ਕਰ ਕੇ ਹੁਣ 1 ਲੱਖ 95 ਹਜ਼ਾਰ ਰੁਪਏ ਕਿਰਨਦੀਪ ਸਿੰਘ ਨੂੰ ਵਾਪਸ ਕਰਵਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਮੇਤ ਅਜਿਹੀਆਂ ਹੋਰ ਠੱਗੀਆਂ ਬਾਰੇ ਜਾਂਚ ਅਜੇ ਜਾਰੀ ਹੈ। ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਠੱਗਿਆ ਗਿਆ ਪੈਸਾ ਉਨ੍ਹਾਂ ਨੂੰ ਵਾਪਸ ਕਰਵਾਇਆ ਜਾਵੇ ਅਤੇ ਹੋਰ ਠੱਗੀਆਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਮਸ਼ਹੂਰ ਗਾਇਕ ’ਤੇ ਹਮਲਾ, 10 ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਨਲਾਈਨ ਠੱਗੀਆਂ ਤੋਂ ਬਚਣ ਲਈ ਕਿਸੇ ਨੂੰ ਵੀ ਆਪਣਾ ਓ. ਟੀ. ਪੀ. ਨਾਂ ਦੇਣ ਅਤੇ ਨਾ ਹੀ ਕੋਈ ਅਣ ਅਧਿਕਾਰਿਤ ਵੈਬਸਾਈਟ ਨੂੰ ਖੋਲ੍ਹਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ੱਕੀ ਕਾਲ ਆਉਂਦੀ ਹੈ ਤਾਂ ਉਸ ’ਤੇ ਵੀ ਗੱਲ ਨਾ ਕਰਨ ਅਤੇ ਨਾ ਹੀ ਕਿਸੇ ਵੱਲੋਂ ਭੇਜਿਆ ਸ਼ੱਕੀ ਲਿੰਕ ਓਪਨ ਕਰਨ। ਜੇਕਰ ਕਿਸੇ ਨਾਲ ਆਨਲਾਈਨ ਠੱਗੀ ਵੱਜਦੀ ਹੈ ਤਾਂ ਤੁਰੰਤ 1930 ਨੰਬਰ ਹੈਲਪਲਾਈਨ ’ਤੇ ਸੂਚਿਤ ਕੀਤਾ ਜਾਵੇ। ਦੂਜੇ ਪਾਸੇ ਪੈਸੇ ਵਾਪਸ ਮਿਲਣ ’ਤੇ ਕਿਰਨਦੀਪ ਸਿੰਘ ਨੇ ਐੱਸ. ਐੱਸ. ਪੀ. ਅਤੇ ਸਾਈਬਰ ਥਾਣੇ ਦੀ ਟੀਮ ਦਾ ਧੰਨਵਾਦ ਵੀ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਭੇਜਣ ਦੇ ਸੁਫ਼ਨੇ ਵਿਖਾ ਕੇ ਮਾਰੀ 16 ਲੱਖ ਦੀ ਠੱਗੀ, ਫ਼ਰਾਰ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ
NEXT STORY