ਬਠਿੰਡਾ (ਵਿਜੇ ਵਰਮਾ) : ਪੁਲਸ ਦੀ ਕਥਿਤ ਲਾਪਰਵਾਹੀ ਕਰ ਕੇ 27 ਸਾਲਾ ਨੌਜਵਾਨ ਦੀ ਜੇਲ੍ਹ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਬੀੜ ਤਲਾਬ ਨਿਵਾਸੀ ਛਿੰਦਰਪਾਲ ਦੇ ਰੂਪ ਵਿਚ ਹੋਈ ਹੈ, ਜੋ ਕੁੱਟਮਾਰ ਦੇ ਇਕ ਮਾਮਲੇ ’ਚ ਜੇਲ੍ਹ ’ਚ ਬੰਦ ਸੀ। ਸੋਮਵਾਰ ਅੱਧੀ ਰਾਤ ਲਗਭਗ ਡੇਢ ਵਜੇ ਉਸਦੀ ਅਚਾਨਕ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੁਆਂਢੀਆਂ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਸੀ ਪਰ ਪੁਲਸ ਨੇ ਕਾਰਵਾਈ ਕਰਨ ਦੀ ਬਜਾਏ ਉਲਟੇ ਉਸਦੇ ਪਰਿਵਾਰ ’ਤੇ ਹੀ ਕੇਸ ਦਰਜ ਕਰ ਕੇ ਛਿੰਦਰਪਾਲ ਨੂੰ ਜੇਲ੍ਹ ਭੇਜ ਦਿੱਤਾ।
ਥਾਣਾ ਸਦਰ ਇੰਚਾਰਜ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਛਿੰਦਰਪਾਲ ਦਾ ਗੁਆਂਢੀਆਂ ਨਾਲ ਵਿਵਾਦ ਹੋਇਆ ਸੀ, ਜਿਸ ’ਚ ਉਸਨੇ ਇਕ ਵਿਅਕਤੀ ਨੂੰ ਚੋਟਾਂ ਪਹੁੰਚਾਈਆਂ ਸਨ। ਇਸ ਦੇ ਆਧਾਰ ’ਤੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਨੂੰ ਜੇਲ੍ਹ ਭੇਜਿਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਥਾਣਾ ਕੈਂਟ ਇੰਚਾਰਜ ਦਿਲਜੀਤ ਸਿੰਘ ਬਰਾੜ ਨੇ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਨਿਆਂਇਕ ਮੈਜਿਸਟ੍ਰੇਟ ਦੀ ਹਾਜ਼ਰੀ ’ਚ ਕਰਵਾਇਆ ਗਿਆ ਹੈ ਅਤੇ ਬਿਆਨ ਵੀ ਦਰਜ ਕੀਤੇ ਗਏ ਹਨ।
ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸਦੀ ਇਕ ਛੋਟੀ ਬੇਟੀ ਹੈ ਅਤੇ ਉਸਨੂੰ ਇਨਸਾਫ਼ ਚਾਹੀਦਾ ਹੈ। ਉਸਦਾ ਦੋਸ਼ ਹੈ ਕਿ ਜੇਕਰ ਪੁਲਸ ਨੇ ਸਮੇਂ ’ਤੇ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੁੰਦੀ ਤਾਂ ਉਸਦੇ ਪਤੀ ਦੀ ਜਾਨ ਬਚ ਸਕਦੀ ਸੀ।
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਜਲੰਧਰ ਸੈਂਟਰਲ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਛਿੜੀ ਚਰਚਾ
NEXT STORY