ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ)—ਦੁਨੀਆ ਭਰ 'ਚ ਫੈਲ ਰਹੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਿੱਥੇ ਸਰਕਾਰ ਆਪਣੇ ਪੱਧਰ 'ਤੇ ਇਸ ਨਾਮੁਰਾਦ ਬਿਮਾਰੀ ਨੂੰ ਰੋਕਣ ਲਈ ਯਤਨ ਕਰ ਰਹੀ ਹੈ। ਉੱਥੇ ਹੀ ਅੱਜ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਵੱਲੋਂ ਜਿਲ੍ਹੇ ਦੀਆਂ ਪੇਂਡੂ ਡਿਸਪੈਂਸਰੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਉੱਥੇ ਹੀ ਉਨ੍ਹਾਂ ਨੇ ਵੱਖ-ਵੱਖ ਡਾਕਟਰਾਂ, ਸਟਾਫ ਮੈਂਬਰਾਂ ਅਤੇ ਆਮ ਲੋਕਾਂ ਨਾਲ ਮੁਲਾਕਾਤ ਕਰਕੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ 'ਚ ਆਪਣੇ ਘਰ ਹੀ ਬੈਠ ਕੇ ਆਪਣੇ ਪਰਿਵਾਰ ਨਾਲ ਵਕਤ ਬਿਤਾਇਆ ਜਾਵੇ ਅਤੇ ਵਿਆਹ-ਸ਼ਾਦੀਆਂ ਧਾਰਮਿਕ ਪ੍ਰੋਗਰਾਮਾਂ 'ਚ ਘੱਟ ਤੋਂ ਘੱਟ ਇੱਕਠ ਕੀਤਾ ਜਾਵੇ ਜਾਂ ਇਹ ਪ੍ਰੋਗਰਾਮਾਂ ਨੂੰ ਅੱਗੇ ਪਾਇਆ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਤੋਂ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕੋਈ ਵੀ ਇਨਫੈਕਸ਼ਨ ਹੋਣ ਉਪਰੰਤ ਨੇੜੇ ਦੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਸ: ਮੋਫਰ ਨੇ ਕਿਹਾ ਕਿ ਪ੍ਰਹੇਜ਼ 'ਚ ਹੀ ਇਸ ਬਿਮਾਰੀ ਤੋਂ ਆਮ ਲੋਕ ਬਚੇ ਰਹਿ ਸਕਦੇ ਹਨ। ਸਮੇਂ-ਸਮੇਂ ਤੇ ਆਪਣੇ ਹੱਥਾਂ ਨੂੰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਅੱਜ (22 ਮਾਰਚ) 'ਜਨਤਾ ਕਰਫਿਊ' ਦੌਰਾਨ ਜ਼ਿਲ੍ਹੇ ਦੇ ਲੋਕਾਂ ਵੱਲੋਂ ਦਿੱਤੇ ਸਮਰਥਨ ਤੇ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਲੋਕ ਜਾਗਰੂਕ ਹੋ ਕੇ ਅੱਗੇ ਵੀ ਸਰਕਾਰ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਅਤੇ ਸਰਕਾਰ ਦਾ ਵੱਧ ਤੋਂ ਵੱਧ ਸਾਥ ਦੇ ਕੇ ਪ੍ਰਸ਼ਾਸ਼ਨ ਅਤੇ ਸਿਹਤ ਮਹਿਕਮੇ ਦਾ ਪੂਰਾ ਸਹਿਯੋਗ ਕਰਨਗੇ।
ਡੇਰਾ ਬਾਬਾ ਹਰੀਦਾਸ ਹਵੇਲੀ ਵਾਲੇ ਬੀਰੋਕੇ ਕਲਾਂ ਦੇ ਗੱਦੀਨਸੀਨ ਮਹੰਤ ਸ਼ਾਂਤਾ ਨੰਦ ਜੀ ਦਾ ਕਹਿਣਾ ਹੈ ਕਿ ਬਹੁਤ ਹੀ ਖਤਰਨਾਕ ਅਤੇ ਭਿਆਨਕ ਕੋਰੋਨਾਵਾਇਰਸ 'ਤੇ ਕਾਬੂ ਪਾਉਣ ਲਈ ਲੋਕਾਂ ਨੂੰ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ 'ਚ ਹੀ ਜਨਤਾ ਦਾ ਵੱਡਾ ਬਚਾਅ ਹੈ। ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਸਾਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਹੈ ਅਤੇ 4-5 ਬੰਦੇ ਇੱਕਠੇ ਹੋਣ ਤੇ ਵੀ ਸੰਕੋਚ ਕਰਨਾ ਚਾਹੀਦਾ ਹੈ।
ਜਨਤਾ ਕਰਫਿਊ ’ਤੇ ਬੋਲੇ ਪੰਜਾਬੀ ਸਿਤਾਰੇ, ਦਿੱਤੀ ਆਪੋ ਆਪਣੀ ਰਾਏ
NEXT STORY