ਚੌਕੀਮਾਨ(ਜ. ਬ.)-ਸੰਤ ਬਾਬਾ ਚਰਨ ਦਾਸ ਜੀ ਦੇ ਤੱਪ ਸਥਾਨ ਤੇ ਬੇਟ ਇਲਾਕੇ ਭਰ 'ਚ ਸ਼ਰਧਾ ਦਾ ਕੇਂਦਰ ਗੁਰਦੁਆਰਾ ਝਿੜ੍ਹੀ ਸਾਹਿਬ ਸਵੱਦੀ ਕਲਾਂ ਵਿਖੇ ਕਈ ਦਿਨ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਹੋਣ ਦੀ ਘਟਨਾ ਸੰਬੰਧੀ ਚੱਲ ਰਹੀ ਚਰਚਾ ਨੂੰ ਅੱਜ ਉਚ ਪੁਲਸ ਅਧਿਕਾਰੀਆਂ ਦੀ ਟੀਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਵਚਨਬੱਧ ਏਕਨੂਰ ਖਾਲਸਾ ਫੌਜ ਦੇ ਸਿੰਘਾਂ ਦੁਆਰਾ ਘੋਖ ਕਰਨ ਤੋਂ ਬਾਅਦ ਸਮਾਪਤ ਕਰ ਦਿੱਤਾ ਹੈ। ਅੱਜ ਜਿਉਂ ਹੀ ਬੇਅਦਬੀ ਦੀ ਅਫਵਾਹ ਆਮ ਲੋਕਾਂ 'ਚ ਗਈ ਤਾਂ ਏਕਨੂਰ ਖਾਲਸਾ ਫੌਜ ਨਾਲ ਸੰਬੰਧਿਤ ਸਰਕਲ ਜਗਰਾਓਂ/ਰਾਏਕੋਟ ਪ੍ਰਧਾਨ ਜਥੇਦਾਰ ਮੋਹਣ ਸਿੰਘ ਬੰਗਸੀਪੁਰਾ, ਪ੍ਰਧਾਨ ਜਸਮੇਲ ਸਿੰਘ ਆਦਿ ਦੀ ਟੀਮ ਤੋਂ ਇਲਾਵਾ ਐੱਸ. ਪੀ. ਮਨਦੀਪ ਸਿੰਘ, ਡੀ. ਐੱਸ. ਪੀ. (ਡੀ) ਸਤਨਾਮ ਸਿੰਘ, ਡੀ. ਐੱਸ. ਪੀ. ਦਾਖਾ ਜਸਮੀਤ ਸਿੰਘ, ਐੱਸ. ਐੱਚ. ਓ. ਸਿੱਧਵਾਂ ਬੇਟ ਪਰਮਜੀਤ ਸਿੰਘ, ਏ. ਐੱਸ. ਆਈ. ਲਖਵੀਰ ਸਿੰਘ ਸਮੇਤ ਵੱਡੀ ਗਿਣਤੀ ਪੁਲਸ ਫੋਰਸ ਗੁਰਦੁਆਰਾ ਸਾਹਿਬ 'ਚ ਪਹੁੰਚੀ। ਪੁਲਸ ਅਧਿਕਾਰੀਆਂ ਦੁਆਰਾ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਾਸੋਂ ਪੜਤਾਲ ਕੀਤੀ ਗਈ। ਮੁੱਖ ਸੇਵਾਦਾਰ ਨੇ ਪਹਿਲਾਂ ਸੇਵਾ ਨਿਭਾਅ ਚੁੱਕੇ ਗ੍ਰੰਥੀ ਸਿੰਘਾਂ ਪਾਸੋਂ ਕੋਈ ਅਣਗਹਿਲੀ ਹੋਣ ਦੀ ਗੱਲ ਆਖੀ। ਫਿਰ ਪੁਲਸ ਅਧਿਕਾਰੀਆਂ ਦੁਆਰਾ ਗੁਰਦੁਆਰਾ ਕਮੇਟੀ ਦੇ ਸਮੁੱਚੇ ਅਹੁਦੇਦਾਰਾਂ ਨੂੰ ਜਾਂਚ ਲਈ ਬੁਲਾਇਆ। ਏਕਨੂਰ ਖਾਲਸਾ ਫੌਜ ਦੇ ਸੇਵਾਦਾਰ ਤੇ ਪੁਲਸ ਅਧਿਕਾਰੀਆਂ ਦੁਆਰਾ ਵੱਡੀ ਗਿਣਤੀ ਇਲਾਕਾ ਨਿਵਾਸੀ ਸੰਗਤਾਂ ਦੀ ਹਾਜ਼ਰੀ 'ਚ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਕੇ ਇਸ ਸੇਵਾ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ, ਮਾ. ਅਵਤਾਰ ਸਿੰਘ ਬਿੱਲੂ ਵਲੈਤੀਆ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਕਮੇਟੀ ਪਾਸ ਇਕ ਬਿਰਧ ਸਰੂਪ ਮੌਜੂਦ ਹੈ, ਜਿਸਦੀ ਸਹੀ ਸਾਂਭ-ਸੰਭਾਲ ਨਹੀਂ ਹੋ ਸਕੀ। ਜਿਸ ਕਾਰਨ ਅਜਿਹੀ ਸਥਿਤੀ ਉਤਪੰਨ ਹੋਈ ਹੈ। ਉਸ ਬਿਰਧ ਸਰੂਪ ਦੀ ਅਗਨ ਭੇਟ ਸੇਵਾ ਲਈ ਗੁਰਦੁਆਰਾ ਸਾਹਿਬ ਰਾਮਗੜ੍ਹ ਭੁੱਲਰ ਪਾਸੋਂ 19 ਜੁਲਾਈ ਦਾ ਸਮਾਂ ਲਿਆ ਹੋਇਆ ਹੈ, ਜੋ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਿਰਧ ਸਰੂਪ ਨੂੰ ਲਿਜਾ ਕੇ ਅਗਨ ਭੇਟ ਕਰਨਗੇ। ਗੁਰਦੁਆਰਾ ਕਮੇਟੀ ਨੇ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਬੇਅਦਬੀ ਦੀ ਘਟਨਾ ਦਾ ਝੂਠਾ ਪ੍ਰਚਾਰ ਕਰਨ ਵਾਲਿਆਂ ਦੀ ਨਿਖੇਧੀ ਕੀਤੀ। ਪੁਲਸ ਅਧਿਕਾਰੀਆਂ ਨੇ ਕਮੇਟੀ ਦਾ ਪੱਖ ਸੁਣਕੇ ਸੰਤੁਸ਼ਟੀ ਪ੍ਰਗਟ ਕੀਤੀ। ਪ੍ਰਧਾਨ ਜਗਦੇਵ ਸਿੰਘ ਤੇ ਖਜ਼ਾਨਚੀ ਮਾ. ਅਵਤਾਰ ਸਿੰਘ ਬਿੱਲੂ ਵਲੈਤੀਆ ਤੇ ਸਮੁੱਚੀ ਕਮੇਟੀ ਮੈਂਬਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਪਾਰ ਸ਼ਰਧਾ ਪ੍ਰਗਟ ਕਰਦੇ ਕਿਹਾ ਕਿ ਕਮੇਟੀ ਵੱਲੋਂ ਗੁਰੂ ਘਰ 'ਚ ਹਮੇਸ਼ਾ ਮਰਿਯਾਦਾ ਦਾ ਪਾਲਣ ਕੀਤਾ ਜਾਂਦਾ ਹੈ।
ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ
NEXT STORY