ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਪੰਜਾਬ ਦੀ ਸਿਆਸਤ ਵਿਚ ਅਹਿਮ ਸਥਾਨ ਰੱਖਣ ਵਾਲੇ ਜ਼ਿਲ੍ਹਾ ਬਰਨਾਲਾ ਵਿਚ ਨਗਰ ਨਿਗਮ ਚੋਣਾਂ ਦਾ ਬਿਗੁਲ ਵੱਜਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਇਸ ਵਾਰ ਦੀਆਂ ਚੋਣਾਂ ਖਾਸ ਖਿੱਚ ਦਾ ਕੇਂਦਰ ਇਸ ਲਈ ਹਨ ਕਿਉਂਕਿ ਬਰਨਾਲਾ ਹੁਣ ਨਗਰ ਕੌਂਸਲ ਤੋਂ ਤਰੱਕੀ ਕਰਕੇ ਨਗਰ ਨਿਗਮ ਬਣ ਚੁੱਕਾ ਹੈ, ਜਿਸ ਕਾਰਨ ਵਾਰਡਾਂ ਦੀ ਗਿਣਤੀ 31 ਤੋਂ ਵਧ ਕੇ 50 ਹੋ ਗਈ ਹੈ। ਇਸ ਬਦਲੇ ਹੋਏ ਸਿਆਸੀ ਸਮੀਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਖੁਦ ਮੈਦਾਨ ਵਿੱਚ ਉਤਰਨ ਦਾ ਫੈਸਲਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਵਾਰਡ ਨੰਬਰ 36: ਨਵੀਂ ਹੱਦਬੰਦੀ ਅਤੇ ਨਵੀਆਂ ਚੁਣੌਤੀਆਂ
ਨਵੀਂ ਹੱਦਬੰਦੀ ਦੇ ਅਨੁਸਾਰ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਵਾਰਡ ਨੰਬਰ 36 ਤੋਂ ਚੋਣ ਲੜਨਗੇ, ਜਿਸ ਵਿੱਚ ਕਿੱਲਾ ਮੁਹੱਲਾ, ਬਾਜਵਾ ਪੱਤੀ ਅਤੇ ਹੋਰ ਨੇੜਲੇ ਇਲਾਕੇ ਸ਼ਾਮਲ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਨਵੇਂ ਵਾਰਡਾਂ ਦੀ ਬਣਤਰ ਕਾਰਨ ਖੇਤਰ ਨਵਾਂ ਹੈ, ਪਰ ਲੋਕਾਂ ਨਾਲ ਉਨ੍ਹਾਂ ਦੀ ਸਾਂਝ ਬਹੁਤ ਪੁਰਾਣੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਗਰ ਨਿਗਮ ਬਣਨ ਨਾਲ ਸ਼ਹਿਰ ਦੇ ਵਿਕਾਸ ਲਈ ਵੱਡੇ ਫੰਡ ਆਉਣਗੇ ਅਤੇ ਉਹ ਇਨ੍ਹਾਂ ਫੰਡਾਂ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਖੁਦ ਚੋਣ ਲੜ ਰਹੇ ਹਨ।
ਸਿਆਸਤ ਤੋਂ ਇਲਾਵਾ, ਬਿੱਟੂ ਦੀਵਾਨਾ ਦਾ ਨਾਮ ਸਮਾਜ ਸੇਵਾ ਵਿਚ ਵੀ ਕਾਫੀ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ 'ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਬਰਨਾਲਾ' ਦੇ ਲਗਾਤਾਰ 6 ਵਾਰ ਪ੍ਰਧਾਨ ਰਹਿ ਚੁੱਕੇ ਹਨ। ਕਾਰੋਬਾਰ ਦੀ ਗੱਲ ਕਰੀਏ ਤਾਂ ਉਹ ਪਿਛਲੇ 24 ਸਾਲਾਂ ਤੋਂ ਬਰਨਾਲਾ ਅਤੇ ਦੀਵਾਨਾ ਦੀਆਂ ਮੰਡੀਆਂ ਵਿੱਚ ਆੜ੍ਹਤ ਦਾ ਕੰਮ ਕਰ ਰਹੇ ਹਨ, ਜਿਸ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਉਨ੍ਹਾਂ ਦੀ ਡੂੰਘੀ ਪਹੁੰਚ ਹੈ।
ਜ਼ਿਲ੍ਹਾ ਪ੍ਰਧਾਨ ਵਜੋਂ ਵੱਡੀ ਜ਼ਿੰਮੇਵਾਰੀ
ਬਿੱਟੂ ਦੀਵਾਨਾ ਸਿਰ ਸਿਰਫ਼ ਆਪਣੀ ਜਿੱਤ ਦਾ ਹੀ ਭਾਰ ਨਹੀਂ ਹੈ, ਸਗੋਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੇ ਬਰਨਾਲਾ, ਹੰਢਿਆਇਆ, ਤਪਾ ਅਤੇ ਭਦੌੜ ਵਰਗੇ ਇਲਾਕਿਆਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਤ ਦਿਵਾਉਣ ਦੀ ਰਣਨੀਤੀ ਵੀ ਤਿਆਰ ਕਰਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਵਿਕਾਸ ਦਾ ਮੁੱਦਈ ਰਿਹਾ ਹੈ ਅਤੇ ਇਸ ਵਾਰ ਵੀ ਲੋਕ ਵਿਕਾਸ ਦੇ ਨਾਂ 'ਤੇ ਹੀ ਵੋਟ ਪਾਉਣਗੇ।
ਉਨ੍ਹਾਂ ਦੇ ਚੋਣ ਮੈਦਾਨ ਵਿਚ ਆਉਣ ਨਾਲ ਬਰਨਾਲਾ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ। ਵਿਰੋਧੀ ਪਾਰਟੀਆਂ ਲਈ ਵੀ ਹੁਣ ਵਾਰਡ ਨੰਬਰ 36 ਵਿੱਚ ਮਜ਼ਬੂਤ ਉਮੀਦਵਾਰ ਉਤਾਰਨਾ ਇੱਕ ਵੱਡੀ ਗਿਣਤੀ ਚੁਣੌਤੀ ਬਣ ਗਿਆ ਹੈ। ਬਿੱਟੂ ਦੀਵਾਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਹ ਨਗਰ ਨਿਗਮ ਵਿੱਚ ਅਕਾਲੀ ਦਲ ਦਾ ਝੰਡਾ ਲਹਿਰਾਉਣ ਲਈ ਵਚਨਬੱਧ ਹਨ।
ਪੰਜਾਬ ਦੇ ਇਨ੍ਹਾਂ ਅਫ਼ਸਰਾਂ ਖ਼ਿਲਾਫ਼ ਹੋਵੇਗੀ FIR! ਜਾਣੋ ਕੀ ਹੈ ਪੂਰਾ ਮਾਮਲਾ
NEXT STORY