ਸੰਗਰੂਰ (ਜਨੂਹਾ, ਬਾਵਾ)- ਭਾਜਪਾ ਦੇ ਸੂਬਾਈ ਕਾਰਜਕਾਰੀ ਮੈਂਬਰ ਨਗਰ ਕੌਂਸਲ ਡਾ. ਸਰਜੀਵਨ ਜਿੰਦਲ ਸਾਬਕਾ ਪ੍ਰਧਾਨ ਨਗਰ ਕੌਂਸਲਰ ਸੰਗਰੂਰ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਦੀ ਨਖਿੱਧ ਸਰਕਾਰ ਹੈ ਕਿਉਂਕਿ ਮਹਿਕਮਾ ਸਥਾਨਕ ਸਰਕਾਰਾਂ ਪੰਜਾਬ ਰਾਮ-ਭਰੋਸੇ ਚੱਲ ਰਿਹਾ ਹੈ ਦਫਤਰ ’ਚ ਸਰਕਾਰੀ ਬਾਬੂਆਂ ਦੀਆਂ ਕੁਰਸੀਆਂ ਖਾਲੀ ਪਈਆਂ ਹਨ। ਸ਼ਹਿਰ ਵਾਸੀ ਕੰਮਕਾਜ ਲਈ ਉਨ੍ਹਾਂ ਦੀਆਂ ਦੇਹਲੀਆਂ ਰਗਡ਼ ਰਹੇ ਹਨ, ਲੋਕ ਨਕਸ਼ੇ ਪਾਸ ਕਰਾਉਣ ’ਤੇ ਟੈਕਸ ਭਰਨ ਭਰਾਉਣ ਲਈ ਦਫਤਰ ਗੇਡ਼ੇ ’ਤੇ ਗੇਡ਼ਾ ਮਾਰ ਰਹੇ ਹਨ ਪਰ ਦਫਤਰ ’ਚ ਕਾਰਜ ਸਾਧਕ ਅਫਸਰ ਆਰਜ਼ੀ ਤੌਰ ’ਤੇ ਲਾਇਆ ਗਿਆ ਹੈ ਜੋ ਮਰਜ਼ੀ ਅਨੁਸਾਰ ਦਫਤਰ ਆਉਣ ਜਾਣ ਕਰਦਾ ਹੈ। ਸ਼ਹਿਰ ਅੰਦਰ ਮੁੱਖ ਬਾਜ਼ਾਰਾਂ ’ਚ ਕੌਂਸਲ ਦੀ ਸਹਿਮਤੀ ਤੋਂ ਬਿਨਾਂ ਇਮਾਰਤਾਂ, ਮਾਲ, ਦੁਕਾਨ ਮਕਾਨ ਉਸਾਰੇ ਜਾ ਰਹੇ ਹਨ ਪਰ ਦਫਤਰ ਉਨ੍ਹਾਂ ਉਸਾਰੀਆਂ ਬਾਬਤ ਕੁੱਝ ਵੀ ਕਰਨ ਤੋਂ ਅਸਮਰੱਥ ਹੈ। ਡਾ. ਜਿੰਦਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਥਾਨਕ ਦਫਤਰ ਲਈ ਕਾਰਜ ਸਾਧਕ ਦੀ ਖਾਲੀ ਅਸਾਮੀ ’ਤੇ ਹੋਰ ਅਮਲੇ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ । ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਚਰਨਜੀਤ ਸਿੰਘ ਲੱਕੀ, ਭਾਜਪਾ ਦੇ ਨਗਰ ਕੌਂਸਲਰ ਵਿਨੋਦ ਕੁਮਾਰ ਬੋਦੀ, ਅਕਾਲੀ ਕੌਂਸਲਰ ਜੋਗੀ ਰਾਮ ਲੋਹਟ ਅਤੇ ਅਕਾਲੀ ਦਲ ਦੇ ਯੂਥ ਆਗੂ ਚੰਦਨਦੀਪ ਸਿੰਘ ਮਹਿਕ ਮੌਜੂਦ ਸਨ। ਇਸ ਸਬੰਧੀ ਜਦੋਂ ਆਰਜ਼ੀ ਤੌਰ ’ਤੇ ਤਾਇਨਾਤ ਕਾਰਜ ਸਾਧਕ ਅਫਸਰ ਬਰਾਡ਼ ਨਾਲ ਫ਼ੋਨ ’ਤੇ ਗੱਲ ਕਰ ਕੇ ਉਨ੍ਹਾਂ ਦਾ ਪੱਖ ਪੁੱਛਣਾ ਚਾਹਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਨਗਰ ਕੌਂਸਲ ਦੇ ਪ੍ਰਧਾਨ ਅਕਾਲੀ ਆਗੂ ਰਿਪੁਦਮਨ ਸਿੰਘ ਢਿੱਲੋਂ ਨੇ ਇਸ ਵਿਸ਼ੇ ਸਬੰਧੀ ਆਪਣਾ ਪੱਖ ਦੱਸਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਬੰਧਤ ਉੱਚ ਅਫਸਰਾਂ ਨੂੰ ਕੌਂਸਲ ਦਫਤਰ ਵਿਖੇ ਸਰਕਾਰੀ ਬਾਬੂਆਂ ਦੀ ਘਾਟ ਬਾਰੇ ਜਾਣੂ ਕਰਵਾ ਕੇ ਮੰਗ ਕੀਤੀ ਗਈ ਹੈ ਕਿ ਦਫਤਰ ਲਈ ਕਾਰਜ ਸਾਧਕ ਅਫਸਰ ਤੇ ਹੋਰ ਅਸਾਮੀਆਂ ਸਥਾਈ ਤੌਰ ’ਤੇ ਭਰੀਆਂ ਜਾਣ ਪਰ ਅਜੇ ਤੱਕ ਉਨ੍ਹਾਂ ਦੀ ਮੰਗ ਨੂੰ ਬੂਰ ਨਹੀਂ ਪਿਆ। ਸ. ਢਿੱਲੋਂ ਨੇ ਇਹ ਵੀ ਕਿਹਾ ਕਿ ਨਗਰ ਕੌਂਸਲ ’ਤੇ ਅਕਾਲੀ-ਭਾਜਪਾ ਦਾ ਕਬਜ਼ਾ ਹੈ, ਸਰਕਾਰ ਇਸ ਲਈ ਇਸ ਦਫਤਰ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਨਗਰ ਕੌਂਸਲ ਦੇ ਕੰਮ-ਕਾਜ ਬਾਰੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਆਈ. ਏ. ਐੱਸ. ਨੇ ਉਕਤ ਵਿਸ਼ੇ ਬਾਬਤ ਕਿਹਾ ਕਿ ਕਾਰਜ ਸਾਧਕ ਅਫ਼ਸਰ ਦੀ ਕਮੀ ਕਾਰਨ ਨਗਰ ਕੌਂਸਲ ਦਾ ਕਾਫ਼ੀ ਕੰਮ ਕਾਜ ਰੁਕਿਆ ਪਿਆ ਹੈ ਇਸ ਲਈ ਉਹ ਵੀ ਸਰਕਾਰ ਨੂੰ ਲਿਖਣਗੇ ਕਿ ਇੱਥੇ ਕਿਸੇ ਕਾਰਜ ਸਾਧਕ ਅਫ਼ਸਰ ਦਾ ਤਬਾਦਲਾ ਸਥਾਈ ਤੌਰ ’ਤੇ ਕੀਤੇ ਜਾਵੇ।
ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ 'ਤੇ 4 ਖਿਲਾਫ ਮਾਮਲਾ ਦਰਜ
NEXT STORY