ਜਿਹੋ ਜਿਹੇ ਅੱਜ ਹਾਲਾਤ ਹਨ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਚਾਰ ਦਾ ਤਰੀਕਾ 1994 ਤੋਂ 2003 ਤਕ ਉਨ੍ਹਾਂ ਦੇ ਪੁਰਾਣੇ ਸਬੰਧਾਂ ਦੇ ਇਸਤੇਮਾਲ ’ਤੇ ਕੇਂਦ੍ਰਿਤ ਰਹੇਗਾ, ਜਦੋਂ ਉਹ ਸੂਬੇ ’ਚ ਭਾਜਪਾ ਦੇ ਇੰਚਾਰਜ ਸਨ।
ਇਸ ਦੇ ਉਲਟ ਰਾਹੁਲ ਗਾਂਧੀ ਹਿਮਾਚਲ ਪ੍ਰਦੇਸ਼ ਸਮੇਤ ਸਾਰੇ ਸੂਬਿਅਾਂ ’ਚ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਹੋਣਗੇ, ਜਿਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਸ ਪਹਾੜੀ ਸੂਬੇ ਨਾਲ ਨਿੱਜੀ ਸਬੰਧਾਂ, ਜਿਨ੍ਹਾਂ ਨੇ 1971 ’ਚ ਇਸ ਨੂੰ ਸੂਬੇ ਦਾ ਦਰਜਾ ਦਿੱਤਾ ਸੀ ਅਤੇ ਰਿਜ ਮੈਦਾਨ ’ਤੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਸੀ, ਦਾ ਹਵਾਲਾ ਦੇ ਕੇ ਮੋਦੀ ਵਲੋਂ ਇਥੋਂ ਦੇ ਲੋਕਾਂ ਨਾਲ ਸਿੱਧੇ ਸਬੰਧ ਕਾਇਮ ਕਰਨ ਦੇ ਯਤਨਾਂ ਦਾ ਮੁਕਾਬਲਾ ਕਰਨਗੇ। ਰਾਹੁਲ ਗਾਂਧੀ ਨੇ ਪਹਿਲਾਂ ਵੀ ਅਜਿਹਾ ਕੀਤਾ ਹੈ, ਜਦੋਂ ਉਨ੍ਹਾਂ ਨੇ ਸੂਬੇ ਦੇ ਲੋਕਾਂ ਨਾਲ ਆਪਣੇ ਪਰਿਵਾਰ ਦੇ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਸੀ।
ਹਿਮਾਚਲ ਨੂੰ ਮੋਦੀ ਵਲੋਂ ਮਾਲੀ ਸਹਾਇਤਾ
ਮੌਜੂਦਾ ਸਥਿਤੀਅਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਇਦ ਪਹਾੜੀ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਣਗੇ ਕਿਉਂਕਿ ਕੇਂਦਰ ਸਰਕਾਰ ਨੇ ਇਕ ਸਾਲ ਦੌਰਾਨ ਹਿਮਾਚਲ ਨੂੰ 9000 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ, ਜੋ 50,000 ਕਰੋੜ ਰੁਪਏ ਦੇ ਬਜਟ ਘਾਟੇ ਦੇ ਬੋਝ ਹੇਠ ਦੱਬਿਆ ਹੋਇਆ ਹੈ।
ਮੋਦੀ ਨੇ ਹਿਮਾਚਲ ਵਾਸੀਅਾਂ ਨਾਲ ਆਪਣੇ ਪੁਰਾਣੇ ਸਬੰਧ ਮੁੜ ਸੁਰਜੀਤ ਕਰਨ ਦੇ ਇਰਾਦਿਅਾਂ ਦਾ ਵੱਡਾ ਸਬੂਤ ਉਦੋਂ ਦਿੱਤਾ, ਜਦੋਂ ਉਨ੍ਹਾਂ ਨੇ ਜੈਰਾਮ ਸਰਕਾਰ ਦਾ ਇਕ ਸਾਲ ਪੂਰਾ ਹੋਣ ਦੇ ਸੰਦਰਭ ’ਚ ਭਾਜਪਾ ਵਲੋਂ ਪਿਛਲੇ ਦਿਨੀਂ ਧਰਮਸ਼ਾਲਾ ’ਚ ਆਯੋਜਿਤ ‘ਜਨ ਆਭਾਰ’ ਰੈਲੀ ਨੂੰ ਸੰਬੋਧਨ ਕੀਤਾ ਸੀ।
ਲੋਕਾਂ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦੇ ਮੋਦੀ ਦੇ ਯਤਨਾਂ ਦੀ ਸਮੀਖਿਆ ਕਰਨਾ ਢੁੱਕਵਾਂ ਹੋਵੇਗਾ। ਉਨ੍ਹਾਂ ਨੇ ਆਪਣੇ ਉਦਾਰ ਵਰਤਾਓ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ, ਜੋ ਮਾਲੀ ਸਹਾਇਤਾ ’ਚ ਵਾਧੇ ਤੋਂ ਸਪੱਸ਼ਟ ਹੈ, ਜਿਸ ਨੂੰ 2013 ’ਚ 2100 ਕਰੋੜ ਰੁਪਏ ਤੋਂ ਵਧਾ ਕੇ 2017 ’ਚ 7200 ਕਰੋੜ ਰੁਪਏ ਕਰ ਦਿੱਤਾ ਗਿਆ।
ਮੋਦੀ ਦੇ ਭਾਸ਼ਣ ’ਚ ਕੁਝ ਖਾਸੀਅਤਾਂ ਸਨ, ਜੋ ਹਿਮਾਚਲੀਅਾਂ ਨਾਲ ਉਨ੍ਹਾਂ ਦੀ ਨੇੜਤਾ ਨੂੰ ਦਰਸਾਉਂਦੀਅਾਂ ਸਨ। ਪਹਿਲੀ–ਪ੍ਰਧਾਨ ਮੰਤਰੀ ਨੇ ਆਪਣੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ, ਜਦੋਂ ਉਨ੍ਹਾਂ ਨੇ ਇਹ ਖੁਲਾਸਾ ਕੀਤਾ ਕਿ ਪਾਰਟੀ ਇੰਚਾਰਜ ਹੋਣ ਦੇ ਨਾਤੇ ਉਨ੍ਹਾਂ ਨੇ ਕਈ ਯੂਥ ਆਗੂਅਾਂ ਨਾਲ ਕੰਮ ਕੀਤਾ ਸੀ, ਜਿਨ੍ਹਾਂ ਨੇ ਸਰਕਾਰ ਤੇ ਸੰਗਠਨ ’ਚ ਉੱਚ ਅਹੁਦੇ ਹਾਸਿਲ ਕੀਤੇ ਅਤੇ ਹੁਣ ਉਨ੍ਹਾਂ ਨੂੰ ਪਹਿਲੀ ਕਤਾਰ ’ਚ ਬੈਠੇ ਦੇਖਿਆ ਜਾ ਸਕਦਾ ਹੈ।
ਮੋਦੀ ਨੇ ਮੁਸ਼ਕਿਲ ਪਹਾੜੀ ਖੇਤਰਾਂ ’ਚ ਆਪਣੇ ਦੌਰਿਅਾਂ ਨੂੰ ਯਾਦ ਕੀਤਾ, ਜਿਥੇ ਉਹ ਪਾਰਟੀ ਵਰਕਰਾਂ ਵਲੋਂ ਚਲਾਏ ਜਾਂਦੇ ‘ਰੈਸਟ ਹਾਊਸਾਂ’ ਵਿਚ ਰਾਤ ਨੂੰ ਠਹਿਰਦੇ ਸਨ। ਉਹ ਮਹਿਸੂਸ ਕਰਦੇ ਹਨ ਕਿ ਹੁਣ ਇਹ ਧਾਰਨਾ ਹਿਮਾਚਲ ਪ੍ਰਦੇਸ਼ ’ਚ ਵਿਦੇਸ਼ੀ ਅਤੇ ਘਰੇਲੂ ਸੈਲਾਨੀਅਾਂ ਨੂੰ ਆਕਰਸ਼ਿਤ ਕਰਨ ਲਈ ਵਿਆਪਕ ਰੂਪ ਅਖਤਿਆਰ ਕਰ ਗਈ ਹੈ।
ਮੋਦੀ ਦੇ ਪ੍ਰਚਾਰ ਦਾ ਮੁੱਖ ਖੇਤਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਸਹਾਇਤਾ ਨਾਲ ਨਿਰਵਿਘਨ ਚੋਣ ਰਣਨੀਤੀ ਬਣਾ ਕੇ ਜੋੜਿਆ ਜਾਵੇਗਾ, ਜਿਸ ਨੂੰ ਆਰ. ਐੱਸ. ਐੱਸ. ਦੇ ਸਰਗਰਮ ਵਰਕਰਾਂ ਦੀ ਮਦਦ ਵੀ ਮਿਲੇਗੀ। ਕੋਈ ਵੀ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦਾ ਕਿ 2017 ਦੀਅਾਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ’ਚ ਆਰ. ਐੱਸ. ਐੱਸ. ਨੇ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਹਿਮਾਚਲ ’ਚ ਹਰੇਕ 5 ਸਾਲਾਂ ਬਾਅਦ ਸਰਕਾਰਾਂ ਬਦਲ-ਬਦਲ ਕੇ ਆਉਣ ਦੇ ਇਤਿਹਾਸ ਨਾਲ ਸੱਤਾ ਵਿਰੋਧੀ ਲਹਿਰ ਵੀ ਸਿਖਰਾਂ ’ਤੇ ਸੀ, ਜਿਸ ਨੇ ਕਾਂਗਰਸ ਦੀਅਾਂ ਮੁਸ਼ਕਿਲਾਂ ’ਚ ਹੋਰ ਵਾਧਾ ਕਰ ਦਿੱਤਾ।
ਮੋਦੀ ਦਾ ਚੋਣ ਪ੍ਰਚਾਰ ਸ਼ਾਇਦ ਮੁੱਖ ਤੌਰ ’ਤੇ ਕੇਂਦਰ ਸਰਕਾਰ ਦੀਅਾਂ ਪ੍ਰਾਪਤੀਅਾਂ ’ਤੇ ਕੇਂਦ੍ਰਿਤ ਹੋਵੇਗਾ ਪਰ ਉਹ ਸ਼ਾਇਦ ਸੂਬਾ ਸਰਕਾਰ ਦੇ ਭਲਾਈ ਪ੍ਰੋਗਰਾਮਾਂ ਤੇ ਪ੍ਰਾਜੈਕਟਾਂ ਨੂੰ ਵੀ ਛੂਹਣਗੇ।
ਰਾਹੁਲ ਗਾਂਧੀ ਦਾ ਚੋਣ ਪ੍ਰਚਾਰ
ਦੂਜੇ ਪਾਸੇ ਰਾਹੁਲ ਗਾਂਧੀ ਦੀ ਹਮਲਾਵਰਤਾ ਅਤੇ ਪ੍ਰਧਾਨ ਮੰਤਰੀ ’ਤੇ ਸਿੱਧਾ ਨਿਸ਼ਾਨਾ ਲਾਉਣ ਵਾਲਾ ਨਵਾਂ ‘ਅਵਤਾਰ’ 2019 ਦੇ ਚੋਣ ਪ੍ਰਚਾਰ ’ਚ ਦਿਖਾਈ ਦੇਵੇਗਾ। ਰਾਹੁਲ ਗਾਂਧੀ ਦਾ ਇਹ ਰੂਪ ਹੁਣੇ-ਹੁਣੇ ਹੋਈਅਾਂ 5 ਸੂਬਿਅਾਂ ਦੀਅਾਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਦੇਖਿਆ ਗਿਆ, ਜਿਨ੍ਹਾਂ ’ਚੋਂ 3 ਸੂਬੇ ਕਾਂਗਰਸ ਨੇ ਭਾਜਪਾ ਤੋਂ ਖੋਹ ਲਏ। ਕਾਂਗਰਸ ਪ੍ਰਧਾਨ ਦੀ ਚੋਣ ਮੁਹਿੰਮ ਸ਼ਾਇਦ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ ਦੀਅਾਂ ਨਾਕਾਮੀਅਾਂ ਦੁਆਲੇ ਘੁੰਮੇਗੀ, ਖਾਸ ਕਰਕੇ ਕਿਸਾਨਾਂ ਦੀਅਾਂ ਸਮੱਸਿਆਵਾਂ ਅਤੇ 2014 ਦੇ ਚੋਣ ਵਾਅਦੇ ਪੂਰੇ ਕਰਨ ’ਚ ਅਸਫਲਤਾ ਨੂੰ ਲੈ ਕੇ।
ਮੋਦੀ ਵਲੋਂ ਹਿਮਾਚਲ ਲਈ ਵਿਸ਼ੇਸ਼ ਉਦਯੋਗਿਕ ਪੈਕੇਜ ਦਾ ਐਲਾਨ ਕਰਨ ਨੂੰ ਲੈ ਕੇ ਅਣਇੱਛਾ ਦੇ ਵੀ 2019 ਦੀਅਾਂ ਚੋਣਾਂ ’ਚ ਮੁੱਖ ਤੌਰ ’ਤੇ ਉੱਭਰਨ ਦੀ ਸੰਭਾਵਨਾ ਹੈ ਪਰ ਰਾਹੁਲ ਗਾਂਧੀ ਦੀ ਪ੍ਰਚਾਰ ਮੁਹਿੰਮ ’ਤੇ ਪਾਰਟੀ ’ਚ ਚੱਲ ਰਹੀ ਅੰਦਰੂਨੀ ਲੜਾਈ, ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਵਿਚਾਲੇ ਚੱਲ ਰਹੀ ਖਹਿਬਾਜ਼ੀ ਉਲਟਾ ਅਸਰ ਪਾਏਗੀ।
ਪ੍ਰਚਾਰ ਕਰਨ ਦੇ ਤਰੀਕਿਅਾਂ ਨਾਲ ਹੋਵੇਗਾ ਲਾਭ ਪਰ...
ਸਿਆਸੀ ਆਬਜ਼ਰਵਰ ਮਹਿਸੂਸ ਕਰਦੇ ਹਨ ਕਿ ਮੋਦੀ ਅਤੇ ਰਾਹੁਲ ਦੇ ਪ੍ਰਚਾਰ ਕਰਨ ਦੇ ਤਰੀਕੇ ਸ਼ਾਇਦ ਭਾਜਪਾ ਤੇ ਕਾਂਗਰਸ ਨੂੰ ਲਾਭ ਪਹੁੰਚਾਉਣਗੇ ਪਰ ਅਸਲੀ ਤਸਵੀਰ ਮਹਾਗੱਠਜੋੜ ਬਣਾਉਣ ਲਈ ਖੇਤਰੀ ਪਾਰਟੀਅਾਂ ਦੇ ਇਕਜੁੱਟ ਹੋਣ ’ਚ ਸਫਲਤਾ ਜਾਂ ਅਸਫਲਤਾ ਤੋਂ ਬਾਅਦ ਹੀ ਉੱਭਰੇਗੀ, ਜੋ ਰਾਜਗ ਲਈ ਇਕ ਗੰਭੀਰ ਚੁਣੌਤੀ ਹੋਵੇਗੀ।
ਆਬਜ਼ਰਵਰਾਂ ਦੀ ਇਹ ਵੀ ਰਾਏ ਹੈ ਕਿ ਆਪਣੀ ਹਰਮਨਪਿਆਰਤਾ ਕਾਰਨ ਮੋਦੀ ਆਪਣੇ ਪ੍ਰਚਾਰ ਨੂੰ ਰਾਸ਼ਟਰਪਤੀ ਸਟਾਈਲ ’ਚ ਬਦਲ ਸਕਦੇ ਹਨ, ਜਦਕਿ ਰਾਹੁਲ ਗਾਂਧੀ ਵੋਟ ਪ੍ਰਤੀਸ਼ਤ ਦੇ ਗਣਿਤ ਦੇ ਆਧਾਰ ’ਤੇ ਭਾਜਪਾ ਨੂੰ ਹਰਾਉਣ ਦਾ ਮਾਮਲਾ ਖੇਤਰੀ ਸਹਿਯੋਗੀਅਾਂ ’ਤੇ ਛੱਡ ਸਕਦੇ ਹਨ ਅਤੇ ਫਿਰ ਰਾਜਗ ਦੇ ਬਦਲ ਵਜੋਂ ਇਕ ਚੋਣ ਬਾਅਦ ਦੀ ਤਸਵੀਰ ਨੂੰ ਤਰਜੀਹ ਦੇ ਸਕਦੇ ਹਨ ਪਰ ਅਸਲੀ ਦ੍ਰਿਸ਼ ਸੰਸਦੀ ਚੋਣਾਂ ਦੀਅਾਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਉੱਭਰੇਗਾ ਕਿਉਂਕਿ ਇਹ ‘ਮਹਾਗੱਠਜੋੜ’ ਦੇ ਅਮਲੀ ਰੂਪ ’ਚ ਆਉਣ ਨਾਲ ਜੁੜਿਆ ਹੋਇਆ ਹੈ।
kstomar7@gmail.com
ਕੀ ਇੰਝ ਭਾਰਤ ’ਚ ਲੋਕਤੰਤਰ ਬਚਿਆ ਰਹੇਗਾ
NEXT STORY