ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਲਈ ਸਰਕਾਰਾਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ, ਜੋ ਕਈ ਵਾਰ ਉਨ੍ਹਾਂ ਲਈ ਸਿਰਦਰਦੀ ਦਾ ਕਾਰਨ ਵੀ ਬਣ ਜਾਂਦੀ ਹੈ। ਕਦੇ-ਕਦੇ ਇਹ ਸਮੱਸਿਆ ਬਹੁਤ ਗੰਭੀਰ ਬਣ ਜਾਂਦੀ ਹੈ, ਜਦੋਂ ਗੁਆਂਢੀ ਦੇਸ਼ ਦੁਸ਼ਮਣ ਦੀ ਭੂਮਿਕਾ 'ਚ ਇਕ-ਦੂਜੇ ਵਿਰੁੱਧ ਡੂੰਘੀਆਂ ਸਾਜ਼ਿਸ਼ਾਂ ਰਚਣ 'ਤੇ ਉਤਰ ਆਉਂਦੇ ਹਨ। ਦੂਜੀ ਸੰਸਾਰ ਜੰਗ ਤੋਂ ਬਾਅਦ ਸਰਹੱਦ ਦੀਆਂ ਸਮੱਸਿਆਵਾਂ ਯੂਰਪ ਦੀ ਵੰਡ ਕਾਰਨ ਨਵੇਂ ਸਿਰਿਓਂ ਉੱਭਰੀਆਂ ਤੇ ਬਰਲਿਨ ਦੀ ਪ੍ਰਸਿੱਧ ਕੰਧ ਸਰਹੱਦ ਸੀਲ ਕਰਨ ਲਈ ਉਸਾਰਨੀ ਪਈ। ਦੁਨੀਆ 'ਚ ਅਜਿਹਾ ਕੋਈ ਵੀ ਦੇਸ਼ ਨਹੀਂ ਹੋਵੇਗਾ, ਜਿਸ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹੋਣ।
ਭਾਰਤ-ਪਾਕਿ ਵਿਚਾਲੇ ਕੌੜੇ ਰਿਸ਼ਤਿਆਂ ਕਾਰਨ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ 'ਚ ਛਾਈਆਂ ਰਹਿੰਦੀਆਂ ਹਨ। ਭਾਰਤ ਕਰੋੜਾਂ ਰੁਪਏ ਖਰਚ ਕਰ ਕੇ ਵੀ ਆਪਣੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਨਹੀਂ ਕਰ ਸਕਿਆ।
ਪੰਜਾਬ 'ਚ ਹਿੰਸਕ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਭਾਰਤ-ਪਾਕਿ ਸਰਹੱਦ ਗਰਮਾ-ਗਰਮ ਬਹਿਸ ਦਾ ਵਿਸ਼ਾ ਵੀ ਜ਼ਰੂਰ ਰਹੀ। ਕਈ ਵਾਰ ਅਜਿਹਾ ਲੱਗਦਾ ਸੀ ਕਿ ਹਥਿਆਰਾਂ ਦੀ ਸਮੱਗਲਿੰਗ ਕਾਰਨ ਵਧਦੇ ਤਣਾਅ ਨੂੰ ਦੇਖਦਿਆਂ ਦੋਵੇਂ ਦੇਸ਼ ਜੰਗ ਦੇ ਮੁਹਾਣੇ 'ਤੇ ਖੜ੍ਹੇ ਹਨ।
ਬੀ. ਐੱਸ. ਐੱਫ. ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਭਾਰਤ ਨੇ ਹਿੰਦ-ਪਾਕਿ ਸਰਹੱਦ 'ਤੇ ਚੌਕਸੀ ਬਹੁਤ ਵਧਾ ਦਿੱਤੀ ਹੈ। ਖਾਸ ਕਰ ਕੇ ਪੰਜਾਬ ਨਾਲ ਲੱਗਦੀ 554 ਕਿਲੋਮੀਟਰ ਲੰਬੀ ਸਰਹੱਦ 'ਤੇ ਬੀ. ਐੱਸ. ਐੱਫ. ਦੇ ਜਵਾਨਾਂ ਦੀ ਗਿਣਤੀ 'ਚ ਭਾਰੀ ਵਾਧਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਗਿਆ ਹੈ, ਜਿਨ੍ਹਾਂ 'ਚ ਰਾਤ ਨੂੰ ਅਤੇ ਸੰਘਣੀ ਧੁੰਦ 'ਚ ਵੀ ਦੇਖ ਸਕਣ ਵਾਲੇ ਯੰਤਰ ਸ਼ਾਮਿਲ ਹਨ।
ਆਧੁਨਿਕ ਹਥਿਆਰ ਮੁਹੱਈਆ ਹੋਣ ਕਾਰਨ ਉਹ ਹੁਣ ਘੁਸਪੈਠੀਆਂ ਤੇ ਸਮੱਗਲਰਾਂ ਦਾ ਆਸਾਨੀ ਨਾਲ ਮੁਕਾਬਲਾ ਕਰ ਸਕਦੇ ਹਨ। ਫਲੱਡ ਲਾਈਟਾਂ, ਮਰਕਰੀ ਬੱਲਬ, ਦੂਰਬੀਨਾਂ ਆਦਿ ਵੀ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ 500 ਮੀਟਰ ਦਾਇਰੇ ਦੇ ਸਰਹੱਦੀ ਖੇਤਰਾਂ 'ਚ ਰਾਤ ਦੇ ਸਮੇਂ ਕਰਫਿਊ ਲਾ ਦਿੱਤਾ ਜਾਂਦਾ ਹੈ। ਇਸ ਖੇਤਰ 'ਚ ਬੀ. ਐੱਸ. ਐੱਫ. ਦੀ ਇਜਾਜ਼ਤ ਤੋਂ ਬਿਨਾਂ ਦਿਨ ਵੇਲੇ ਵੀ ਕੋਈ ਕਿਸਾਨ ਕੰਡਿਆਲੀਆਂ ਤਾਰਾਂ ਦੇ ਪਾਰ ਆਪਣੇ ਖੇਤਾਂ ਤਕ ਨਹੀਂ ਪਹੁੰਚ ਸਕਦਾ। ਇਸ ਦੇ ਲਈ ਕਿਸਾਨਾਂ ਨੂੰ ਪਛਾਣ-ਪੱਤਰ ਜਾਰੀ ਕੀਤੇ ਗਏ ਹਨ।
ਗ੍ਰਹਿ ਵਿਭਾਗ ਭਾਰਤੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਨ ਲਈ ਹੋਰ ਕਈ ਵਿਆਪਕ ਯੋਜਨਾਵਾਂ ਬਣਾ ਰਿਹਾ ਹੈ। ਭਾਰਤੀ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਕੰਡਿਆਲੀ ਤਾਰ ਲੱਗਣ ਤੋਂ ਬਾਅਦ ਜਿਸ ਤਰ੍ਹਾਂ ਸਰਹੱਦ ਸੀਲ ਹੋਣ ਦੀਆਂ ਉਮੀਦਾਂ ਸਨ, ਉਸ ਦੇ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ। ਸੁਰੱਖਿਆ ਫੋਰਸਾਂ ਦੇ ਈਮਾਨਦਾਰ ਯਤਨਾਂ ਅਤੇ ਕੰਡਿਆਲੀ ਤਾਰ ਲੱਗਣ ਦੇ ਬਾਵਜੂਦ ਸਰਹੱਦ ਪੂਰੀ ਤਰ੍ਹਾਂ ਗੈਰ-ਕਾਨੂੰਨੀ ਆਵਾਜਾਈ ਤੋਂ ਮੁਕਤ ਨਹੀਂ ਹੋ ਸਕੀ।
ਸਰਕਾਰ ਤੇ ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਘੁਸਪੈਠੀਆਂ ਤੇ ਸਮੱਗਲਰਾਂ ਦਾ ਕੰਮ ਥੋੜ੍ਹਾ ਮੁਸ਼ਕਿਲ ਜ਼ਰੂਰ ਹੋ ਗਿਆ ਹੈ ਪਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਰੋਕਣ ਦੇ ਮਾਮਲੇ 'ਚ ਅਜੇ ਅਸੀਂ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ ਹਾਂ। ਕਈ ਜੂਨੀਅਰ ਅਫਸਰਾਂ ਦਾ ਕਹਿਣਾ ਹੈ ਕਿ ਕੰਡਿਆਲੀ ਤਾਰ ਲਾਉਣ ਦੇ ਨਾਲ-ਨਾਲ ਵਧੀਆ ਰੱਖਿਆ ਸਾਜ਼ੋ-ਸਾਮਾਨ ਕਿਤੇ ਚੰਗੇ ਨਤੀਜੇ ਲਿਆ ਸਕਦਾ ਹੈ। ਕਈ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ 12-14 ਫੁੱਟ ਉੱਚੀ ਕੰਡਿਆਲੀ ਤਾਰ ਲੋਹੇ ਦੀਆਂ ਵਿਸ਼ੇਸ਼ ਪੌੜੀਆਂ ਨਾਲ ਸਹਿਜੇ ਹੀ ਪਾਰ ਕੀਤੀ ਜਾ ਸਕਦੀ ਹੈ, ਹਾਲਾਂਕਿ ਰਾਤ ਦੇ ਸਮੇਂ ਇਨ੍ਹਾਂ ਤਾਰਾਂ 'ਚ ਬਿਜਲੀ ਦਾ ਹਾਈ ਵੋਲਟੇਜ ਕਰੰਟ ਛੱਡਿਆ ਜਾਂਦਾ ਹੈ।
ਕੰਡਿਆਲੀ ਤਾਰ ਲੱਗਣ ਤੋਂ ਬਾਅਦ ਸਮੱਗਲਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦਾ ਜ਼ਿਆਦਾਤਰ ਮਾਲ ਜਾਂ ਤਾਂ ਫੜਿਆ ਗਿਆ ਜਾਂ ਫਿਰ ਸਮੱਗਲਰ ਬੀ. ਐੱਸ. ਐੱਫ. ਦੇ ਜਵਾਨਾਂ ਦੀ ਕਾਰਵਾਈ 'ਚ ਢੇਰ ਹੋ ਗਏ। ਗ੍ਰਹਿ ਵਿਭਾਗ ਨੇ ਜੋ ਅੰਕੜੇ ਪੇਸ਼ ਕੀਤੇ ਹਨ, ਉਹ ਕਾਫੀ ਹੈਰਾਨ ਕਰਨ ਵਾਲੇ ਹਨ : 2016-17 (ਅਪ੍ਰੈਲ ਤਕ) ਬੀ. ਐੱਸ. ਐੱਫ. ਵਲੋਂ ਸਰਹੱਦੀ ਖੇਤਰਾਂ 'ਚ 6000 ਤੋਂ ਜ਼ਿਆਦਾ ਘੁਸਪੈਠੀਆਂ ਨੂੰ ਢੇਰ ਕੀਤਾ ਜਾ ਚੁੱਕਾ ਹੈ ਤੇ ਵੱਡੇ ਪੱਧਰ 'ਤੇ ਨਾਜਾਇਜ਼ ਹਥਿਆਰ ਤੇ ਨਸ਼ੀਲੇ ਪਦਾਰਥ ਫੜੇ ਜਾ ਚੁੱਕੇ ਹਨ।
ਪਰ ਇਸ ਨਾਲ ਇਕ ਸਵਾਲ ਜ਼ਰੂਰ ਉੱਠਦਾ ਹੈ ਕਿ ਜਿਹੜੇ ਘੁਸਪੈਠੀਏ ਫੜੇ ਨਹੀਂ ਗਏ, ਉਨ੍ਹਾਂ ਦੀ ਗਿਣਤੀ ਤਾਂ ਲੱਗਭਗ 10 ਹਜ਼ਾਰ ਤੋਂ ਜ਼ਿਆਦਾ ਹੋਵੇਗੀ। ਸਪੱਸ਼ਟ ਹੈ ਕਿ ਕੰਡਿਆਲੀ ਤਾਰ ਲਾਏ ਜਾਣ ਦੇ ਬਾਵਜੂਦ ਘੁਸਪੈਠ ਦੀਆਂ ਘਟਨਾਵਾਂ ਘੱਟ ਹੁੰਦੀਆਂ ਦਿਖਾਈ ਨਹੀਂ ਦਿੰਦੀਆਂ ਸਗੋਂ ਵੱਡੀ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ।
ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਹਿੰਦ-ਪਾਕਿ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਨਾ ਹੈ ਤਾਂ ਸੁਰੱਖਿਆ ਪੱਟੀ ਬਣਾਉਣ ਦੀ ਲੋੜ ਹੈ। ਕਈ ਸਿਆਸੀ ਪਾਰਟੀਆਂ ਵੀ ਪਿਛਲੇ ਦਿਨੀਂ ਅਜਿਹੀ ਮੰਗ ਕਰ ਰਹੀਆਂ ਸਨ। ਸੁਰੱਖਿਆ ਪੱਟੀ ਤੋਂ ਭਾਵ ਹੈ ਕਿ ਲੱਖਾਂ ਦੀ ਗਿਣਤੀ 'ਚ ਸਰੱਹਦ 'ਤੇ ਵਸੇ ਲੋਕਾਂ ਨੂੰ ਉਥੋਂ ਹਟਾ ਕੇ ਕਿਸੇ ਸੁਰੱਖਿਅਤ ਜਗ੍ਹਾ 'ਤੇ ਵਸਾਇਆ ਜਾਵੇ ਪਰ ਖਰਚ ਦੇ ਨਜ਼ਰੀਏ ਤੋਂ ਇਹ ਯੋਜਨਾ ਇੰਨੀ ਮਹਿੰਗੀ ਸੀ ਕਿ ਇਸ ਨੂੰ ਸਿਰੇ ਨਹੀਂ ਚੜ੍ਹਾਇਆ ਜਾ ਸਕਿਆ।
ਜ਼ਿਕਰਯੋਗ ਹੈ ਕਿ 1965 ਦੀ ਪਾਕਿਸਤਾਨੀ ਘੁਸਪੈਠ ਤੋਂ ਬਾਅਦ ਇਹ ਫਾਰਮੂਲਾ ਜੰਮੂ-ਕਸ਼ਮੀਰ ਦੇ ਦੋ ਜ਼ਿਲਿਆਂ ਪੁੰਛ ਤੇ ਰਾਜੌਰੀ 'ਚ ਵੀ ਅਪਣਾਇਆ ਗਿਆ ਸੀ, ਜਿਸ ਨਾਲ ਸਰਕਾਰ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। 1974 'ਚ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ।
ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਭਰੋਸੇ 'ਚ ਲੈਣਾ ਚਾਹੁੰਦੀ ਸੀ।
ਜੇਕਰ ਦੇਖਿਆ ਜਾਵੇ ਤਾਂ ਪੰਜਾਬ ਨਾਲ ਲੱਗਦੀ ਹਿੰਦ-ਪਾਕਿ ਸਰਹੱਦ ਦੀ ਭੂਗੋਲਿਕ ਸਥਿਤੀ ਹੀ ਅਜਿਹੀ ਹੈ ਕਿ ਬੀ. ਐੱਸ. ਐੱਫ. ਲਈ ਸਰਹੱਦ ਦੀ ਰੱਖਿਆ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ 'ਚ ਸਮੱਗਲਰਾਂ ਨੇ ਵੱਡੀਆਂ-ਵੱਡੀਆਂ ਕੋਠੀਆਂ ਬਣਾਈਆਂ ਹੋਈਆਂ ਹਨ।
ਪਿਛਲੇ 40 ਵਰ੍ਹਿਆਂ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਸਮੱਗਲਰਾਂ 'ਚੋਂ ਕਈ ਸਿਆਸਤ 'ਚ ਆਏ ਤੇ ਮੰਤਰੀ ਵੀ ਬਣੇ। ਵਰ੍ਹਿਆਂ ਤੋਂ ਕੰਮ ਕਰਨ ਵਾਲੀ ਤਸਕਰ ਲਾਬੀ ਹੁਣ ਇੰਨੀ ਤਾਕਤਵਰ ਹੋ ਚੁੱਕੀ ਹੈ ਕਿ ਬੀ. ਐੱਸ. ਐੱਫ. ਦੇ ਜਵਾਨ ਵੀ ਇਨ੍ਹਾਂ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰ ਸਕਦੇ। ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸਮੱਗਲਰਾਂ ਦੀ ਬਦੌਲਤ ਪੰਜਾਬ ਦੇ ਮਿਹਨਤੀ ਤੇ ਈਮਾਨਦਾਰ ਕਿਸਾਨਾਂ (ਜੋ ਸਰਹੱਦੀ ਇਲਾਕਿਆਂ 'ਚ ਵਸੇ ਹੋਏ ਹਨ) ਦਾ ਵੱਡਾ ਹਿੱਸਾ ਪੈਸਿਆਂ ਦੇ ਲਾਲਚ 'ਚ ਨਸ਼ੀਲੇ ਪਦਾਰਥਾਂ ਦੇ ਨਾਜਾਇਜ਼ ਹਥਿਆਰਾਂ ਨੂੰ ਕੰਡਿਆਲੀ ਤਾਰ ਦੇ ਪਾਰੋਂ ਇਧਰ ਲਿਆਉਣ ਦੇ ਕੰਮ 'ਚ ਲੱਗਾ ਹੋਇਆ ਹੈ।
ਇਕ ਅਫਸਰ ਦਾ ਕਹਿਣਾ ਹੈ ਕਿ ਬੀ. ਐੱਸ. ਐੱਫ. 'ਚ ਵੀ ਕਈ ਗੰਦੀਆਂ ਮੱਛੀਆਂ ਹਨ। ਹੁਸੈਨੀਵਾਲਾ ਬਾਰਡਰ ਨੇੜੇ ਬੀ. ਐੱਸ. ਐੱਫ. ਦੇ ਕਮਾਂਡੈਂਟ ਬੀ. ਐੱਸ. ਹਰੀ ਨੂੰ ਡਰੱਗਜ਼ ਦੀ ਸਮੱਗਲਿੰਗ ਦੇ ਦੋਸ਼ ਹੇਠ ਫੜਿਆ ਗਿਆ ਸੀ। ਇਸੇ ਤਰ੍ਹਾਂ ਕਈ ਜੂਨੀਅਰ ਅਧਿਕਾਰੀ ਪੈਸੇ ਦੇ ਲਾਲਚ 'ਚ ਸਮੱਗਲਰਾਂ ਨਾਲ ਸਬੰਧ ਬਣਾ ਲੈਂਦੇ ਹਨ ਅਤੇ ਆਪਣੀ ਡਿਊਟੀ ਦੌਰਾਨ 'ਇਧਰਲਾ ਮਾਲ ਉਧਰ' ਕਰਦੇ-ਕਰਵਾਉਂਦੇ ਰਹਿੰਦੇ ਹਨ।
ਪਿਛਲੇ ਦਿਨੀਂ ਸਰਹੱਦੀ ਇਲਾਕੇ ਮਮਦੋਟ 'ਚ ਮੱਖਣ ਸਿੰਘ ਨਾਮੀ ਕਿਸਾਨ ਦੇ ਖੇਤ 'ਚੋਂ ਕਰੋੜਾਂ ਰੁਪਏ ਦੀ ਅਫੀਮ ਬੀ. ਐੱਸ. ਐੱਫ. ਨੇ ਬਰਾਮਦ ਕੀਤੀ। ਸਰਹੱਦ ਦੇ ਪਾਰ ਖੇਤੀ ਕਰਨ ਦੇ ਬਹਾਨੇ ਜਾਂਦੇ ਛੋਟੇ-ਛੋਟੇ ਕਿਸਾਨ ਸਿਰਫ ਤੇ ਸਿਰਫ ਸਮੱਗਲਿੰਗ 'ਚ ਲੱਗੇ ਹੋਏ ਹਨ।
ਪਿਛਲੇ ਦਿਨੀਂ ਮਮਦੋਟ ਖੇਤਰ 'ਚ ਸਮੱਗਲਰਾਂ ਵਲੋਂ ਬਣਾਈਆਂ ਗਈਆਂ ਸੁਰੰਗਾਂ ਦੇ ਫੜੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਚੌਕੰਨੀਆਂ ਹੋ ਗਈਆਂ ਹਨ। ਪਿਛਲੇ ਦਿਨੀਂ ਪੰਜਾਬ 'ਚ ਆਰ. ਐੱਸ. ਐੱਸ. ਦੇ ਵਰਕਰਾਂ ਦੀਆਂ ਹੱਤਿਆਵਾਂ ਨੂੰ ਲੈ ਕੇ ਇਹ ਸਵਾਲ ਉੱਠਿਆ ਹੈ ਕਿ ਪੰਜਾਬ 'ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਿੱਥੋਂ ਤੇ ਕਿਵੇਂ ਹੋ ਰਹੀ ਹੈ। ਇਸ ਨੇ ਸੁਰੱਖਿਆ ਬਲਾਂ ਦੀ ਭੂਮਿਕਾ 'ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਪੰਜਾਬ 'ਚ ਨਾਜਾਇਜ਼ ਹਥਿਆਰਾਂ ਦਾ ਜ਼ਖੀਰਾ ਆਖਿਰ ਗੁਆਂਢੀ ਦੇਸ਼ ਤੋਂ ਹੀ ਸਮੱਗਲਿੰਗ ਦੇ ਜ਼ਰੀਏ ਪਹੁੰਚ ਰਿਹਾ ਹੈ।
ਜੰਮੂ-ਕਸ਼ਮੀਰ ਸਰਹੱਦ ਦੀ ਗੱਲ ਕੀਤੀ ਜਾਵੇ ਤਾਂ ਉਥੇ ਕੰਡਿਆਲੀ ਤਾਰ ਦੀ ਹੁਣ ਕੋਈ ਅਹਿਮੀਅਤ ਨਹੀਂ ਰਹੀ, ਜਿਸ ਨੂੰ ਅੱਤਵਾਦੀਆਂ ਨੇ ਆਪਣੀ ਇੱਛਾ ਮੁਤਾਬਕ ਥਾਂ-ਥਾਂ ਤੋਂ ਕੱਟ ਦਿੱਤਾ ਹੈ। ਸੂਤਰਾਂ ਮੁਤਾਬਕ ਰਾਜਸਥਾਨ 'ਚ ਕੰਡਿਆਲੀ ਤਾਰ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਕਾਰਨ ਉਥੇ ਅੱਤਵਾਦੀ ਸਰਗਰਮੀਆਂ 'ਤੇ ਰੋਕ ਲੱਗੀ ਹੈ ਅਤੇ ਸਮੱਗਲਰਾਂ ਦੇ ਹੌਸਲੇ ਪਸਤ ਹੋਏ ਹਨ ਪਰ ਜੰਗਲੀ ਜਾਨਵਰਾਂ ਦੇ ਟਕਰਾਉਣ ਕਾਰਨ ਕੰਡਿਆਲੀਆਂ ਤਾਰਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ, ਜਿਸ ਦਾ ਲਾਭ ਸਮੱਗਲਰ ਕਦੇ-ਕਦਾਈਂ ਉਠਾ ਲੈਂਦੇ ਹਨ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਸਤਲੁਜ 'ਚ ਪਾਣੀ ਦੀ ਕਮੀ ਪੈਦਾ ਹੋ ਜਾਂਦੀ ਹੈ ਤਾਂ ਘੁਸਪੈਠ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।
ਸ਼ਸ਼ੀ ਕਪੂਰ ਨੂੰ ਭੁਲਾ ਨਹੀਂ ਸਕਣਗੇ ਸਿਨੇ ਪ੍ਰੇਮੀ
NEXT STORY