ਇਤਿਹਾਸਿਕ ਫਿਲਮਾਂ 'ਚ ਮੀਲ ਦੇ ਪੱਥਰ ਬਣੇ ਪਿਤਾ ਪ੍ਰਿਥਵੀ ਰਾਜ ਕਪੂਰ, ਨਾਰੀ ਭਾਵ ਆਪਣੀਆਂ ਹੀਰੋਇਨਾਂ ਦੇ ਅੰਗਾਂ ਨਾਲ ਖੇਡੇ ਉਨ੍ਹਾਂ ਦੇ ਵੱਡੇ ਬੇਟੇ ਸਵ. ਰਾਜ ਕਪੂਰ, ਕ੍ਰਾਂਤੀਕਾਰੀ ਹੀਰੋ ਬਣੇ ਪ੍ਰਿਥਵੀ ਰਾਜ ਕਪੂਰ ਦੇ ਦੂਜੇ ਬੇਟੇ ਸ਼ੰਮੀ ਕਪੂਰ ਅਤੇ ਸੁੱਘੜ ਫਿਲਮੀ ਹੀਰੋ ਅਖਵਾਏ ਸ਼ਸ਼ੀ ਕਪੂਰ। ਕਪੂਰ ਖਾਨਦਾਨ ਤੋਂ ਬਿਨਾਂ ਸਿਨੇ ਇਤਿਹਾਸ ਅਧੂਰਾ ਹੈ। ਆਪਣੀ ਰੋਅਬਦਾਰ ਆਵਾਜ਼ ਲਈ ਪ੍ਰਿਥਵੀ ਰਾਜ ਕਪੂਰ, ਰੋਮਾਂਟਿਕ ਅਦਾਵਾਂ ਲਈ ਰਾਜ ਕਪੂਰ, ਅੱਲ੍ਹੜਪੁਣੇ ਲਈ ਸ਼ੰਮੀ ਕਪੂਰ ਅਤੇ ਇਕ ਸੁਸ਼ੀਲ, ਸੱਭਿਅਕ ਕਲਾਕਾਰ ਵਜੋਂ ਸ਼ਸ਼ੀ ਕਪੂਰ ਹਮੇਸ਼ਾ ਸਿਨੇ ਦਰਸ਼ਕਾਂ ਦੇ ਦਿਲਾਂ 'ਤੇ ਛਾਏ ਰਹਿਣਗੇ। 1950 ਤੋਂ 1980 ਤਕ 30 ਸਾਲਾਂ ਵਿਚ ਸ਼ਸ਼ੀ ਕਪੂਰ ਦਾ ਆਪਣੀ ਕਿਸੇ ਵੀ ਹੀਰੋਇਨ ਨਾਲ ਕੋਈ 'ਸਕੈਂਡਲ' ਦੇਖਣ-ਸੁਣਨ ਨੂੰ ਨਹੀਂ ਮਿਲਿਆ। ਮਿਲਣਸਾਰ, ਚਿਕਨੇ ਚਿਹਰੇ ਵਾਲੇ ਸ਼ਸ਼ੀ ਕਪੂਰ ਸਾਰੇ ਦਰਸ਼ਕਾਂ ਦੀ ਹਮਦਰਦੀ ਬਟੋਰਨ ਵਾਲੇ ਕਲਾਕਾਰ ਸਨ।
ਉਂਝ ਤਾਂ ਸਿਨੇ ਜਗਤ ਵਿਚ ਪ੍ਰਿਥਵੀ ਰਾਜ ਕਪੂਰ ਅਤੇ ਸੋਹਰਾਬ ਮੋਦੀ ਐਕਟਿੰਗ ਦੀ ਪਾਰਸੀ ਥਿਏਟਰ ਸ਼ੈਲੀ ਦੇ ਪਿਤਾਮਾ ਸਨ। ਐਕਟਿੰਗ ਵਿਚ ਰੂਮਾਨੀਅਤ ਰਾਜ ਕਪੂਰ ਨੇ ਭਰੀ, ਐਕਟਿੰਗ ਵਿਚ ਚਾਰਲੀ ਚੈਪਲਿਨ ਵਾਲੀ ਸ਼ੈਲੀ ਲਿਆਂਦੀ ਰਾਜ ਕਪੂਰ ਨੇ, ਨੱਚਣਾ-ਟੱਪਣਾ ਅਤੇ ਰੁੱਖਾਂ ਦੁਆਲੇ ਘੁੰਮ ਕੇ ਆਪਣੀ ਹੀਰੋਇਨ ਨਾਲ ਚੁਲਬੁਲੀਆਂ ਸ਼ਰਾਰਤਾਂ ਲਈ ਜਾਣੇ ਗਏ ਸ਼ੰਮੀ ਕਪੂਰ ਅਤੇ ਹੀਰੋ ਨਾਲ ਹਮਦਰਦੀ ਜਿਸ ਕਲਾਕਾਰ ਕਾਰਨ ਬਣੀ, ਉਹ ਸਨ ਸ਼ਸ਼ੀ ਕਪੂਰ। ਕਪੂਰ ਖਾਨਦਾਨ ਦਾ ਹਰੇਕ ਕਲਾਕਾਰ ਸਿਨੇ ਜਗਤ ਵਿਚ ਖੁਦ ਐਕਟਿੰਗ ਦੀ ਇਕ ਸੰਸਥਾ ਸੀ। ਇਨ੍ਹਾਂ ਦਾ ਯੋਗਦਾਨ ਭੁਲਾਇਆਂ ਵੀ ਨਹੀਂ ਭੁਲਾਇਆ ਜਾ ਸਕਦਾ।
ਸ਼ਸ਼ੀ ਕਪੂਰ ਸਿਰਫ 4 ਸਾਲ ਦੀ ਉਮਰ ਵਿਚ ਹੀ ਸਿਲਵਰ ਸਕ੍ਰੀਨ ਦਾ ਹਿੱਸਾ ਬਣ ਗਏ। ਅਦਾਕਾਰੀ ਦੀ ਕਲਾ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ। ਬਾਲ ਕਲਾਕਾਰ ਦੇ ਰੂਪ ਵਿਚ ਸ਼ਸ਼ੀ ਕਪੂਰ ਨੇ ਫਿਲਮ 'ਆਗ' ਅਤੇ 'ਆਵਾਰਾ' ਵਿਚ ਰਾਜ ਕਪੂਰ ਦੇ ਬਚਪਨ ਦੇ ਰੋਲ ਕੀਤੇ। ਫਿਲਮ 'ਸੰਗਰਾਮ' ਵਿਚ ਅਸ਼ੋਕ ਕੁਮਾਰ ਦੇ ਬਚਪਨ ਦਾ ਰੋਲ ਵੀ ਸ਼ਸ਼ੀ ਕਪੂਰ ਨੇ ਕੀਤਾ।
ਸਵ. ਸੁਨੀਲ ਦੱਤ ਦੀ ਫਿਲਮ 'ਪੋਸਟ ਬਾਕਸ 999', ਰਾਜ ਕਪੂਰ ਦੀ 'ਦੁਲਹਾ-ਦੁਲਹਨ' ਤੇ 'ਸ਼੍ਰੀਮਾਨ ਸੱਤਿਆਵਾਦੀ' ਵਿਚ ਸ਼ਸ਼ੀ ਕਪੂਰ ਸਹਾਇਕ ਨਿਰਦੇਸ਼ਕ ਰਹੇ। 1960 ਦੇ ਦਹਾਕੇ ਵਿਚ ਸ਼ਸ਼ੀ ਕਪੂਰ ਇਕ ਅਣਪਛਾਤੇ ਹੀਰੋ ਵਜੋਂ ਫਿਲਮ 'ਚਾਰਦੀਵਾਰੀ', 'ਮਹਿੰਦੀ ਲਗੀ ਮੇਰੇ ਹਾਥ ਮੇਂ' ਅਤੇ 'ਪ੍ਰੇਮ ਪੱਤਰ' ਵਿਚ ਦਿਖਾਈ ਦਿੱਤੇ ਪਰ ਲੋਕਾਂ ਨੇ ਧਿਆਨ ਨਹੀਂ ਦਿੱਤਾ।
1961 ਵਿਚ ਯਸ਼ ਚੋਪੜਾ ਦੀ ਫਿਲਮ ਆਈ 'ਧਰਮ ਪੁੱਤਰ', ਜਿਸ ਵਿਚ ਉਨ੍ਹਾਂ ਨੂੰ ਦਰਸ਼ਕ ਪਛਾਣਨ ਲੱਗੇ। 'ਧਰਮ ਪੁੱਤਰ' ਵਿਚ ਸ਼ਸ਼ੀ ਕਪੂਰ ਅਭਿਨੇਤਰੀ ਮਾਲਾ ਸਿਨ੍ਹਾ ਦੀ ਨਾਜਾਇਜ਼ ਔਲਾਦ ਦੀ ਭੂਮਿਕਾ ਵਿਚ ਛਾਪ ਛੱਡਦੇ ਨਜ਼ਰ ਆਏ। ਬਸ ਫਿਰ ਕੀ ਸੀ, ਇਸ ਤੋਂ ਬਾਅਦ ਸ਼ਸ਼ੀ ਕਪੂਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਈ ਦਰਸ਼ਕ ਕਹਿਣ ਲੱਗੇ ਕਿ ਸ਼ਸ਼ੀ ਕਪੂਰ ਅਸਫਲ ਹੀਰੋ ਅਤੇ ਸਫਲ ਕਲਾਕਾਰ ਹਨ।
ਉਨ੍ਹਾਂ ਨੇ ਆਪਣੇ ਸਮੇਂ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਹੀਰੋਇਨਾਂ ਨਾਲ ਕੰਮ ਕੀਤਾ। ਨੰਦਾ ਸ਼ਸ਼ੀ ਕਪੂਰ ਦੀ ਬੈਸਟ ਹੀਰੋਇਨ ਸੀ, ਜੋ ਉਨ੍ਹਾਂ ਨਾਲ 'ਜਬ ਜਬ ਫੂਲ ਖਿਲੇ' ਫਿਲਮ ਵਿਚ ਆਈ। ਇਸ ਫਿਲਮ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ। ਸ਼ਸ਼ੀ ਕਪੂਰ ਨੇ ਇਸ ਫਿਲਮ ਵਿਚ ਕਸ਼ਮੀਰੀ 'ਹਾਤੋ' (ਰਾਸ਼ਾ) ਦੇ ਰੂਪ ਵਿਚ ਬਹੁਤ ਸ਼ਾਨਦਾਰ ਐਕਟਿੰਗ ਕੀਤੀ।
ਇਹੋ ਨਹੀਂ, ਜੇ ਕਿਸੇ ਭਾਰਤੀ ਅਭਿਨੇਤਾ ਨੂੰ ਸਿਨੇ ਜਗਤ ਵਿਚ ਕੌਮਾਂਤਰੀ ਪ੍ਰਸਿੱਧੀ ਮਿਲੀ ਤਾਂ ਉਹ ਸ਼ਸ਼ੀ ਕਪੂਰ ਹੀ ਸਨ। ਉਨ੍ਹਾਂ ਦੀਆਂ ਵਿਦੇਸ਼ੀ ਭਾਸ਼ਾ ਵਿਚ ਬਣੀਆਂ ਫਿਲਮਾਂ 'ਦਿ ਹਾਊਸ ਹੋਲਡਰ', 'ਸ਼ੇਕਸਪੀਅਰ ਵਾਲਾ', 'ਬਾਂਬੇ ਟਾਕੀਜ਼', 'ਹੀਟ ਐਂਡ ਡਸਟ', 'ਡਿਸੀਵਰ', 'ਸਾਈਡ ਸਟ੍ਰੀਟਸ' ਦੁਨੀਆ ਦੇ ਫਿਲਮ ਇਤਿਹਾਸ ਦੀਆਂ ਅਮਰ ਰਚਨਾਵਾਂ ਹਨ। ਸ਼ਸ਼ੀ ਕਪੂਰ ਨੇ ਖੁਦ ਆਪਣੀ ਫਿਲਮੀ ਕਮਾਈ ਨਾਲ 'ਜਨੂੰਨ', 'ਕਲਯੁੱਗ', '36 ਚੌਰੰਗੀਲੇਨ', 'ਵਿਜੇਤਾ' ਅਤੇ 'ਉਤਸਵ' ਵਰਗੀਆਂ ਉਦੇਸ਼ ਪ੍ਰਧਾਨ ਫਿਲਮਾਂ ਬਣਾਈਆਂ। ਫਿਲਮ 'ਸਿਧਾਰਥ' ਦੀ ਕੌਮਾਂਤਰੀ ਪੱਧਰ 'ਤੇ ਆਲੋਚਨਾ ਵੀ ਹੋਈ।
ਫਿਲਮ 'ਦੀਵਾਰ' ਦਾ ਇਕ ਭਾਵੁਕ ਡਾਇਲਾਗ 'ਮੇਰੇ ਪਾਸ ਮਾਂ ਹੈ' ਦੁਨੀਆ ਭਰ ਦੇ ਸਿਨੇ ਦਰਸ਼ਕਾਂ ਨੂੰ ਰੁਆ ਦਿੰਦਾ ਹੈ। ਜ਼ਿਕਰਯੋਗ ਹੈ ਕਿ 1970 ਤੋਂ 1975 ਤਕ ਬਾਲੀਵੁੱਡ ਵਿਚ ਦੇਵਾਨੰਦ ਤੋਂ ਬਾਅਦ ਸ਼ਸ਼ੀ ਕਪੂਰ ਹੀ ਸਨ, ਜਿਨ੍ਹਾਂ ਦਾ ਮਿਹਨਤਾਨਾ ਉਸ ਵੇਲੇ ਦੇ ਸਾਰੇ ਨਾਇਕਾਂ ਨਾਲੋਂ ਜ਼ਿਆਦਾ ਹੁੰਦਾ ਸੀ। 1976 ਤੋਂ 1982 ਦੀ ਮਿਆਦ ਵਿਚ ਰਾਜੇਸ਼ ਖੰਨਾ ਅਤੇ ਵਿਨੋਦ ਖੰਨਾ ਤੋਂ ਬਾਅਦ ਸ਼ਸ਼ੀ ਕਪੂਰ ਹੀ ਸਭ ਤੋਂ ਜ਼ਿਆਦਾ ਮਿਹਨਤਾਨਾ ਲੈਂਦੇ ਸਨ।
ਆਪਣੇ ਜੀਵਨਕਾਲ ਵਿਚ ਸ਼ਸ਼ੀ ਕਪੂਰ ਨੇ 160 ਫਿਲਮਾਂ ਕੀਤੀਆਂ, ਜਿਨ੍ਹਾਂ 'ਚੋਂ 61 ਫਿਲਮਾਂ ਵਿਚ ਉਹ ਹੀਰੋ ਸਨ। ਅਭਿਨੇਤਰੀ ਨੰਦਾ ਨਾਲ 8, ਸਦਾਬਹਾਰ ਹੀਰੋ ਅਮਿਤਾਭ ਬੱਚਨ ਨਾਲ 12 ਅਤੇ ਪ੍ਰਾਣ ਨਾਲ ਉਨ੍ਹਾਂ ਨੇ 9 ਫਿਲਮਾਂ ਕੀਤੀਆਂ। ਸ਼ਸ਼ੀ ਕਪੂਰ ਵਲੋਂ ਫਿਲਮ ਉਦਯੋਗ 'ਚ ਦਿੱਤੀਆਂ ਗਈਆਂ ਸੇਵਾਵਾਂ ਦੇ ਸਿੱਟੇ ਵਜੋਂ 2011 ਵਿਚ ਉਨ੍ਹਾਂ ਨੂੰ 'ਪਦਮਸ਼੍ਰੀ' ਅਤੇ 2015 ਵਿਚ ਸਿਨੇ ਜਗਤ ਦਾ ਸਰਵਉੱਚ ਐਵਾਰਡ 'ਦਾਦਾ ਸਾਹਿਬ ਫਾਲਕੇ' ਦਿੱਤਾ ਗਿਆ।
ਆਪਣੇ ਸਮੇਂ ਦੀਆਂ ਲੱਗਭਗ ਸਾਰੀਆਂ ਹੀਰੋਇਨਾਂ ਨਾਲ ਸ਼ਸ਼ੀ ਕਪੂਰ ਨੇ ਹੀਰੋ ਦੀ ਭੂਮਿਕਾ ਨਿਭਾਈ ਹੈ, ਜਿਵੇਂ ਨੀਤੂ ਸਿੰਘ, ਬਬੀਤਾ, ਰਾਖੀ, ਸ਼ਰਮੀਲਾ ਟੈਗੋਰ, ਜ਼ੀਨਤ ਅਮਾਨ, ਮੌਸਮੀ ਚੈਟਰਜੀ, ਰੀਨਾ ਰਾਏ, ਨਿਰੂਪਾ ਰਾਏ, ਮਾਲਾ ਸਿਨ੍ਹਾ ਤੇ ਨੰਦਾ ਆਦਿ।
ਸ਼ਸ਼ੀ ਕਪੂਰ ਦੀਆਂ ਯਾਦਗਾਰੀ ਫਿਲਮਾਂ ਰਹੀਆਂ 'ਵਕਤ', 'ਸ਼ਰਮੀਲੀ', 'ਹਸੀਨਾ ਮਾਨ ਜਾਏਗੀ', 'ਜਬ ਜਬ ਫੂਲ ਖਿਲੇ', 'ਕਭੀ ਕਭੀ', 'ਨਿਊ ਦਿੱਲੀ ਟਾਈਮਜ਼', 'ਫਕੀਰਾ', 'ਸੁਹਾਗ', 'ਚੋਰ ਮਚਾਏ ਸ਼ੋਰ', 'ਪ੍ਰੇਮ ਕਹਾਨੀ', 'ਦੀਵਾਰ', 'ਰੋਟੀ ਕੱਪੜਾ ਔਰ ਮਕਾਨ', 'ਤ੍ਰਿਸ਼ੂਲ', 'ਕਾਲਾ ਪੱਥਰ', 'ਦੋ ਔਰ ਦੋ ਪਾਂਚ', 'ਸਿਲਸਿਲਾ', 'ਨਮਕ ਹਲਾਲ' ਆਦਿ।
ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਅਮਰ ਫਿਲਮਾਂ ਦਰਸ਼ਕਾਂ ਨੂੰ ਦਿੱਤੀਆਂ। 1979 ਵਿਚ ਆਈ 'ਜਨੂੰਨ' ਫਿਲਮ ਨੂੰ 'ਬੈਸਟ ਫਿਲਮ' ਦਾ ਐਵਾਰਡ ਮਿਲਿਆ ਸੀ ਅਤੇ 1986 ਵਿਚ ਫਿਲਮ 'ਨਿਊ ਦਿੱਲੀ ਟਾਈਮਜ਼' ਲਈ ਸ਼ਸ਼ੀ ਕਪੂਰ ਨੂੰ 'ਬੈਸਟ ਨੈਸ਼ਨਲ ਐਕਟਰ' ਦਾ ਐਵਾਰਡ ਮਿਲਿਆ।
2 ਵਾਰ ਫਿਲਮ ਫੇਅਰ ਐਵਾਰਡ ਜਿੱਤਣ ਵਾਲੇ ਸ਼ਸ਼ੀ ਕਪੂਰ ਨੂੰ ਦਰਸ਼ਕਾਂ ਦਾ ਆਖਰੀ ਸਲਾਮ। ਇਕ ਸੱਜਣ, ਸੁੱਘੜ ਕਲਾਕਾਰ ਨੂੰ ਅਲਵਿਦਾ, ਪ੍ਰਿਥਵੀ ਰਾਜ ਕਪੂਰ ਦੇ ਆਖਰੀ ਬੇਟੇ ਨੂੰ ਵਿਦਾਈ। ਸ਼ਸ਼ੀ ਕਪੂਰ ਆਪਣੀ ਪਤਨੀ ਜੈਨੀਫਰ ਨਾਲ ਜਾ ਮਿਲੇ, ਰਾਜ ਕਪੂਰ ਅਤੇ ਸ਼ੰਮੀ ਕਪੂਰ ਦੀ ਕਤਾਰ ਵਿਚ ਖੜ੍ਹੇ ਹੋ ਗਏ। ਸਿਨੇ ਪ੍ਰੇਮੀ ਸ਼ਸ਼ੀ ਕਪੂਰ ਨੂੰ ਭੁਲਾ ਨਹੀਂ ਸਕਣਗੇ।
ਹੁਣ '5-ਜੀ' ਲਈ ਸੰਘਰਸ਼ ਦੀ ਸ਼ੁਰੂਆਤ
NEXT STORY