ਆਪਣਾ 5 ਵਰ੍ਹਿਆਂ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਅਹੁਦਾ ਛੱਡਣ ਵਾਲੇ ਪ੍ਰਣਬ ਮੁਖਰਜੀ ਦੇ ਦੌਰ ਦਾ ਮੁਲਾਂਕਣ ਕਰਨਾ ਮੁਸ਼ਕਿਲ ਨਹੀਂ ਹੈ। ਉਹ ਇਕ ਗਲਤ ਚੋਣ ਸਨ। ਅੱਵਲ ਤਾਂ ਉਨ੍ਹਾਂ ਨੂੰ ਗੱਦੀ ਦੀ ਸ਼ੋਭਾ ਵਧਾਉਣੀ ਹੀ ਨਹੀਂ ਚਾਹੀਦੀ ਸੀ। ਮੁਖਰਜੀ ਐਮਰਜੈਂਸੀ ਦੌਰਾਨ ਸੰਵਿਧਾਨ ਬਾਹਰੇ ਸੱਤਾਧਾਰੀ ਵਜੋਂ ਦੇਸ਼ 'ਤੇ ਰਾਜ ਕਰਨ ਵਾਲੇ ਸੰਜੇ ਗਾਂਧੀ ਦੇ ਵਫਾਦਾਰ ਸਹਿਯੋਗੀ ਸਨ। ਪ੍ਰਣਬ ਮੁਖਰਜੀ ਉਦੋਂ ਵਣਜ ਮੰਤਰੀ ਸਨ, ਜੋ ਸੰਜੇ ਗਾਂਧੀ ਦੇ ਹੁਕਮ 'ਤੇ ਲਾਇਸੈਂਸ ਰੋਕਦੇ ਜਾਂ ਜਾਰੀ ਕਰਦੇ ਸਨ।
ਇਹ ਸ਼ਾਸਨ ਹੀ ਦੇਸ਼ ਲਈ ਅਪਮਾਨ ਸੀ। ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਦਾ ਅਹੁਦਾ ਲੈ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਜਦੋਂ ਸ਼੍ਰੀਮਤੀ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਇਸ ਅਹੁਦੇ 'ਤੇ ਬਿਠਾਇਆ ਸੀ ਤਾਂ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਪਰ ਇਹ ਉਸ ਵਫਾਦਾਰ ਆਦਮੀ ਲਈ ਇਕ ਤੋਹਫਾ ਸੀ, ਜਿਸ ਨੇ ਰਾਤ ਨੂੰ ਵੀ ਦਿਨ ਕਿਹਾ ਸੀ। ਮੁਖਰਜੀ ਨੂੰ ਖ਼ੁਦ ਆਪਣੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਉਮੀਦਾਂ 'ਤੇ ਖਰੇ ਉਤਰੇ ਜਾਂ ਨਹੀਂ, ਜੋ ਉਨ੍ਹਾਂ ਨੇ ਲੋਕਾਂ 'ਚ ਜਗਾਈਆਂ ਸਨ।
ਮੈਂ ਉਸ ਮਿਆਦ 'ਤੇ ਨਜ਼ਰ ਮਾਰੀ, ਜਦੋਂ ਉਹ ਰਾਸ਼ਟਰਪਤੀ ਭਵਨ 'ਚ ਸਨ ਅਤੇ ਇਹ ਦੇਖ ਕੇ ਡਰ ਗਿਆ ਕਿ ਉਹ ਇਕ ਅਜਿਹਾ ਸ਼ਾਸਨ ਸੀ, ਜਿਸ ਦਾ ਨਾਂਹ-ਪੱਖੀ ਅਸਰ ਪਿਆ ਹੈ। ਜੇਕਰ ਉਹ ਸੰਵੇਦਨਸ਼ੀਲ ਵਿਅਕਤੀ ਹੁੰਦੇ ਤਾਂ ਉਨ੍ਹਾਂ ਨੇ ਇੰਦਰਾ ਗਾਂਧੀ ਵਲੋਂ ਲਾਈ ਐਮਰਜੈਂਸੀ ਦੇ 17 ਮਹੀਨਿਆਂ 'ਚ ਹੋਏ ਗਲਤ ਕੰਮਾਂ ਬਾਰੇ ਮਹਿਸੂਸ ਕੀਤਾ ਹੁੰਦਾ।
ਹੋਰ ਕੁਝ ਨਾ ਕਰਦੇ, ਘੱਟੋ-ਘੱਟ ਐਮਰਜੈਂਸੀ ਨੂੰ ਲੈ ਕੇ ਅਫਸੋਸ ਹੀ ਪ੍ਰਗਟਾਉਂਦੇ, ਜਦੋਂ ਇਕ ਲੱਖ ਲੋਕਾਂ ਨੂੰ ਬਿਨਾਂ ਸੁਣਵਾਈ ਦੇ ਜੇਲ 'ਚ ਡੱਕ ਦਿੱਤਾ ਗਿਆ ਸੀ, ਪ੍ਰੈੱਸ 'ਤੇ ਪਾਬੰਦੀ ਲਾ ਦਿੱਤੀ ਗਈ ਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਸਹੀ-ਗਲਤ ਵਿਚਲਾ ਫਰਕ ਭੁੱਲ ਗਏ ਸਨ।
ਉਦੋਂ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਪ੍ਰੈੱਸ ਨੂੰ ਝਾੜ ਪਾਉਂਦਿਆਂ ਕਿਹਾ ਸੀ ਕਿ ''ਤੁਹਾਨੂੰ ਝੁਕਣ ਲਈ ਕਿਹਾ ਗਿਆ ਸੀ ਪਰ ਤੁਸੀਂ ਤਾਂ ਰੀਂਗਣ ਹੀ ਲੱਗ ਪਏ।'' ਸ਼੍ਰੀਮਤੀ ਸੋਨੀਆ ਗਾਂਧੀ ਨੇ ਮੁਖਰਜੀ ਨੂੰ ਇਸ ਲਈ ਰਾਸ਼ਟਰਪਤੀ ਨਿਯੁਕਤ ਕੀਤਾ ਕਿਉਂਕਿ ਉਨ੍ਹਾਂ ਨੇ ਖਾਨਦਾਨ ਦੀ ਸੇਵਾ ਵਫ਼ਾਦਾਰੀ ਨਾਲ ਕੀਤੀ। ਜਦੋਂ ਚੋਣਾਂ ਹੋਈਆਂ ਤਾਂ ਮੁਖਰਜੀ ਅਤੇ ਇੰਦਰਾ ਗਾਂਧੀ ਨੂੰ ਹਰਾ ਕੇ ਲੋਕਾਂ ਨੇ ਠੀਕ ਹੀ ਕੀਤਾ। ਐਮਰਜੈਂਸੀ 'ਚ ਢਿੱਲ ਦੇਣ ਤੋਂ ਬਾਅਦ ਹੋਈਆਂ ਚੋਣਾਂ ਵਿਚ ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਖਦੇੜ ਦਿੱਤਾ ਸੀ ਤੇ ਇਸ ਤਰ੍ਹਾਂ ਲੋਕਾਂ ਨੇ ਬਦਲਾ ਲੈ ਲਿਆ।
ਮੁਖਰਜੀ ਦੀ ਨਿਯੁਕਤੀ ਰਾਸ਼ਟਰ ਦੇ ਮੂੰਹ 'ਤੇ ਇਕ ਚਪੇੜ ਸੀ। ਲੋਕਾਂ ਨੇ ਕਦੇ ਵੀ ਇਕ ਤਾਨਾਸ਼ਾਹ ਦਾ ਸਮਰਥਨ ਨਹੀਂ ਕੀਤਾ ਤੇ ਨਾ ਹੀ ਆਜ਼ਾਦੀ ਦੀਆਂ ਕਦਰਾਂ-ਕੀਮਤਾਂ (ਲੋਕਤੰਤਰ ਤੇ ਸੈਕੁਲਰਿਜ਼ਮ) ਦੀ ਉਲੰਘਣਾ ਕਰਨ ਵਾਲਿਆਂ ਦਾ ਸਨਮਾਨ ਕੀਤਾ ਹੈ। ਇਸ ਮਾਮਲੇ 'ਚ ਤਾਂ ਸੰਵਿਧਾਨ ਦੀ ਵੀ ਉਲੰਘਣਾ ਕੀਤੀ ਗਈ। ਮੈਨੂੰ ਉਮੀਦ ਹੈ ਕਿ ਕੁਝ ਸਾਲਾਂ ਬਾਅਦ ਮੁਖਰਜੀ ਉਸ ਮਿਆਦ ਨੂੰ ਯਾਦ ਕਰਨਗੇ, ਜਦੋਂ ਉਹ ਰਾਸ਼ਟਰਪਤੀ ਸਨ ਅਤੇ ਉਦੋਂ ਮਹਿਸੂਸ ਕਰਨਗੇ ਕਿ ਉਹ ਕੁਝ ਬਿਹਤਰ ਕਰ ਸਕਦੇ ਸਨ। ਉਨ੍ਹਾਂ ਨੂੰ ਘੱਟੋ-ਘੱਟ ਇਕ ਮਿਸਾਲ ਪੇਸ਼ ਕਰਨੀ ਚਾਹੀਦੀ ਹੈ, ਜਿਸ ਵਿਚ ਉਨ੍ਹਾਂ ਨੇ ਅਨੇਕਤਾਵਾਦ ਤੇ ਲੋਕਤੰਤਰ ਨੂੰ ਬਚਾਉਣ ਦਾ ਕੰਮ ਕੀਤਾ।
ਮੈਨੂੰ ਯਕੀਨ ਹੈ ਕਿ ਮੁਖਰਜੀ ਜਦੋਂ ਕਦੇ ਆਪਣੀਆਂ ਯਾਦਾਂ ਬਾਰੇ ਲਿਖਣਗੇ ਤਾਂ ਸਪੱਸ਼ਟ ਤੌਰ 'ਤੇ ਆਪਣੀਆਂ ਅਸਫਲਤਾਵਾਂ ਵੀ ਗਿਣਾਉਣਗੇ। ਸ਼ਾਇਦ ਹੀ ਲੋਕਾਂ ਨੇ ਕਦੇ ਖ਼ੁਦ ਨੂੰ ਨਿਰਾਸ਼ ਮਹਿਸੂਸ ਕੀਤਾ ਹੋਵੇ, ਜਦੋਂ ਮੁਖਰਜੀ ਦੇ ਰਾਸ਼ਟਰਪਤੀ ਹੁੰਦਿਆਂ ਕੀਤਾ।
ਜੇ ਇਕ ਲੋਕਪਾਲ ਹੁੰਦਾ ਤੇ ਉਸ ਨੇ ਦੱਸਿਆ ਹੁੰਦਾ ਕਿ ਮੁਖਰਜੀ ਕਿੱਥੇ ਨਾਕਾਮ ਹੋਏ ਪਰ ਦੁੱਖ ਦੀ ਗੱਲ ਹੈ ਕਿ ਅਜਿਹੀ ਕੋਈ ਸੰਸਥਾ ਨਹੀਂ ਹੈ। ਬਿਨਾਂ ਦੇਰੀ ਕੀਤਿਆਂ ਕਦਰਾਂ-ਕੀਮਤਾਂ ਦੀ ਗੱਲ ਕਰਨ ਵਾਲੀ ਭਾਜਪਾ ਨੂੰ ਇਕ ਸੰਸਥਾ ਦਾ ਗਠਨ ਕਰਨਾ ਚਾਹੀਦਾ ਹੈ, ਜੋ ਸਿਆਸਤ ਤੋਂ ਉਪਰ ਹੋਵੇ ਅਤੇ ਦੱਸੇ ਕਿ ਕੀ ਗਲਤ ਹੈ, ਕੀ ਸਹੀ, ਕੀ ਨੈਤਿਕ ਤੇ ਕੀ ਅਨੈਤਿਕ?
ਹਾਲਾਂਕਿ ਦੇਰ ਹੋ ਗਈ ਹੈ, ਮੁਖਰਜੀ ਨੂੰ ਰਾਸ਼ਟਰਪਤੀ ਭਵਨ ਤੋਂ ਕਹਿਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਨੂੰ ਦੇਸ਼ ਵਿਚ ਐਮਰਜੈਂਸੀ ਲਾਉਣ ਲਈ ਪਛਤਾਵਾ ਹੈ। ਇਹ ਰਾਸ਼ਟਰ ਦੇ ਮੱਥੇ 'ਤੇ ਇਕ ਕਲੰਕ ਹੈ, ਜਿਸ ਨੂੰ ਮਿਟਾਉਣ ਦੀ ਲੋੜ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਨੇ ਅਹੁਦਾ ਛੱਡ ਦਿੱਤਾ ਹੈ। ਇਹੋ ਅਹਿਮ ਹੈ ਕਿ ਰਾਸ਼ਟਰ ਨੂੰ ਉਹ ਚਰਿੱਤਰ ਵਾਪਿਸ ਮਿਲੇ, ਜਿਸ 'ਤੇ ਸੰਵਿਧਾਨ ਸਭਾ ਨੇ ਬਹਿਸ ਕੀਤੀ ਤੇ ਜਿਸ ਨੂੰ ਸੰਵਿਧਾਨ 'ਚ ਸ਼ਾਮਿਲ ਕੀਤਾ ਗਿਆ।
ਆਮ ਤੌਰ 'ਤੇ ਸੰਸਥਾਵਾਂ ਦੇ ਮੁਖੀਆਂ 'ਤੇ ਹਮਲੇ ਨਹੀਂ ਕੀਤੇ ਜਾਂਦੇ। ਇਸ ਪਿੱਛੇ ਸੋਚ ਇਹ ਹੈ ਕਿ ਆਲੋਚਨਾ ਨਾਲ ਸੰਸਥਾਵਾਂ, ਜੋ ਲੋਕਤੰਤਰ ਨੂੰ ਟਿਕਾਈ ਰੱਖਣ ਲਈ ਜ਼ਰੂਰੀ ਹਨ, ਨੂੰ ਨੁਕਸਾਨ ਪਹੁੰਚ ਸਕਦਾ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਇਹ ਸੋਚ ਢੁੱਕਵੀਂ ਹੈ, ਇਸ ਲਈ ਰਾਸ਼ਟਰਪਤੀ ਨੂੰ ਉਦੋਂ ਵੀ ਬਖਸ਼ ਦਿੱਤਾ ਜਾਂਦਾ ਹੈ, ਜਦੋਂ ਉਨ੍ਹਾਂ ਨੇ ਅਹੁਦੇ ਵਲੋਂ ਖਿੱਚੀ ਗਈ ਲਕਸ਼ਮਣ ਰੇਖਾ ਪਾਰ ਕਰ ਲਈ ਹੋਵੇ। ਇਸੇ ਸੋਚ ਕਾਰਨ ਮੁਖਰਜੀ ਆਲੋਚਨਾ ਤੋਂ ਬਚ ਗਏ, ਜਦਕਿ ਉਨ੍ਹਾਂ ਦੇ ਹੀ ਬਰਾਬਰ ਵਾਲੇ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਸੂਲੀ ਚਾੜ੍ਹ ਦਿੱਤਾ ਗਿਆ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਲਾਇਸੈਂਸ ਨਹੀਂ ਮਿਲ ਜਾਂਦਾ। ਉਨ੍ਹਾਂ ਨੂੰ ਜੋ ਵਿਸ਼ੇਸ਼ ਅਧਿਕਾਰ ਮਿਲੇ ਹਨ, ਉਸ ਦਾ ਲਾਭ ਨਹੀਂ ਉਠਾਉਂਦੇ ਰਹਿਣਾ ਚਾਹੀਦਾ, ਜਿਵੇਂ ਕਿ ਉਹ ਕਰਦੇ ਰਹੇ ਹਨ।
ਇਹ ਸਵੀਡਿਸ਼ ਰੇਡੀਓ ਸੀ, ਜਿਸ ਨੇ ਇਹ ਖ਼ਬਰ ਪਹਿਲਾਂ ਪ੍ਰਸਾਰਿਤ ਕੀਤੀ, ਜਿਸ ਦਾ ਸ੍ਰੋਤ ਸਰਕਾਰ ਅੰਦਰੋਂ ਗੁਪਤ ਜਾਣਕਾਰੀ ਦੇਣ ਵਾਲਾ ਵਿਅਕਤੀ ਸੀ, ਜਿਸ ਦਾ ਨਾਂ ਅੱਜ ਤਕ ਨਹੀਂ ਦੱਸਿਆ ਗਿਆ। ਉਸ ਨੇ ਇਹ ਜਾਣਕਾਰੀ ਪੱਤਰਕਾਰ ਚਿੱਤਰਾ ਸੁਬਰਾਮਣੀਅਮ, ਜੋ ਉਦੋਂ 'ਇੰਡੀਅਨ ਐਕਸਪ੍ਰੈੱਸ' ਵਿਚ ਕੰਮ ਕਰਦੀ ਸੀ, ਨੂੰ ਦਿੱਤੀ। ਭੇਤੀ ਅੰਦਰਲਾ ਹੀ ਸੀ ਤੇ ਉਹ ਰਿਸ਼ਵਤ ਦੀ ਗੱਲ ਤੋਂ ਡਰ ਗਿਆ, ਜੋ ਪਹਿਲਾਂ 64 ਕਰੋੜ ਰੁਪਏ ਦੱਸੀ ਗਈ ਪਰ ਬਾਅਦ ਵਿਚ 3000 ਕਰੋੜ ਰੁਪਏ ਦੇ ਆਸ-ਪਾਸ ਨਿਕਲੀ।
ਮੁਖਰਜੀ ਨੇ ਬੇਕਾਰ ਵਿਚ ਸਮਝ ਲਿਆ ਕਿ ਕਾਂਗਰਸ ਦੇ ਬੁਰੇ ਦੌਰ 'ਚ ਸਮੱਸਿਆ ਨਿਪਟਾਉਣ ਵਾਲੇ ਵਜੋਂ ਜੋ ਅਹਿਮ ਭੂਮਿਕਾ ਉਨ੍ਹਾਂ ਨੇ ਨਿਭਾਈ ਤੇ ਖਾਨਦਾਨ ਦੀ ਸੇਵਾ ਕੀਤੀ, ਉਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਸੀ ਪਰ ਆਪਣੇ ਬੇਟੇ ਰਾਹੁਲ ਗਾਂਧੀ ਨੂੰ ਸੋਨੀਆ ਗਾਂਧੀ ਵਲੋਂ ਲਿਆ ਗਿਆ ਪ੍ਰਧਾਨ ਮੰਤਰੀ ਬਣਾਉਣ ਦਾ ਸੰਕਲਪ ਮੁਖਰਜੀ ਦੀ ਸਿਆਸੀ ਇੱਛਾ ਵਿਚ ਆ ਗਿਆ। ਹਾਲਾਂਕਿ ਮੁਖਰਜੀ ਨਿਰਾਸ਼ ਸਨ। ਉਨ੍ਹਾਂ ਨੇ ਛੇਤੀ ਹੀ ਮੂਡ ਨੂੰ ਤਾੜ ਲਿਆ ਤੇ 2014 ਦੀਆਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ। ਸੋਨੀਆ ਨੇ ਇਸ ਸਥਿਤੀ ਨੂੰ ਖੁਸ਼ੀ-ਖੁਸ਼ੀ ਕਬੂਲ ਕਰ ਲਿਆ ਕਿਉਂਕਿ ਮੁਖਰਜੀ ਨੇ ਖ਼ੁਦ ਹੀ ਰਾਹੁਲ ਲਈ ਰਾਹ ਸਾਫ ਕਰ ਦਿੱਤਾ ਸੀ।
ਮੁਖਰਜੀ ਨੂੰ ਜੁਆਬ ਦੇਣ ਲਈ ਕੁਝ ਕਰਨਾ ਚਾਹੀਦਾ ਸੀ ਕਿਉਂਕਿ ਕਾਂਗਰਸ, ਜਿਸ ਦੀ ਨੁਮਾਇੰਦਗੀ ਉਨ੍ਹਾਂ ਨੇ ਕੀਤੀ ਹੈ, ਵਿਰੁੱਧ ਇਹ ਦੋਸ਼ ਪੈਂਡਿੰਗ ਹੈ। ਕਾਂਗਰਸ ਨੂੰ ਖ਼ੁਦ ਸੱਚ ਕਬੂਲਣ ਦਾ ਰਾਹ ਕੱਢਣਾ ਚਾਹੀਦਾ ਹੈ ਤੇ ਰਾਸ਼ਟਰ ਨੂੰ ਦੱਸਣਾ ਚਾਹੀਦਾ ਹੈ ਕਿ ਬੋਫਰਜ਼ ਅਤੇ ਕਾਮਨਵੈਲਥ ਖੇਡਾਂ ਵਰਗੇ ਘਪਲੇ ਕਿਉਂ ਅਤੇ ਕਿਵੇਂ ਹੋਏ? (ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
(kuldipnayar੦੯@gmail.com)
ਭਾਰਤ ਅਤੇ ਚੀਨ ਲੰਮੇ ਸਮੇਂ ਤਕ ਆਪਸੀ ਤਣਾਅ 'ਚ ਨਹੀਂ ਰਹਿ ਸਕਦੇ
NEXT STORY