ਪੰਜਾਬੀ ਗੀਤਾਂ ਦੀ ਸ਼ਬਦਾਵਲੀ 'ਚ ਵੱਡੀ ਗਿਰਾਵਟ ਆਈ ਹੈ। ਸਭ ਤੋਂ ਖਰਾਬ ਗੀਤਾਂ 'ਚ ਸੈਕਸ ਸਬੰਧੀ ਹਵਾਲੇ ਤੇ ਠੇਠ ਪੰਜਾਬੀ ਗਾਲ੍ਹਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਬਹੁਤੇ ਗਾਣਿਆਂ 'ਚ ਡਰੱਗਜ਼, ਹਥਿਆਰਾਂ ਦੀ ਵਰਤੋਂ, ਮਹਿੰਗੀਆਂ ਗੱਡੀਆਂ ਤੇ ਸ਼ਰਾਬਨੋਸ਼ੀ ਦਾ ਗੁਣਗਾਨ ਕੀਤਾ ਜਾਂਦਾ ਹੈ। ਇਹ ਆਮ ਤੌਰ 'ਤੇ ਔਰਤਾਂ ਨੂੰ ਅਪਮਾਨਿਤ ਕਰਦੇ ਹਨ। ਕਈ ਪੰਜਾਬੀ ਗਾਣਿਆਂ 'ਚ ਇੰਨੀ ਅਸ਼ਲੀਲਤਾ ਹੁੰਦੀ ਹੈ ਕਿ ਪਰਿਵਾਰਾਂ 'ਚ ਬੈਠ ਕੇ ਦੇਖਣ-ਸੁਣਨਯੋਗ ਨਹੀਂ ਹੁੰਦੇ, ਫਿਰ ਵੀ ਅਜਿਹੇ ਗਾਣੇ ਨੌਜਵਾਨਾਂ 'ਚ ਹਰਮਨਪਿਆਰੇ ਹਨ। ਅਹਿਮਦਾਬਾਦ 'ਚ ਸਥਿਤ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਪ੍ਰੋਫੈਸਰ ਡਾ. ਧੀਰਜ ਸ਼ਰਮਾ, ਜਿਨ੍ਹਾਂ ਨੇ ਹੁਣੇ ਜਿਹੇ ਪੰਜਾਬੀ ਪੌਪ ਸੰਗੀਤ 'ਤੇ ਖੋਜ ਕੀਤੀ ਹੈ, ਨੇ ਦੇਖਿਆ ਕਿ ਕਿਸ ਤਰ੍ਹਾਂ ਜ਼ਿਆਦਾਤਰ ਪੰਜਾਬੀ ਗੀਤ ਡਰੱਗਜ਼ ਤੇ ਹਿੰਸਾ ਦਾ ਗੁਣਗਾਨ ਕਰਦੇ ਹਨ। ਉਨ੍ਹਾਂ ਦੀ ਖੋਜ ਪੰਜਾਬੀ ਗੀਤਾਂ 'ਚ ਡਰੱਗਜ਼ ਤੇ ਹਿੰਸਾ ਦੇ ਜ਼ਿਕਰ ਦੇ ਪ੍ਰਭਾਵ, ਹਿੰਸਾ ਵੱਲ ਝੁਕਾਅ ਤੇ ਔਰਤਾਂ ਪ੍ਰਤੀ ਰਵੱਈਏ ਨੂੰ ਲੈ ਕੇ ਸੀ। ਉਨ੍ਹਾਂ ਦੀ ਟੀਮ ਵਲੋਂ ਕੀਤੀ ਗਈ ਖੋਜ ਅਨੁਸਾਰ ਉਨ੍ਹਾਂ ਵਲੋਂ 2000 ਗੀਤਾਂ ਦੀ ਸਮੀਖਿਆ ਕੀਤੀ ਗਈ ਸੀ, ਜਿਨ੍ਹਾਂ 'ਚੋਂ ਲੱਗਭਗ 60 ਫੀਸਦੀ 'ਚ ਡਰੱਗਜ਼ ਤੇ ਹਿੰਸਾ ਦਾ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ 18 ਤੋਂ 25 ਸਾਲ ਦੀ ਉਮਰ ਦੇ 200 ਵਿਦਿਆਰਥੀਆਂ ਵਲੋਂ ਸੂਚੀਬੱਧ ਕੀਤੇ ਹਰਮਨਪਿਆਰੇ 50-50 ਪੰਜਾਬੀ ਗਾਣਿਆਂ ਦਾ ਅਧਿਐਨ ਕੀਤਾ।
ਡਾ. ਧੀਰਜ ਤੇ ਉਨ੍ਹਾਂ ਦੀ ਟੀਮ ਨੇ ਦੇਖਿਆ ਕਿ ਬਹੁਤੇ ਗੀਤ ਪਿਛਲੇ ਇਕ ਦਹਾਕੇ ਦੌਰਾਨ ਰਿਕਾਰਡ ਕੀਤੇ ਗਏ ਸਨ ਤੇ ਉਨ੍ਹਾਂ 'ਚ ਹਿੰਸਾ, ਡਰੱਗਜ਼ ਦੀ ਵਰਤੋਂ ਲਈ ਪ੍ਰੇਰਿਤ ਕਰਨ ਦਾ ਉੱਚ ਰੁਝਾਨ ਸੀ। ਆਪਣੀਆਂ ਰਿਹਾਇਸ਼ਾਂ ਅੱਗੇ ਕੁਝ ਮਹਿਲਾ ਵਰਕਰਾਂ ਵਲੋਂ ਧਰਨਾ ਦਿੱਤੇ ਜਾਣ ਤੋਂ ਬਾਅਦ ਗਾਇਕ ਗਿੱਪੀ ਤੇ ਜ਼ੈਲਦਾਰ ਨੂੰ ਮੁਆਫੀ ਮੰਗਣੀ ਪਈ ਸੀ।
ਅਜਿਹੇ ਗੀਤ ਗਾਉਣ ਤੋਂ ਪ੍ਰਹੇਜ਼ ਕਰਨ ਦੀਆਂ ਧਮਕੀਆਂ ਨੂੰ ਅਣਡਿੱਠ ਕਰਨ ਮਗਰੋਂ 1980 ਦੇ ਦਹਾਕੇ 'ਚ ਅੱਤਵਾਦੀਆਂ ਨੇ ਗਾਇਕ ਚਮਕੀਲਾ ਦੀ ਹੱਤਿਆ ਕਰ ਦਿੱਤੀ ਸੀ। ਉਸ ਦੀ ਹੱਤਿਆ ਤੋਂ ਬਾਅਦ ਇਕ ਦਹਾਕੇ ਤਕ ਗਾਇਕਾਂ ਨੇ ਅਜਿਹੇ ਗੀਤ ਗਾਉਣ ਤੋਂ ਪ੍ਰਹੇਜ਼ ਕੀਤਾ। ਹਾਲਾਂਕਿ ਬਾਅਦ 'ਚ ਇਹ ਰੁਝਾਨ ਪਿਛਲੇ ਦਹਾਕੇ ਦੌਰਾਨ ਫਿਰ ਤੇਜ਼ੀ ਫੜ ਗਿਆ ਤੇ ਯੂ-ਟਿਊਬ ਸਮੇਤ ਸੋਸ਼ਲ ਮੀਡੀਆ 'ਤੇ ਅਜਿਹੇ ਗਾਣਿਆਂ ਦਾ ਹੜ੍ਹ ਆ ਗਿਆ। ਅਸਲ 'ਚ ਜੇ ਚਮਕੀਲਾ ਅੱਜ ਜ਼ਿੰਦਾ ਹੁੰਦਾ ਤਾਂ ਯਕੀਨੀ ਤੌਰ 'ਤੇ ਉਸ ਨੂੰ ਇਨ੍ਹੀਂ ਦਿਨੀਂ ਚੱਲ ਰਹੇ ਗੀਤਾਂ ਤੋਂ ਸ਼ਰਮਿੰਦਗੀ ਹੁੰਦੀ।
ਕ੍ਰਿਕਟ ਤੋਂ ਸਿਆਸਤ ਤੇ ਫਿਰ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟੇ ਬਾਰੇ ਮੰਤਰੀ ਬਣੇ ਨਵਜੋਤ ਸਿੰਘ ਸਿੱਧੂ ਨੇ ਬਹੁਤ ਸਾਰੇ ਪੰਜਾਬੀ ਗੀਤਾਂ 'ਚ ਵਧ ਰਹੀ ਅਸ਼ਲੀਲਤਾ 'ਤੇ ਚਿੰਤਾ ਪ੍ਰਗਟਾਉਂਦਿਆਂ ਹੁਣ ਇਹ ਕਹਿੰਦਿਆਂ ਮਾਮਲੇ ਨੂੰ ਅੱਗੇ ਵਧਾਇਆ ਹੈ ਕਿ ਇਸ 'ਬੁਰਾਈ' ਨੂੰ ਖਤਮ ਕਰਨ ਲਈ ਇਕ ਸੱਭਿਆਚਾਰਕ ਕਮਿਸ਼ਨ ਕਾਇਮ ਕੀਤਾ ਜਾਏਗਾ।
ਦੁੱਖ ਦੀ ਗੱਲ ਹੈ ਕਿ ਉਹ ਖੁਦ ਕਪਿਲ ਸ਼ਰਮਾ ਦੇ ਇਕ ਕਾਮੇਡੀ ਸ਼ੋਅ ਦਾ ਹਿੱਸਾ ਸਨ, ਜਿਸ ਨੂੰ ਦੋਹਰੇ ਅਰਥਾਂ, ਗੰਦੇ ਹਵਾਲਿਆਂ ਤੇ ਔਰਤਾਂ ਦੀ ਮਰਿਆਦਾ ਘਟਾਉਣ ਵਾਲੇ ਰਵੱਈਏ ਲਈ ਜਾਣਿਆ ਜਾਂਦਾ ਸੀ। ਸਿੱਧੂ ਨੇ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਮੰਨੇ-ਪ੍ਰਮੰਨੇ ਕਵੀ ਤੇ ਲੇਖਕ ਸੁਰਜੀਤ ਪਾਤਰ ਇਸ ਕਮਿਸ਼ਨ ਦੇ ਮੁਖੀ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਨੂੰ ਸੂਬਾ ਸਰਕਾਰ ਤੋਂ ਅਧਿਕਾਰ ਪ੍ਰਾਪਤ ਹੋਣਗੇ ਤੇ ਕਾਨੂੰਨ ਦੀਆਂ ਧਾਰਾਵਾਂ ਮੁਤਾਬਿਕ ਇਹ ਕਮਿਸ਼ਨ ਅਜਿਹੇ ਗਾਇਕਾਂ ਜਾ ਕਲਾਕਾਰਾਂ ਵਿਰੁੱਧ ਸਖਤ ਕਾਰਵਾਈ ਦਾ ਸੁਝਾਅ ਦੇਵੇਗਾ, ਜੋ ਅਸ਼ਲੀਲ, ਦੋ-ਅਰਥੀ ਤੇ ਹਿੰਸਾ ਨੂੰ ਸ਼ਹਿ ਦੇਣ ਵਾਲੇ ਗੀਤਾਂ ਦੇ ਜ਼ਰੀਏ ਸੂਬੇ ਦੇ ਸੱਭਿਆਚਾਰ ਨੂੰ ਦੂਸ਼ਿਤ ਕਰਦੇ ਹਨ।
ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਕਲਚਰਲ ਕਮਿਸ਼ਨ, ਜਿਸ ਨੂੰ 'ਪੰਜਾਬ ਸੱਭਿਆਚਾਰਕ ਕਮਿਸ਼ਨ' ਦੇ ਨਾਂ ਨਾਲ ਜਾਣਿਆ ਜਾਵੇਗਾ, ਨੂੰ ਪੰਜਾਬੀ ਗੀਤਾਂ 'ਚ ਅਸ਼ਲੀਲਤਾ 'ਤੇ ਰੋਕ ਲਾਉਣ ਦੇ ਨਾਲ-ਨਾਲ ਅਸ਼ਲੀਲ ਗਾਣੇ ਗਾਉਣ ਜਾਂ ਹਿੰਸਾ ਨੂੰ ਸ਼ਹਿ ਦੇਣ ਵਾਲੇ ਗਾਇਕਾਂ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕਰਨ ਦਾ ਹੱਕ ਹੋਵੇਗਾ। ਜੇ ਉਹ ਫਿਰ ਵੀ ਬਾਜ਼ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦਿਆ ਜਾਵੇਗਾ ਤੇ ਅਜਿਹੇ ਗਾਇਕਾਂ ਵਿਰੁੱਧ ਸ਼ਿਕਾਇਤ ਕਰਨ ਦਾ ਬਦਲ ਵੀ ਖੁੱਲ੍ਹਾ ਰਹੇਗਾ।
ਸਿੱਧੂ ਨੇ ਕਿਹਾ ਹੈ ਕਿ ਕਮਿਸ਼ਨ ਕਾਇਮ ਕਰਨ ਦਾ ਮਕਸਦ ਇਕ 'ਸੈਂਸਰ ਬੋਰਡ' ਬਣਾਉਣਾ ਨਹੀਂ ਸਗੋਂ ਅਜਿਹੇ ਗਾਇਕਾਂ ਨਾਲ ਗੱਲ ਕਰਨਾ ਤੇ ਉਨ੍ਹਾਂ ਨੂੰ ਸਮਝਾਉਣਾ ਹੈ, ਹਾਲਾਂਕਿ ਆਈ. ਪੀ. ਸੀ. ਦੀਆਂ ਧਾਰਾਵਾਂ ਲਾਗੂ ਕਰਨਾ ਵੀ ਜ਼ਰੂਰੀ ਹੈ। ਜਿਥੇ ਇਸ ਕਾਰਵਾਈ ਪਿਛਲੇ ਉਦੇਸ਼ ਦੀ ਤਾਰੀਫ ਕੀਤੀ ਜਾ ਰਹੀ ਹੈ, ਉਥੇ ਹੀ ਆਲੋਚਕਾਂ, ਕਲਾਕਾਰਾਂ, ਅਭਿਨੇਤਾਵਾਂ, ਕਵੀਆਂ, ਲੇਖਕਾਂ ਤੇ ਨਾਟਕਕਾਰਾਂ ਨੇ ਸਰਕਾਰ ਦੀ ਕਾਰਵਾਈ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਨਾਲ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ।
ਇੰਟਰਨੈੱਟ ਤੇ ਸੋਸ਼ਲ ਮੀਡੀਆ ਦੇ ਇਸ ਯੁੱਗ 'ਚ ਇਸ ਰੁਝਾਨ ਨੂੰ ਦਬਾਉਣ ਲਈ ਕਾਨੂੰਨ ਲਾਗੂ ਕਰਨ ਦੇ ਯਤਨ ਦਾ ਉਲਟਾ ਅਸਰ ਵੀ ਪੈ ਸਕਦਾ ਹੈ। ਅਜਿਹਾ ਕਰਨਾ ਸੈਂਸਰਸ਼ਿਪ ਵਾਂਗ ਹੀ ਹੋਵੇਗਾ। ਲੋੜ ਇਸ ਗੱਲ ਦੀ ਹੈ ਕਿ ਕਲਾਕਾਰਾਂ ਨੂੰ ਸਮਝਾਉਣ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਅਜਿਹਾ ਕਰਕੇ ਕਮਿਸ਼ਨ ਦੇ ਮੈਂਬਰ ਇਕ ਚੰਗਾ ਕੰਮ ਹੀ ਕਰਨਗੇ।
vipinpubby@gmail.com
ਨਵੇਂ ਭਾਰਤ 'ਚ ਅਨਪੜ੍ਹ ਨੌਨਿਹਾਲ, ਕਿਵੇਂ ਬਦਲੇਗਾ ਦੇਸ਼
NEXT STORY