ਹਾਲ ਹੀ ਦੀਆਂ ਬਿਹਾਰ ਚੋਣਾਂ ’ਚ ਕਾਂਗਰਸ ਦਾ ਖਰਾਬ ਪ੍ਰਦਰਸ਼ਨ, ਜਿਥੇ ਉਹ 243 ਸੀਟਾਂ ਵਾਲੀ ਵਿਧਾਨ ਸਭਾ ’ਚ ਸਿਰਫ 6 ਸੀਟਾਂ ਜਿੱਤ ਸਕੀ, ਉਸ ਦੇ ਹੇਠਾਂ ਜਾਣ ਦੇ ਪੈਟਰਨ ਦਾ ਹਿੱਸਾ ਹੈ, ਕਦੇ-ਕਦੇ ਕੁਝ ਛੋਟੀਆਂ-ਮੋਟੀਆਂ ਗੜਬੜੀਆਂ ਨੂੰ ਛੱਡ ਕੇ ਜੋ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੇ ਫਿਰ ਤੋਂ ਉੱਭਰਨ ਤੋਂ ਇਲਾਵਾ ਦੂਸਰੇ ਕਾਰਣਾਂ ਨਾਲ ਹੋ ਸਕਦੀਆਂ ਹਨ।
ਉਹ ਪਾਰਟੀ, ਜਿਸ ਨੇ ਆਜ਼ਾਦੀ ਦੇ ਪਹਿਲੇ 30 ਸਾਲਾਂ ਤਕ ਬਿਹਾਰ ’ਤੇ ਰਾਜ ਕੀਤਾ ਅਤੇ ਜਿਸ ਨੂੰ ਦੇਸ਼ ਦੇ ਸਭ ਤੋਂ ਪਿਛੜੇ ਸੂਬੇ ਲਈ ਇਕ ਮਜ਼ਬੂਤ ਨੀਂਹ ਰੱਖਣੀ ਚਾਹੀਦੀ ਸੀ, ਆਪਣੇ ਫਤਵੇ ਦਾ ਫਾਇਦਾ ਉਠਾਉਣ ’ਚ ਨਾਕਾਮ ਰਹੀ ਅਤੇ ਉਸ ਨੇ ਹੁਣੇ-ਹੁਣੇ ਆਪਣਾ ਸਭ ਤੋਂ ਖਰਾਬ ਪ੍ਰ੍ਰਦਰਸ਼ਨ ਕੀਤਾ ਹੈ। 2020 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ 19 ਸੀਟਾਂ ਮਿਲੀਆਂ, ਜਦਕਿ 2015 ’ਚ ਉਸ ਨੂੰ 27 ਸੀਟਾਂ ਮਿਲੀਆਂ ਸਨ।
ਕਾਂਗਰਸ ਨੇ ਮਹਾਗੱਠਜੋੜ ਦੇ ਹਿੱਸੇ ਦੇ ਤੌਰ ’ਤੇ 61 ਸੀਟਾਂ ’ਤੇ ਚੋਣ ਲੜੀ ਪਰ ਸਿਰਫ 6 ਸੀਟਾਂ ਹੀ ਜਿੱਤ ਸਕੀ। ਉਸ ਦਾ ਵੋਟ ਸ਼ੇਅਰ 8.46 ਫੀਸਦੀ ’ਤੇ ਸੀਮਿਤ ਰਿਹਾ, ਜਦਕਿ ਪ੍ਰਸ਼ਾਂਤ ਕਿਸ਼ੋਰ ਦੀ ਨਵੀਂ ਆਈ ਜਨ ਸੂਰਾਜ ਪਾਰਟੀ 3.44 ਫੀਸਦੀ ਵੋਟ ਸ਼ੇਅਰ ਹਾਸਲ ਕਰ ਸਕੀ। ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ’ਚ ਜਿੱਤ ਅਤੇ ਹਾਲ ਦੀਆਂ ਲੋਕ ਸਭਾ ਚੋਣਾਂ ’ਚ ਥੋੜ੍ਹੇ ਬਿਹਤਰ ਪ੍ਰਦਰਸ਼ਨ ਨੂੰ ਛੱਡ ਕੇ, ਪਾਰਟੀ ਦੀ ਲਗਾਤਾਰ ਗਿਰਾਵਟ ਨੂੰ ਦੇਖਦੇ ਹੋਏ, ਉਸ ਨੂੰ ਗੰਭੀਰਤਾ ਨਾਲ ਆਤਮਨਿਰੀਖਣ ਅਤੇ ਬਦਲਾਅ ਦੇ ਕੰਮ ’ਤੇ ਲੱਗ ਜਾਣਾ ਚਾਹੀਦਾ ਸੀ ਪਰ ਉਹ ਅਜੇ ਵੀ ਰੇਤ ’ਚ ਸਿਰ ਲੁਕਾਈ ਬੈਠੀ ਹੈ ਅਤੇ ਪਾਰਟੀ ’ਚ ਨਵੀਂ ਜਾਨ ਪਾਉਣ ਦੀ ਕੋਈ ਸੱਚੀ ਕੋਸ਼ਿਸ਼ ਨਹੀਂ ਕਰ ਰਹੀ ਹੈ।
ਹੁਣ ਤਕ ਪਾਰਟੀ ਨੇਤਾਵਾਂ ਨੂੰ ਇਹ ਅਹਿਸਾਸ ਹੋ ਗਿਆ ਹੋਵੇਗਾ ਕਿ ਉਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਹੁਣ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਜੋ ਮੁੱਦੇ ਉਠਾ ਰਹੇ ਹਨ, ਉਹ ਵੋਟਰਾਂ ਨੂੰ ਪਸੰਦ ਨਹੀਂ ਆ ਰਹੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪੈਦਲ ਯਾਤਰਾ ਦਾ ਕੁਝ ਅਸਰ ਹੋਇਆ ਸੀ ਪਰ ਅਜਿਹੀਆਂ ਕੋਸਿਸ਼ਾਂ ਕਦੇ-ਕਦੇ ਅਤੇ ਬਹੁਤ ਘੱਟ ਹੁੰਦੀਆਂ ਹਨ। ਉਹ ਲੰਬੇ ਸਮੇਂ ਤੋਂ ਅੰਡਰਗ੍ਰਾਊਂਡ ਹਨ ਅਤੇ ਪਾਰਟ ਟਾਈਮ ਪੌਲਿਟੀਕਲ ਲੀਡਰ ਦੇ ਤੌਰ ’ਤੇ ਕੰਮ ਕਰ ਰਹੇ ਹਨ।
ਉਨ੍ਹਾਂ ਦੇ ਦਿੱਤੇ ਗਏ ਨਾਅਰੇ ਜਿਵੇਂ ‘ਚੌਕੀਦਾਰ ਚੋਰ ਹੈ’ ਅਤੇ ‘ਵੋਟ ਚੋਰੀ’ ਜ਼ਿਆਦਾ ਅਸਰਦਾਰ ਨਹੀਂ ਰਹੇ ਅਤੇ ਇਹ ਰਾਸ਼ਟਰੀ ਬਹਿਸ ਦੇ ਡਿੱਗਦੇ ਪੱਧਰ ਨੂੰ ਦਿਖਾਉਂਦਾ ਹੈ।
ਨਰਿੰਦਰ ਮੋਦੀ ’ਤੇ ਕਈ ਦੋਸ਼ ਲਗਾਏ ਜਾ ਸਕਦੇ ਹਨ ਪਰ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਨਾਲ ਉਨ੍ਹਾਂ ਨੂੰ ਭ੍ਰਿਸ਼ਟ ਕਹਿਣਾ ਇਕ ਬੇਵਕੂਫੀ ਭਰਿਆ ਵਿਚਾਰ ਸੀ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਅੰਦਰ ਹੀ ਨੇਤਾਵਾਂ ਦਾ ਇਕ ਵੱਡਾ ਗਰੁੱਪ ਇਸ ਦੋਸ਼ ਦੇ ਨਾਲ ਚੋਣ ਕੈਂਪੇਨ ਚਲਾਉਣ ਦੇ ਵਿਚਾਰ ਦੇ ਵਿਰੁੱਧ ਸੀ।
ਇਸੇ ਤਰ੍ਹਾਂ ‘ਵੋਟ ਚੋਰੀ’ ਦਾ ਦੋਸ਼ ਵੀ ਵੋਟਰਾਂ ਨੂੰ ਸਮਝਾਉਣ ’ਚ ਨਾਕਾਮ ਰਿਹਾ। ਬੇਸ਼ੱਕ ਹੀ ਰਾਹੁਲ ਗਾਂਧੀ ਨੇ ਇਸ ਨੂੰ ਇਕ ਬਿਹਤਰੀਨ ਜਾਂਚ ਦੱਸਿਆ ਪਰ ਉਹ ਵੋਟਰ ਲਿਸਟ ’ਚ ਕਥਿਤ ਗੜਬੜੀਆਂ ਨੂੰ ਜਾਂ ਤਾਂ ਨਕਸਲੀ ਪੋਲਿੰਗ ਨਾਲ ਜੋੜਣ ’ਚ ਨਾਕਾਮ ਰਹੇ ਜਾਂ ਇਹ ਨਹੀਂ ਦੱਸ ਸਕੇ ਕਿ ਇਸ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਕਿਵੇਂ ਮਦਦ ਮਿਲੀ।
ਉਨ੍ਹਾਂ ਦਾ ਕਥਿਤ ਹਾਈਡ੍ਰੋਜਨ ਬੰਬ ਵੀ ਬੇਕਾਰ ਸਾਬਿਤ ਹੋਇਆ। ਹਾਲਾਂਕਿ ਉਨ੍ਹਾਂ ਨੇ ਇਕ ਬ੍ਰਾਜੀਲੀਅਨ ਮਾਡਲ ਦੀਆਂ ਤਸਵੀਰਾਂ ਵਾਲੀ ਵੋਟਰ ਰੋਲ ਦੀ ਕਾਪੀ ਦਿਖਾਈ ਪਰ ਉਹ ਇਹ ਸਾਬਿਤ ਨਹੀਂ ਕਰ ਸਕੇ ਕਿ ਅਸਲ ’ਚ ਭਾਜਪਾ ਉਮੀਦਵਾਰ ਦੇ ਪੱਖ ’ਚ ਨਕਲੀ ਵੋਟਾਂ ਪਾਈਆਂ ਗਈਆਂ ਸਨ। ਅਸਲ ’ਚ ਵੱਖ-ਵੱਖ ਮੀਡੀਆ ਪਲੇਟਫਾਰਮ ਦੇ ਪੱਤਰਕਾਰ, ਜੋ ਨਕਲੀ ਵੋਟਰਾਂ ਦੇ ਦੋਸ਼ਾਂ ਦੀ ਜਾਂਚ ਕਰਨ ਗਏ, ਉਨ੍ਹਾਂ ਨੂੰ ਕੋਈ ਵੀ ਨਕਲੀ ਵੋਟ ਨਹੀਂ ਮਿਲਿਆ। ਬੇਸ਼ੱਕ ਇਲੈਕਟ੍ਰੋਲ ਵੋਟਰ ਸ਼ੀਟ ’ਤੇ ਮਾਡਲ ਦੀ ਫੋਟੋ ਸੀ ਪਰ ਉਸੇ ਨੰਬਰ ਵਾਲੇ ਵੋਟਰ ਪਛਾਣ ਪੱਤਰ ’ਤੇ ਅਸਲੀ ਵੋਟਰ ਦੀ ਫੋਟੋ ਸੀ ਅਤੇ ਉਨ੍ਹਾਂ ਨੇ ਆਪਣੀ ਵੋਟ ਪਾਈ ਸੀ।
ਕਾਂਗਰਸ ਅਤੇ ਰਾਹੁਲ ਗਾਂਧੀ ਨੇ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਬਿਹਾਰ ਲਈ ਵੱਡੇ ਪੱਧਰ ’ਤੇ ‘ਵੋਟ ਚੋਰੀ’ ਦੀ ਯੋਜਨਾ ਬਣਾਈ ਗਈ ਸੀ ਪਰ ਇਸ ’ਤੇ ਵੀ ਕੁਝ ਹੀ ਲੋਕ ਯਕੀਨ ਕਰ ਸਕੇ। ਸੂਬੇ ’ਚ ਰਿਕਾਰਡ ਵੋਟਿੰਗ ਅਤੇ ਰਾਜਗ ਨੂੰ ਮਿਲੇ ਵੱਡੇ ਫਤਵੇ ਤੋਂ ਇਹ ਸਾਫ ਹੈ ਕਿ ਵੋਟਰ ਕਾਂਗਰਸ ਨੇਤਾਂ ਦੀਆਂ ਦਲੀਲਾਂ ਤੋਂ ਸਹਿਮਤ ਨਹੀਂ ਸਨ।
ਰਾਹੁਲ ਗਾਂਧੀ ਦੀ ‘ਸੰਵਿਧਾਨ ਬਚਾਓ’ ਕੈਂਪੇਨ ਦਾ ਅਸਰ ਘੱਟ ਹੀ ਹੋਇਆ ਪਰ ਸੱਤਾਧਾਰੀ ਸਰਕਾਰ ਵਲੋਂ ਕੋਈ ਉਲਟੀ ਕਾਰਵਾਈ ਨਾ ਹੋਣ ’ਤੇ ਕੈਂਪੇਨ ਵੀ ਜਾਰੀ ਰੱਖਣ ਦੀ ਉਨ੍ਹਾਂ ਦੀ ਜ਼ਿੱਦ ਨੇ ਕੈਂਪੇਨ ਦੀ ਹਵਾ ਕੱਢ ਦਿੱਤੀ।
ਮੁੱਦਿਆਂ ਦੀ ਚੋਣ ਅਤੇ ਬੇਬੁਨਿਆਦ ਦੋਸ਼ ਲਗਾਉਣ ਦੀ ਆਦਤ ਲੀਡਰਸ਼ਿਪ ਦੀ ਖਰਾਬ ਦਿਖ ਦਿਖਾਉਂਦੀ ਹੈ। ਗਾਂਧੀ ਪਰਿਵਾਰ ਨੂੰ ਸਲਾਹ ਦੇਣ ਵਾਲੇ ਜ਼ਿਆਦਾਤਰ ਨੇਤਾ ਖੁਦ ਨਾਕਾਮ ਨੇਤਾ ਹਨ ਜਾਂ ਉਨ੍ਹਾਂ ਨੇ ਕਦੇ ਚੋਣ ਨਹੀਂ ਲੜੀ। ਜ਼ਾਹਿਰ ਹੈ, ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦੀ ਜਾਣਕਾਰੀ ਨਹੀਂ ਹੈ।
ਕਾਂਗਰਸ ਨੂੰ ਵਾਰ-ਵਾਰ ਆਪਣੇ ਘਰ ਨੂੰ ਠੀਕ ਕਰਨ ਦੀ ਅਪੀਲ ਕਰਨ ’ਤੇ ਵੀ ਕੋਈ ਭਰੋਸੇਮੰਦ ਜਵਾਬ ਨਹੀਂ ਮਿਲਿਆ। ਇਸ ਦੇ ਨੇਤਾਵਾਂ ਦੀ ਖਾਨਦਾਨੀ ਸੋਚ ਪਾਰਟੀ ਨੂੰ ਹੇਠਾਂ ਖਿੱਚ ਰਹੀ ਹੈ, ਜਿਸ ਦੀ ਵਜ੍ਹਾ ਨਾਲ ਕਈ ਕਾਬਿਲ ਨੇਤਾਵਾਂ ਨੂੰ ਵੱਖ ਹੋਣਾ ਪਿਆ ਅਤੇ ਸ਼ਾਇਦ ਹੋਰ ਵੀ ਜਾਣ ਵਾਲੇ ਹਨ।
ਪਾਰਟੀ ਅਤੇ ਇਸ ਦੇ ਨੇਤਾਵਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਇਕੋ-ਇਕ ਸੰਭਾਵਿਤ ਰਾਸ਼ਟਰੀ ਬਦਲ ਦੇ ਤੌਰ ’ਤੇ ਦੇਸ਼ ਦੇ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਹ ਲੋਕਤੰਤਰ ਦੇ ਹਿਤ ’ਚ ਹੈ ਕਿ ਪਾਰਟੀ ਇਕ ਪ੍ਰਭਾਵੀ ਭੂਮਿਕਾ ਨਿਭਾ ਸਕੇ।
-ਵਿਪਿਨ ਪੱਬੀ
‘ਵਧ ਰਿਹਾ ਰਿਸ਼ਵਤਖੋਰੀ ਦਾ ਰੋਗ’ ਕੁਝ ਪਟਵਾਰੀ ਵੀ ਲੈ ਰਹੇ ਹਨ ‘ਰਿਸ਼ਵਤ’!
NEXT STORY